ਭਾਈ ਫੇਰੂ


ਭਾਈ ਫੇਰੂ ਲਾਹੌਰ ਜ਼ਿਲੇ ਦੇ ਪਿੰਡ ਅੰਬਵਾੜੀ ਦਾ ਵਸਨੀਕ ਸੀ। ਉਸਦਾ ਪਹਿਲਾ ਨਾਂ ਸੰਗਤ ਸੀ। ਉਹ ਛੋਟੀ ਉਮਰ ਵਿਚ ਹੀ ਫੇਰੀ ਲਾ ਕੇ ਸਾਮਾਨ ਵੇਚਣ ਲੱਗ ਗਿਆ ਸੀ।

ਜਦ ਉਸ ਕੀਰਤਪੁਰ ਗੁਰੂ ਹਰਿ ਰਾਇ ਸਾਹਿਬ ਦੀ ਸ਼ੋਭਾ ਸੁਣੀ ਤਾਂ ਉਸ ਨੇ ਮਨ ਬਣਾਇਆ ਕਿ ਇਹੋ ਫੇਰੀ ਦਾ ਕਿੱਤਾ ਕੀਰਤਪੁਰ ਜਾ ਕੇ ਕੀਤਾ ਜਾਵੇ।

ਕੀਰਤਪੁਰ ਸ਼ਹਿਰ ਉਸ ਸਮੇਂ ਬੜੀਆਂ ਰੌਣਕਾਂ ਰਹਿੰਦੀਆਂ ਸਨ। ਉਸ ਵਿਚਾਰ ਬਣਾਈ ਕਿ ਉਥੇ ਆਮਦਨ ਵੀ ਕਾਫ਼ੀ ਵੱਧ ਜਾਵੇਗੀ। ਉਸ ਨੂੰ ਇਹ ਵੀ ਖਿੱਚ ਸੀ ਕਿ ਗੁਰੂ ਜੀ ਦੇ ਦਰਸਨ ਵੀ ਹੋ ਜਾਇਆ ਕਰਨਗੇ। ਇਸ ਲਈ ਉਹ ਆਪਣਾ ਸਾਮਾਨ ਆਦਿ ਲੈ ਕੇ ਕੀਰਤਪੁਰ ਆ ਵਸਿਆ।

ਏਥੇ ਇਕ ਛੋਟਾ ਜੇਹਾ ਮਕਾਨ ਕਰਾਏ ਤੇ ਲੈ ਲਿਆ। ਏਥੇ ਹੀ ਉਹ ਰੋਜ਼ ਫੇਰੀ ਲਾਉਂਦਾ ਅਤੇ ਉਸ ਨੂੰ ਚੰਗੀ ਆਮਦਨ ਹੋਣ ਲੱਗ ਗਈ।

ਇਥੇ ਹੀ ਭਾਈ ਭਗਤੂ ਗੁਰੂ ਹਰਿ ਰਾਇ ਜੀ ਦੇ ਬੜੇ ਪਿਆਰੇ ਸਿੱਖ ਸਨ। ਉਹ ਗੁਰੂ ਘਰ ਦੇ ਸਾਰੇ ਕੰਮ ਕਾਜ ਦੇ ਇੰਚਾਰਜ ਸਨ।

ਉਨ੍ਹਾਂ ਦਿਨਾਂ ਵਿਚ ਕਣਕ ਦੀ ਵਾਢੀ ਚਲ ਰਹੀ ਸੀ। ਭਾਈ ਭਗਤੂ ਕੁਝ ਮਜ਼ਦੂਰਾਂ ਨੂੰ ਲੈ ਕੇ ਵਾਢੀ ਕਰਵਾ ਰਹੇ ਸਨ।

ਇਕ ਇਨ ਜਦ ਉਹ ਮਜ਼ਦੂਰਾਂ ਵਾਸਤੇ ਪ੍ਰਸ਼ਾਦੇ ਲੈ ਕੇ ਆਏ ਤਾਂ ਕਾਮਿਆਂ ਨੇ ਪ੍ਰਸ਼ਾਦਿਆਂ ਵਲ ਵੇਖ ਕੇ ਕਿਹਾ ਕਿ ਭਾਈ ਜੀ ਸਾਡੀ ਮਿਹਨਤ ਦਾ ਕੁਝ ਖ਼ਿਆਲ ਰਖੋ। ਛਟਾਂਕ ਛਟਾਂਕ ਘਿਉ ਤਾਂ ਨਾਲ ਲਿਆਇਆ ਕਰੋ।

