ਰਾਜਿਆਂ ਦਾ ਟਕੇ ਵਸੂਲਣਾ


ਗੁਰੂ ਹਰਿ ਰਾਇ ਸਾਹਿਬ ਆਪਣਾ ਸਾਰਾ ਸਮਾਂ ਸਿੱਖੀ ਦੇ ਪ੍ਰਚਾਰ ਵਲ ਲਾਉਣ ਲੱਗੇ। ਆਪ ਦੋਵੇ ਵੇਲੇ ਦੀਵਾਨ ਸਜਾਉਂਦੇ ਜਿਸ ਵਿਚ ਗੁਰਬਾਣੀ ਦਾ ਕੀਰਤਨ ਤੇ ਵਿਆਖਿਆ ਹੁੰਦੀ।

ਗੁਰੂ ਜੀ ਸੰਗਤਾਂ ਨੂੰ ਸਿੱਖੀ ਜੀਵਨ ਜਾਚ ਦਸਦੇ ਤੇ ਸਿੱਖਾਂ ਦੇ ਸ਼ੰਕੇ ਨਵਿਰਤ ਕਰਦੇ। ਆਪ ਨੇ ਪੰਜਾਬ ਦੇ ਸਭਨਾਂ ਇਲਾਕਿਆਂ ਦਾ ਰਟਨ ਕੀਤਾ ਅਤੇ ਸੰਗਤਾਂ ਨੂੰ ਨਾਮ ਦਾਨ ਬਖ਼ਸ਼ਿਆ। ਆਪ ਦੇ ਪਰਚਾਰ ਨਾਲ ਸਿੱਖੀ ਦਾ ਦੂਰ ਦੂਰ ਤਕ ਪਸਾਰ ਹੋਇਆ।

ਆਪ ਦਾ ਵੱਧਦਾ ਪ੍ਰਤਾਪ ਵੇਖ ਕੇ ਕੀਰਤਪੁਰ ਦੇ ਆਲੇ ਦੁਆਲੇ ਦੇ ਗੁਆਂਢੀ ਪਹਾੜੀ ਰਾਜੇ ਬੜੇ ਔਖੇ ਹੋਣ ਲੱਗੇ।

ਬ੍ਰਾਹਮਣਾਂ ਨੇ ਉਨ੍ਹਾਂ ਨੂੰ ਭੜਕਾਇਆ ਕਿ ਗੁਰੂ ਹਿੰਦੂ ਧਰਮ ਨੂੰ ਢਾਹ ਲਾ ਰਿਹਾ ਹੈ। ਸ਼ੂਦਰਾਂ ਨੂੰ ਵਡਿਆ ਕੇ ਉਹ ਬ੍ਰਾਹਮਣਾਂ ਤੇ ਖੱਤਰੀਆਂ ਦਾ ਘੋਰ ਅਪਮਾਨ ਕਰ ਰਿਹਾ ਹੈ।

ਉਸ ਨੇ ਫ਼ੌਜ ਵੀ ਰਖੀ ਹੋਈ ਹੈ ਤਾਂ ਜੋ ਮੌਕਾ ਵੇਖ ਕੇ ਤੁਹਾਡਾ ਰਾਜ ਆਪਣੇ ਅਧਿਕਾਰ ਵਿਚ ਕਰ ਲਵੇ।

ਬ੍ਰਾਹਮਣਾਂ ਦੇ ਪ੍ਰਚਾਰ ਨਾਲ ਰਾਜੇ ਭੜਕ ਉਠੇ, ਦੋ ਰਾਜੇ ਵੱਡੀ ਸਾਰੀ ਫ਼ੌਜ ਲੈ ਕੇ ਕੀਰਤਪੁਰ ਆ ਡਟੇ।

ਉਨ੍ਹਾਂ ਦੀ ਨੀਯਤ ਸੀ ਕਿ ਗੁਰੂ ਜੀ ਕੋਲੋਂ ਟਕੇ ਵਸੂਲ ਕਰੀਏ ਤੇ ਉਨ੍ਹਾਂ ਦੇ ਪੈਰੇਦਾਰਾਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਹੇਠੀ ਕਰਾਈਏ। ਜੇ ਟਕੇ ਨਾ ਭਰਨ ਤਾਂ ਉਨ੍ਹਾਂ ਨੂੰ ਕੀਰਤਪੁਰੋਂ ਕੱਢ ਦੇਈਏ।

