ਭਾਈ ਭਗਤ ਭਗਵਾਨ


ਗੁਰੂ ਹਰਿ ਰਾਇ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਨੂੰ ਤੇਜ਼ ਕਰਨ ਵਾਸਤੇ ਉਤਸ਼ਾਹ ਭਰੇ ਕਈ ਨਵੇਂ ਮਸੰਦ ਅਤੇ ਪ੍ਰਚਾਰਕ ਥਾਪੇ। ਇਨ੍ਹਾਂ ਮਸੰਦਾਂ ਵਿਚ ਭਗਤ ਭਗਵਾਨ ਅਤੇ ਭਾਈ ਫੇਰੂ ਦੇ ਨਾਂ ਬੜੇ ਉਘੇ ਹਨ।

ਭਗਤ ਭਗਵਾਨ ਗਯਾ ਦਾ ਇਕ ਸੰਨਿਆਸੀ ਮਹੰਤ ਸੀ। ਗਯਾ ਵਿਖੇ ਇਸਦਾ ਇਕ ਵੱਡਾ ਡੇਰਾ ਸੀ ਜਿਸ ਦੀਆਂ ਅੱਗੇ 360 ਸ਼ਾਖਾਵਾਂ ਸਨ।

ਭਗਤ ਭਗਵਾਨ ਜਿਸ ਦਾ ਪਹਿਲਾ ਨਾਂ ਭਗਵਾਨ ਗਿਰ ਸੀ ਇਕ ਵਾਰ ਕੀਰਤਪੁਰ ਆਇਆ।

ਗੁਰੂ ਹਰਿ ਰਾਇ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ਗਯਾ ਸ਼ਹਿਰ ਤੋਂ ਚਲਦੇ ਸਮੇਂ ਉਸ ਮਨ ਵਿਚ ਇਹ ਧਾਰਿਆ ਸੀ ਕਿ ਜੇ ਗੁਰੂ ਜੀ ਏਨੇ ਕਲਾਵਾਨ ਹਨ ਤਾਂ ਉਹ ਉਸ ਨੂੰ ਚਤੁਰਭੁਜ ਦੇ ਰੂਪ ਵਿਚ ਦਰਸ਼ਨ ਦੇਣ।

ਜਦ ਉਹ ਆ ਕੇ ਉਨ੍ਹਾਂ ਦੇ ਸਨਮੁੱਖ ਹੋਇਆ ਤਾਂ ਉਨ੍ਹਾਂ ਨੂੰ ਚਤੁਰਭੁਜ ਦੇ ਰੂਪ ਵਿਚ ਵੇਖ ਕੇ ਬੇਹੋਸ਼ ਹੋ ਕੇ ਧਰਤੀ ਤੇ ਡਿਗ ਪਿਆ। ਜਦ ਉਸ ਨੂੰ ਹੋਸ਼ ਆਈ ਤਾਂ ਉਸ ਗੁਰੂ ਜੀ ਨੂੰ ਉਨ੍ਹਾਂ ਦੇ ਅਸਲੀ ਰੂਪ ਵਿਚ ਵੇਖਿਆ। ਉਠ ਕੇ ਚਰਨਾਂ ਤੇ ਢਹਿ ਪਿਆ ਤੇ ਕਹਿਣ ਲੱਗਾ, 'ਮਹਾਰਾਜ! ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣਾ ਸਿੱਖ ਬਣਾ ਲਵੋ'।

ਗੁਰੂ ਜੀ ਨੇ ਕਿਹਾ, 'ਭਗਤ ਭਗਵਾਨ! ਤੂੰ ਜਿਹੜੀ ਆਸ਼ਾ ਲੈ ਕੇ ਆਇਆ ਸੀ ਉਹ ਤਾਂ ਪੂਰੀ ਹੋ ਗਈ। ਪਰ ਜੇ ਤੁਸੀਂ ਹੁਣ ਦੀਖਿਆ ਲੈਣੀ ਹੈ ਤਾਂ ਬਾਬਾ ਸ੍ਰੀ ਚੰਦ ਦੀ ਗਦੀ ਤੇ ਬਿਰਾਜਮਾਨ ਬਾਬਾ ਮੇਹਰ ਚੰਦ ਪਾਸ ਚਲੇ ਜਾਵੋ ਉਹ ਤੁਹਾਨੂੰ ਦੀਖਿਆ ਦੇ ਦੇਣਗੇ।

