ਭਾਈ ਜੀਵਨ


ਭਾਈ ਭਗਤੂ ਦੇ ਦੂਸਰੇ ਪੁੱਤਰ ਭਾਈ ਜੀਵਨ ਨੇ ਇਸ ਤੋਂ ਵੱਧ ਕੁਰਬਾਨੀ ਕੀਤੀ। ਇਕ ਵਾਰ ਜਦ ਗੁਰੂ ਸਾਹਿਬ ਕਰਤਾਰਪੁਰ ਆਏ ਹੋਏ ਸਨ ਤਾਂ ਇਕ ਬ੍ਰਾਹਮਣ ਦੇ ਨੌਜਵਾਨ ਲੜਕੇ ਦੀ ਮੌਤ ਹੋ ਗਈ।

ਉਹ ਬਹੁਤ ਰੌਣ ਕੁਰਲਾਉਣ ਲੱਗੇ। ਕੁਝ ਬ੍ਰਾਹਮਣਾਂ ਨੇ ਉਨ੍ਹਾਂ ਨੂੰ ਕਿਹਾ ਕਿ ਕਰਤਾਰਪੁਰ ਦੇ ਬਾਹਰ ਗੁਰੂ ਹਰਿ ਰਾਇ ਸਾਹਿਬ ਆਏ ਹਨ।

ਕਹਿੰਦੇ ਹਨ ਉਨ੍ਹਾਂ ਵਿਚ ਬੜੀਆਂ ਸ਼ਕਤੀਆਂ ਹਨ, ਤੁਸੀਂ ਆਪਣੇ ਬੱਚੇ ਨੂੰ ਉਨ੍ਹਾਂ ਪਾਸ ਲੈ ਜਾਉ। ਜੇ ਉਨ੍ਹਾਂ ਵਿਚ ਕੋਈ ਸ਼ਕਤੀ ਹੋਵੇਗੀ ਤਾਂ ਉਹ ਬੱਚੇ ਨੂੰ ਜੀਵਤ ਕਰ ਦੇਣਗੇ, ਜੇ ਨਹੀਂ ਹੋਵੇਗੀ ਤਾਂ ਇਹ ਤਾਂ ਪਤਾ ਲੱਗ ਜਾਵੇਗਾ ਕਿ ਉਹ ਕੇਵਲ ਪਾਖੰਡ ਜੀ ਕਰ ਰਹੇ ਹਨ।

ਬ੍ਰਾਹਮਣ ਗੁਰੂ ਘਰ ਨੂੰ ਬਦਨਾਮ ਕਰਨ ਵਾਸਤੇ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਸਨ।

ਉਨ੍ਹਾਂ ਬ੍ਰਾਹਮਣਾਂ ਦੀ ਸਲਾਹ ਮੰਨ ਕੇ ਉਹ ਆਪਣੇ ਬੱਚੇ ਦੀ ਲਾਸ਼ ਦਰਬਾਰ ਵਿਚ ਲੈ ਗਿਆ ਅਤੇ ਰੋਣ ਕੁਰਲਾਉਣ ਲੱਗ ਗਿਆ। ਸੰਗਤ ਵੀ ਪਸੀਜ ਗਈ। ਕਈ ਕਹਿਣ ਲੱਗੇ ਗੁਰੂ ਜੀ ਨੂੰ ਬੱਚਾ ਜੀਵਤ ਕਰਨਾ ਚਾਹੀਦਾ ਹੈ।

ਜਦ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕਿਹਾ,

'ਦੂਸਰੇ ਦੀ ਭਲਾਈ ਕੇਵਲ ਇੱਛਿਆ ਕਰਨ ਨਾਲ ਨਹੀਂ ਹੋ ਜਾਂਦੀ, ਇਸ ਵਾਸਤੇ ਕੁਰਬਾਨੀ ਦੇਣੀ ਪੈਂਦੀ ਹੈ। ਜਿਹੜਾ ਸਿੱਖ ਬ੍ਰਾਹਮਣ ਦੇ ਬੱਚੇ ਨੂੰ ਜੀਵਤ ਨਾ ਕਰਨ ਵਿੱਚ ਗੁਰੂ ਘਰ ਦੀ ਹੇਠੀ ਸਮਝਦਾ ਹੈ, ਉਹ ਜਾਨ ਦੇ ਬਦਲੇ ਜਾਣ ਦੇਵੇ'।

ਗੁਰੂ ਸਾਹਿਬ ਦੀ ਇਹ ਗੱਲ ਸੁਣ ਕੇ ਭਾਈ ਜੀਵਨ ਦੀਵਾਨ ਵਿਚੋਂ ਉਠ ਕੇ ਚਲਾ ਗਿਆ ਅਤੇ ਬਾਹਰ ਇਕਾਂਤ ਵਿਚ ਅਰਦਾਸ ਕਰਕੇ ਪ੍ਰਾਣ ਚੜ੍ਹਾ ਗਿਆ।

ਗੁਰੂ ਜੀ ਨੇ ਭਾਈ ਜੀਵਨ ਦੀ ਇਸ ਕੁਰਬਾਨੀ ਦੀ ਬਹੁਤ ਸ਼ਲਾਘਾ ਕੀਤੀ। ਬ੍ਰਾਹਮਣ ਦਾ ਬੱਚਾ ਜੀਵਤ ਹੋ ਗਿਆ।

Disclaimer Privacy Policy Contact us About us