ਅਜਿਹਾ ਮਤਾ ਪਕਾ ਕੇ ਉਹ ਗੁਰੂ ਜੀ ਦੇ ਦਰਬਾਰ ਵਿਚ ਪਹੁੰਚੇ। ਵਿਖਾਵੇ ਦੇ ਤੌਰ ਤੇ ਉਨ੍ਹਾਂ ਨੇ ਸਤਿਕਾਰ ਪ੍ਰਗਟ ਕਰਦੇ ਹੋਏ ਮੱਥਾ ਟੇਕਿਆ ਤੇ ਗੁਰੂ ਜੀ ਦੇ ਕੋਲ ਬੈਠ ਗਏ।

ਜਾਣੀ ਜਾਣ ਗੁਰੂ ਜੀ ਉਨ੍ਹਾਂ ਦੇ ਦਿਲ ਦੀ ਗੱਲ ਸਮਝ ਗਏ। ਆਪ ਨੇ ਆਪਣੇ ਸੁਭਾਵਕ ਮਿੱਠੇ ਲਹਿਜੇ ਵਿਚ ਉਨ੍ਹਾਂ ਨੂੰ ਕਿਹਾ, 'ਰਾਜੇ ਮਹਾਰਾਜੇ ਫ਼ਕੀਰਾਂ ਪਾਸੋਂ ਟਕੇ ਨਹੀਂ ਉਗਰਾਹਿਆ ਕਰਦੇ। ਜੇ ਤੁਹਾਡੀ ਅਭਿਲਾਖਾ ਹੋਵੇ ਤਾਂ ਅਸੀਂ ਤੁਹਾਨੂੰ ਨਾਮ ਧਨ ਦੇ ਸਕਦੇ ਹਾਂ ਜੋ ਸੱਚਾ ਧਨ ਹੈ ਅਤੇ ਪਰਲੋਕ ਵਿਚ ਵੀ ਕੰਮ ਆਉਂਦਾ ਹੈ'।

ਗੁਰੂ ਜੀ ਦੇ ਬਚਨ ਸੁਣ ਕੇ ਰਾਜਿਆਂ ਦੇ ਕਪਾਟ ਖੁਲ੍ਹ ਗਏ। ਉਹ ਗੁਰੂ ਜੀ ਦੇ ਚਰਨਾਂ ਤੇ ਢਹਿ ਪਏ ਤੇ ਹੱਥ ਜੋੜ ਕੇ ਜਾਚਨਾ ਕਰਨ ਲੱਗੇ ਕਿ ਸਾਨੂੰ ਸਿੱਖੀ ਦੀ ਦਾਤ ਬਖ਼ਸ਼ੋ।

ਗੁਰੂ ਜੀ ਉਨ੍ਹਾਂ ਨੂੰ ਗੁਰਮੱਤ ਦੀ ਸਿੱਖਿਆ ਦਿੱਤੀ ਤੇ ਉਪਦੇਸ਼ ਕੀਤਾ ਕਿ ਨਾਮ ਜਪੋ, ਵਿਕਾਰਾਂ ਦਾ ਤਿਆਗ ਕਰੋ ਤੇ ਪਰਜਾ ਨਾਲ ਸੰਤਾਨ ਵਾਲਾ ਸਲੂਕ ਕਰੋ।

ਐਸ਼ ਵਿਲਾਸਤਾ ਛੱਡ ਕੇ ਲੋਕ ਭਲਾਈ ਵਲ ਲੱਗੋ। ਤਾਲ ਅਤੇ ਖੂਹ ਬਣਵਾਉ। ਪੁਲ ਉਸਾਰੋ। ਧਰਮਸ਼ਾਲਾਂ ਖੋਲ੍ਹੋ। ਲੋਕਾਂ ਨੂੰ ਵਿਦਿਆ ਦਾ ਦਾਨ ਦਿਉ, ਸੱਚ ਧਰਮ ਦੀ ਸੋਝੀ ਕਰਾਉ।

ਰਾਜਿਆਂ ਉੱਤੇ ਗੁਰੂ ਜੀ ਦੀ ਸਿੱਖਿਆਂ ਦਾ ਬੜਾ ਪ੍ਰਭਾਵ ਪਿਆ। ਉਨ੍ਹਾਂ ਨੇ ਗੁਰੂ ਜੀ ਨੂੰ ਭਰੋਸਾ ਦੁਆਇਆ ਕਿ ਉਹ ਉਨ੍ਹਾਂ ਦੀ ਸਿੱਖਿਆ ਤੇ ਚਲਣ ਦਾ ਪੂਰਾ ਪੂਰਾ ਜਤਨ ਕਰਨਗੇ।

Disclaimer Privacy Policy Contact us About us