ਗੁਰੂ ਜੀ ਦੀ ਇਸ ਗੱਲ ਨੂੰ ਪ੍ਰਵਾਨ ਕਰਦਾ ਹੋਇਆ ਭਗਤ ਭਗਵਾਨ ਬਾਬਾ ਮੇਹਰ ਚੰਦ ਪਾਸ ਚਲੇ ਗਿਆ।

ਬਾਬਾ ਜੀ ਨੂੰ ਮੱਥਾ ਟੇਕ ਉਸ ਆਪਣੀ ਸਾਰੀ ਵਾਰਤਾ ਸੁਣਾਈ। ਉਸ ਨੇ ਇਹ ਵੀ ਦੱਸਿਆ ਕਿ ਗਯਾ ਵਿਖੇ ਉਸਦਾ ਬਹੁਤ ਵੱਡਾ ਡੇਰਾ ਹੈ ਅਤੇ ਸੈਂਕੜੇ ਸਾਧੂ ਉਸਦੇ ਚੇਲੇ ਹਨ।

ਬਾਬਾ ਮੇਹਰ ਚੰਦ ਉਸ ਦੀ ਇਹ ਵਾਰਤਾ ਸੁਣ ਕੇ ਹੱਸ ਪਏ। ਉਹ ਕਹਿਣ ਲੱਗੇ,

'ਭਗਤ ਭਗਵਾਨ! ਤੇਰੇ ਵਿਚੋਂ ਹਾਲੇ ਹਉਮੈ ਨਹੀਂ ਗਈ ਹੈ। ਇਕ ਸਾਧੂ ਮੰਡਲੀ ਬਣਾ ਕੇ ਘੁੰਮਦਾ ਫਿਰਦਾ ਏ, ਪਰ ਲੋਭ, ਮੋਹ ਅਤੇ ਹਉਮੈ ਦੇ ਜਾਲ ਵਿਚ ਹਾਲੇ ਰੋਮ ਰੋਮ ਫਸਿਆ ਪਿਆ ਹੈ। ਜੇ ਤੂੰ ਇਨ੍ਹਾਂ ਕਾਮਨਾਵਾਂ ਤੋਂ ਮੁਕਤ ਹੋਣਾ ਚਾਹੁੰਦਾ ਏ ਤਾਂ ਤੈਨੂੰ ਗੁਰੂ ਹਰਿ ਰਾਇ ਜੀ ਪਾਸ ਹੀ ਜਾਣਾ ਚਾਹੀਦਾ ਹੈ। ਇਸ ਰੋਗ ਦਾ ਇਲਾਜ ਮੇਰੇ ਪਾਸ ਨਹੀਂ ਹੈ। ਗੁਰੂ ਜੀ ਪਾਸੋਂ ਹੀ ਨਾਮ ਦਾਨ ਲੈ ਕੇ ਆਪਣਾ ਜੀਵਨ ਸਫਲਾ ਕਰੋ, ਬਾਬਾ ਸ੍ਰੀ ਚੰਦ ਜੀ ਵੀ ਆਪਣੀ ਫ਼ਕੀਰੀ ਗੁਰੂ ਘਰ ਨੂੰ ਦੇ ਗਏ ਹਨ'।

ਬਾਬਾ ਮੇਹਰ ਚੰਦ ਨੂੰ ਮਿਲ ਭਗਤ ਭਗਵਾਨ ਫਿਰ ਗੁਰੂ ਜੀ ਪਾਸ ਕੀਰਤਪੁਰ ਆ ਗਿਆ। ਉਹ ਹੁਣ ਸੱਚੇ ਦਿਲੋਂ ਗੁਰੂ ਦਾ ਸਿੱਖ ਬਣਨਾ ਚਾਹੁੰਦਾ ਸੀ। ਉਸ ਨੇ ਆਪਣੇ ਸਾਰੇ ਸਾਧੂਆਂ ਨੂੰ ਕਿਹਾ,