ਉਸ ਸਮੇਂ ਭਾਈ ਫੇਰੂ ਜੀ ਵੀ ਫੇਰੀ ਲਾਉਣ ਜਾ ਰਹੇ ਸਨ। ਕਾਮਿਆਂ ਦੇ ਇਸ ਬਚਨ ਨੂੰ ਉਨ੍ਹਾਂ ਸੁਣ ਲਿਆ। ਉਨ੍ਹਾਂ ਨੇ ਉਥੇ ਹੀ ਆਪਣਾ ਸਾਮਾਨ ਥੱਲੇ ਰੱਖ ਲਿਆ ਤੇ ਘਿਉ ਦੇ ਕੁੱਪੇ ਨੂੰ ਕਾਮਿਆਂ ਦੇ ਪਾਸ ਲੈ ਜਾ ਕੇ ਸਾਰਿਆ ਨੂੰ ਇਕ ਇਕ ਪਲੀ ਘਿਉ ਦੀ ਦਿੱਤੀ। ਸਾਰੇ ਕਾਮੇ ਖ਼ੁਸ਼ ਹੋ ਗਏ।

ਭਾਈ ਭਗਤੂ ਨੇ ਕਿਹਾ, 'ਸੇਠਾ ਜਿਤਨੇ ਤੇਰੇ ਪੈਸੇ ਬਣੇ ਹਨ, ਗੁਰੂ ਦੇ ਖ਼ਜਾਨਿਉ ਲੈ ਲੇਣਾ'। ਇਸ ਤੋਂ ਬਾਅਦ ਭਾਈ ਫੇਰੂ ਆਪਣੇ ਘਰ ਚਲੇ ਗਿਆ। ਵਿਕਰੀ ਵਾਲਾ ਸਾਮਾਨ ਉਸ ਟਿਕਾ ਕੇ ਰੱਖ ਦਿੱਤਾ।

ਪਰ ਅਗਲੇ ਦਿਨ ਜਦ ਫੇਰੀ ਲਾਉਣ ਜਾਣ ਲਈ ਘਿਉ ਦਾ ਕੁੱਪਾ ਫੜਨ ਲੱਗਾ ਤਾਂ ਉਸ ਵੇਖਿਆ ਕਿ ਸਾਰੇ ਕਾਮਿਆਂ ਨੂੰ ਪਲੀ ਪਲੀ ਘਿਉ ਦੇਣ ਦੇ ਬਾਵਜੂਦ ਵੀ ਕੁੱਪੇ ਵਿਚ ਉਨਾਂ ਹੀ ਘਿਉ ਪਿਆ ਸੀ। ਬੂੰਦ ਭਰ ਵੀ ਘਟਿਆ ਨਹੀਂ ਸੀ।

ਉਹ ਇਹ ਅਲੌਕਿਕ ਕ੍ਰਿਆ ਵੇਖ ਕੇ ਬਹੁਤ ਹੈਰਾਨ ਹੋਇਆ। ਉਹ ਸਮਝ ਗਿਆ ਕਿ ਇਹ ਸਭ ਕੁਝ ਗੁਰੂ ਜੀ ਦੀ ਕਿਰਪਾ ਨਾਲ ਹੀ ਹੋਇਆ ਹੈ।

ਉਹ ਉਸੇ ਵੇਲੇ ਭਾਈ ਭਗਤੂ ਪਾਸ ਪੁੱਜਿਆ ਅਤੇ ਉਸ ਨੂੰ ਕਿਹਾ, 'ਮੈਨੂੰ ਵੀ ਮਿਹਰਾਂ ਦੇ ਦਾਤੇ ਨੂੰ ਮਿਲਾੳ। ਅੱਜ ਤੋਂ ਮੈਂ ਫੇਰੀ ਲਾਉਣੀ ਬੰਦ ਕਰ ਦਿੱਤੀ ਹੈ, ਹੁਣ ਮੈਂ ਗੁਰੂ ਦਾ ਹੋ ਗਿਆ ਹਾਂ। ਗੁਰੂ ਜੀ ਦੀ ਸੇਵਾ ਵਿਚ ਹੀ ਬਾਕੀ ਜੀਵਨ ਬਤੀਤ ਕਰਾਂਗਾ'।

ਭਾਈ ਭਗਤੂ ਉਸ ਨੂੰ ਗੁਰੂ ਜੀ ਪਾਸ ਲੈ ਗਿਆ ਅਤੇ ਕਹਿਣ ਲੱਗਾ ਕਿ ਇਹ ਭਾਈ ਸੰਗਤ ਆਪ ਜੀ ਦੀ ਸੇਵਾ ਵਿਚ ਹੀ ਜੀਵਨ ਬਤੀਤ ਕਰਨਾ ਚਾਹੁੰਦਾ ਹੈ।

ਗੁਰੂ ਜੀ ਨੇ ਉਸ ਵੱਲ ਮਿਹਰ ਦੀ ਨਜ਼ਰ ਨਾਲ ਵੇਖਦੇ ਕਿਹਾ, 'ਅੱਜ ਤੋਂ ਅਸੀਂ ਤੇਰਾ ਨਾਂ ਹੀ ਬਦਲ ਦਿੰਦੇ ਹਾਂ, ਕਿਉਂਕਿ ਤੈਨੂੰ ਫੇਰੀ ਲਾਉਂਦਿਆਂ ਪ੍ਰਭੂ ਦੇ ਨਾਮ ਦੀ ਦਾਤ ਮਿਲੀ ਹੈ, ਇਸ ਲਈ ਹੁਣ ਤੋਂ ਤੇਰਾ ਨਾਂ ਹੀ ਭਾਈ ਫੇਰੂ ਹੋ ਗਿਆ। ਤੈਨੂੰ ਲੰਗਰ ਦੀ ਸੇਵਾ ਤੇ ਲਾਇਆ ਜਾਂਦਾ ਹੈ, ਇਹ ਖ਼ਿਆਲ ਰਖਣਾ ਕੋਈ ਭੁੱਖਾ ਨਾ ਜਾਵੇ'।

