ਭਾਈ ਗੌਰਾ


ਭਾਈ ਭਗਤੂ ਦੇ ਦੋ ਪੁੱਤਰ ਸਨ। ਵੱਡੇ ਪੁੱਤਰ ਦਾ ਨਾਂ ਭਾਈ ਗੌਰਾ ਸੀ ਤੇ ਛੋਟੇ ਪੁੱਤਰ ਦਾ ਨਾਂ ਭਾਈ ਜੀਵਨ ਸੀ।

ਭਾਈ ਗੌਰਾ ਬੜਾ ਸੂਰਬੀਰ ਸੀ। ਉਹ ਸਦਾ ਆਪਣੇ ਨਾਲ ਪੰਜ ਸੌ ਹਥਿਆਰਬੰਦ ਜਵਾਨ ਰੱਖਦਾ। ਉਹ ਸਦਾ ਗੁਰੂ ਜੀ ਦੇ ਨੇੜੇ ਤੇੜੇ ਰਹਿੰਦਾ ਤਾਂਕਿ ਗੁਰੂ ਸਾਹਿਬ ਦੀ ਰਖਿਆ ਕੀਤੀ ਜਾ ਸਕੇ।

ਭਾਈ ਗੌਰਾ ਤੇ ਭਾਈ ਜੀਵਨ ਆਪਣੀ ਮਤ੍ਰੇਈ ਮਾਂ ਨੂੰ ਮਾਂ ਵਾਂਗ ਹੀ ਪਿਆਰ ਕਰਦੇ ਸਨ।

ਇਕ ਦਿਨ ਗੁਰੂ ਹਰਿ ਰਾਇ ਸਾਹਿਬ ਦੇ ਚੋਬਦਾਰ ਭਾਈ ਜੱਸਾ ਨੇ ਉਨ੍ਹਾਂ ਦੀ ਮਤ੍ਰੇਈ ਮਾਂ ਨਾਲ ਵਿਆਹ ਕਰਨ ਦੀ ਗੱਲ ਛੇੜ ਦਿੱਤੀ।

ਜਦ ਭਾਈ ਗੌਰਾ ਨੇ ਇਹ ਸੁਣਿਆ ਤਾਂ ਉਸ ਗੁੱਸੇ ਵਿਚ ਆ ਕੇ ਭਾਈ ਜੱਸੇ ਦਾ ਕਤਲ ਕਰ ਦਿੱਤਾ।

ਗੁਰੂ ਜੀ ਨੇ ਇਸ ਗੱਲ ਦਾ ਗੁੱਸਾ ਕੀਤਾ ਅਤੇ ਕਿਹਾ ਕਿ ਭਾਈ ਗੌਰੇ ਨੂੰ ਇਸ ਕਤਲ ਦੀ ਸਜ਼ਾ ਮਿਲਣੀ ਚਾਹੀਦੀ ਹੈ।

ਭਾਈ ਗੌਰਾ ਇਸ ਕੁਕਰਮ ਤੇ ਬਹੁਤ ਪਛਤਾਇਆ। ਉਹ ਕਿਸੇ ਤਰ੍ਹਾਂ ਵੀ ਗੁਰੂ ਸਾਹਿਬ ਤੋਂ ਮੁਆਫ਼ੀ ਲੈਣਾ ਚਾਹੁੰਦਾ ਸੀ।

ਗੁਰੂ ਸਾਹਿਬ ਜਿਥੇ ਵੀ ਜਾਂਦੇ ਸਨ, ਉਹ ਪਿਛੇ ਪਿਛੇ ਰਹਿੰਦਾ ਸੀ। ਗੁਰੂ ਜੀ ਦੇ ਘੋੜਿਆਂ ਨੂੰ ਘਾਹ ਖੋਤ ਕੇ ਪਾਉਂਦਾ ਸੀ।

ਇਕ ਵਾਰੀ ਗੁਰੂ ਸਾਹਿਬ ਆਪਣੀਆਂ ਫ਼ੌਜਾਂ ਸਮੇਤ ਦੁਆਬੇ ਦੇ ਇਲਾਕੇ ਵਿਚ ਗਏ ਹੋਏ ਸਨ। ਗੁਰੂ ਦੇ ਮਹਿਲ ਅਤੇ ਸਾਹਿਬਜ਼ਾਦੇ ਇਕੱਲੇ ਹੀ ਸਨ।

ਫ਼ੌਜ ਨਾ ਵੇਖ ਕੇ ਮੁਖਲਿਸ ਖਾਂ ਦੇ ਪੋਤਰੇ ਕਾਸਮ ਬੇਗ ਨੇ ਕੈਂਪ ਤੇ ਹਮਲਾ ਕਰ ਦਿੱਤਾ।

ਭਾਈ ਗੌਰਾ ਅਤੇ ਉਸ ਦੇ ਸਾਥੀ ਝੱਟ ਹੁਸ਼ਿਆਰ ਹੋ ਗਏ ਅਤੇ ਉਨ੍ਹਾਂ ਫ਼ੌਜ਼ ਦਾ ਡਟ ਕੇ ਮੁਕਾਬਲਾ ਕੀਤਾ।

ਫ਼ੌਜ ਨੂੰ ਮੂੰਹ ਦੀ ਖਾਣੀ ਪਈ ਅਤੇ ਸਭ ਤਿਤਰ ਬਿਤਰ ਹੋ ਗਏ।

ਮਾਤਾ ਸੁਲੱਖਣੀ ਨੇ ਇਹ ਸਾਰੀ ਜੰਗ ਆਪਣੀ ਅੱਖੀਂ ਵੇਖੀ ਸੀ। ਉਨ੍ਹਾਂ ਨੇ ਗੁਰੂ ਸਾਹਿਬ ਦੇ ਵਾਪਿਸ ਆਉਣ ਉਤੇ ਉਨ੍ਹਾਂ ਨੂੰ ਸਾਰੀ ਗੱਲ ਦੱਸ ਦਿੱਤੀ।

ਗੁਰੂ ਸਾਹਿਬ ਭਾਈ ਗੌਰਾ ਦੀ ਬਹਾਦਰੀ ਤੇ ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਨੇ ਉਸ ਨੂੰ ਮੁਆਫ਼ ਕਰ ਦਿੱਤਾ।

Disclaimer Privacy Policy Contact us About us