'ਮੈਂ ਤਾਂ ਹੁਣ ਗੁਰੂ ਦਾ ਸਿੱਖ ਬਣਨਾ ਚਾਹੁੰਦਾ ਹਾਂ ਅਤੇ ਸਾਧੂਆਂ ਵਾਲਾ ਬਾਣਾ ਉਤਾਰ ਦੇਵਾਂਗਾ। ਜਿਹੜੇ ਸਿੱਖ ਬਣਨਾ ਚਾਹੁੰਦੇ ਹਨ ਉਹ ਮੇਰੇ ਨਾਲ ਆ ਜਾਣ, ਜਿਹੜੇ ਸਿੱਖ ਨਹੀਂ ਬਣਨਾ ਚਾਹੁੰਦੇ ਉਹ ਜਿਥੇ ਮਰਜ਼ੀ ਜਾ ਸਕਦੇ ਹਨ'।

ਸਾਧੂਆਂ ਨੂੰ ਇਹ ਆਦੇਸ਼ ਕਰਕੇ ਉਹ ਫਿਰ ਗੁਰੂ ਦੇ ਚਰਨੀਂ ਆ ਲੱਗਾ, 'ਮਹਾਰਾਜ! ਮੇਰੇ ਤੇ ਕਿਰਪਾ ਕਰੋ ਅਤੇ ਮੈਨੂੰ ਨਾਮ ਦਾਨ ਬਖ਼ਸ਼ੋ'।

ਗੁਰੂ ਜੀ ਨੇ ਉਸਨੂੰ ਨਾਮ ਦਾਨ ਬਖ਼ਸ਼ ਕੇ ਨਿਹਾਲ ਕਰ ਦਿੱਤਾ। ਭਗਤ ਭਗਵਾਨ ਦੇ ਮਨ ਦੇ ਕਿਵਾੜ੍ਹ ਖੁਲ੍ਹ ਗਏ। ਉਸ ਦੇ ਅੰਦਰਲੀ ‘ਮੈਂ' ਖ਼ਤਮ ਹੋ ਗਈ।

ਉਸਦਾ ਗੁਰੂ ਘਰ ਨਾਲ ਏਨਾ ਪ੍ਰੇਮ ਹੋਇਆ ਕਿ ਉਹ ਹਰ ਵੇਲੇ ਗੁਰੂ ਜੀ ਦੀ ਮੇਵਾ ਵਿਚ ਹੀ ਹਾਜ਼ਰ ਰਹਿੰਦਾ। ਗੁਰੂ ਸਾਹਿਬ ਉਸਦੀ ਸ਼ਰਧਾ ਵੇਖ ਕੇ ਬਹੁਤ ਨਿਹਾਲ ਹੋਏ।

ਇਕ ਦਿਨ ਗੁਰੂ ਜੀ ਕਹਿਣ ਲੱਗੇ, 'ਭਾਈ ਭਗਵਾਨ! ਅਸੀਂ ਤੇਰੇ ਤੇ ਬਹੁਤ ਪ੍ਰਸੰਨ ਹੋਏ ਹਾਂ, ਅਸੀਂ ਚਾਹੁੰਦੇ ਹਾਂ ਕਿ ਤੂੰ ਸਾਡਾ ਪ੍ਰਚਾਰਕ ਬਣ ਕੇ ਆਪਣੇ ਦੇਸ਼ ਵਿਚ ਜਾਵੇਂ'।

ਭਗਤ ਭਗਵਾਨ ਨੇ ਗੁਰੂ ਜੀ ਦਾ ਹੁਕਮ ਸਿਰ ਮੱਥੇ ਪ੍ਰਵਾਨ ਕੀਤਾ। ਉਸਦੇ ਸਾਰੇ ਚੇਲੇ ਵੀ ਸਿੱਖ ਬਣ ਗਏ ਸਨ।

ਉਹ ਆਪਣੇ ਦੇਸ਼ ਨੂੰ ਚਲਾ ਗਿਆ ਤੇ ਉਤਰ ਪ੍ਰਦੇਸ਼ ਅਤੇ ਬਿਹਾਰ ਵਿਚ ਉਸਨੇ ਤਿੰਨ ਸੌ ਸੱਠ ਸਥਾਨ ਕਾਇਮ ਕੀਤੇ। ਭਗਤ ਭਗਵਾਨ ਦੀ ਗੱਦੀ ਪਟਨੇ ਨੇੜੇ ਦਾਨਪੁਰ ਵਿਚ ਹੈ।

Disclaimer Privacy Policy Contact us About us