ਭਾਈ ਫੇਰੂ ਦਿਨ ਰਾਤ ਲੰਗਰ ਵਿਚ ਸੇਵਾ ਕਰਦਾ। ਇਕ ਦਿਨ ਕੁਝ ਸਿੱਖ ਕੁਵੇਲੇ ਆਏ। ਉਸ ਵੇਲੇ ਕੁਝ ਮਿੱਠੇ ਪ੍ਰਸ਼ਾਦੇ ਪਏ ਸਨ ਅਤੇ ਕੁਝ ਤਾਜ਼ੇ ਤਿਆਰ ਹੋ ਰਹੇ ਸਨ। ਉਸ ਨੇ ਕੁਝ ਸੰਗਤ ਨੂੰ ਮਿੱਠੇ ਪ੍ਰਸ਼ਾਦੇ ਵਰਤਾ ਦਿੱਤੇ ਅਤੇ ਕੁਝ ਨੂੰ ਤਾਜ਼ੇ ਪ੍ਰਸ਼ਾਦੇ ਵੰਡ ਦਿੱਤੇ।

ਇਕ ਸਿੱਖ ਨੇ ਹੱਸਦਿਆਂ ਕਹਿ ਦਿੱਤਾ, 'ਭਾਈ ਫੇਰੂ ਤੂੰ ਤਾਂ ਅੱਜ ਲੰਗਰ ਹੀ ਕਾਣਾ ਕਰ ਦਿੱਤਾ ਹੈ'।

ਭਾਈ ਫੇਰੂ ਨੇ ਕਿਹਾ, 'ਗੁਰਸਿੱਖਾ ਮੈਥੋਂ ਭੁੱਲ ਹੋ ਗਈ ਹੈ। ਅੱਗੇ ਤੋਂ ਭਾਵੇ ਮੇਰੀ ਅੱਖ ਕਾਣੀ ਹੋ ਜਾਵੇ ਪਰ ਮੈਂ ਲੰਗਰ ਨਹੀਂ ਕਾਣਾ ਹੋਣ ਦੇਵਾਂਗਾ'।

ਭਾਈ ਫੇਰੂ ਦੀ ਗੱਲ ਵੀ ਸੱਚ ਹੋ ਗਈ। ਉਸ ਦੀ ਇਕ ਅੱਖ ਹੀ ਕਾਣੀ ਹੋ ਗਈ।

ਜਦ ਗੁਰੂ ਹਰਿ ਰਾਇ ਸਾਹਿਬ ਨੂੰ ਉਨ੍ਹਾਂ ਦੀ ਇਕ ਅੱਖ ਖ਼ਰਾਬ ਹੋ ਜਾਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਦੀ ਸੇਵਾ ਨੂੰ ਮੁੱਖ ਰਖਦਿਆਂ ਉਨ੍ਹਾਂ ਨੂੰ ਇਕ ਪੋਥੀ ਅਤੇ ਮਜੀਠਾ ਚੋਲਾ ਦਿੱਤਾ।

ਗੁਰੂ ਸਾਹਿਬ ਨੇ ਕਿਹਾ, 'ਭਾਈ ਫੇਰੂ ਤੇਰੀ ਸੇਵਾ ਤੇ ਅਸੀਂ ਬੜੇ ਪ੍ਰਸੰਨ ਹੋਏ ਹਾਂ। ਤੂੰ ਨਿੱਕੇ ਦੇਸ਼ ਚਲੇ ਜਾ ਤੇ ਸਿੱਖੀ ਦਾ ਪ੍ਰਚਾਰ ਕਰ। ਤੈਨੂੰ ਕਿਸੇ ਗੱਲ ਦੀ ਤੋਟ ਨਹੀਂ ਆਵੇਗੀ। ਹੱਥ ਤੇਰਾ ਹੋਵੇਗਾ ਖੀਸਾ ਮੇਰਾ ਹੋਵੇਗਾ'।

ਭਾਈ ਫੇਰੂ ਨਾਮ ਦਾਨ ਅਤੇ ਸਿੱਖੀ ਦਾ ਪ੍ਰਚਾਰ ਕਰਨ ਲੱਗਾ। ਉਸ ਨੇ ਅਤੁੱਟ ਲੰਗਰ ਲਾ ਦਿੱਤਾ ਅਤੇ ਉਸ ਨੂੰ ਕਿਸੇ ਗੱਲ ਦੀ ਕਮੀ ਨਾ ਰਹੀ।

Disclaimer Privacy Policy Contact us About us