ਬਾਬਾ ਗੁਰਦਿੱਤਾ ਜੀ ਦਾ ਗਾਂ ਨੂੰ ਜੀਵਤ ਕਰਨਾ


ਜਦ ਬਾਲਕ ਗੁਰੂ ਜੀ ਚਾਰ ਸਾਲ ਦੇ ਹੋਏ ਤਾਂ ਇਕ ਵੱਡੀ ਦੁਰਘਟਨਾ ਵਾਪਰ ਗਈ। ਬਾਬਾ ਗੁਰਦਿੱਤਾ ਜੀ ਪਹਾੜਾਂ ਵਿਚ ਸਿੱਖੀ ਦਾ ਪ੍ਰਚਾਰ ਵੀ ਕਰ ਰਹੇ ਸਨ। ਲੋਕਾਂ ਵਿਚ ਦਲੇਰੀ ਪੈਦਾ ਕਰਨ ਹਿਤ ਉਹ ਰੋਜ਼ ਜੰਗਲ ਵਿਚ ਸ਼ਿਕਾਰ ਖੇਡਣ ਜਾਂਦੇ ਸਨ।

ਇਕ ਦਿਨ ਜਦ ਉਹ ਸ਼ਿਕਾਰ ਖੇਡਣ ਗਏ ਤਾਂ ਉਨ੍ਹਾਂ ਦੇ ਇਕ ਸਾਥੀ ਦੀ ਬੰਦੂਕ ਚਲਣ ਨਾਲ ਇਕ ਗਾਂ ਮਾਰੀ ਗਈ।

ਇਸ ਗਾਂ ਦਾ ਮਾਲਕ ਬਹੁਤ ਗਰੀਬ ਵਿਅਕਤੀ ਸੀ। ਉਹ ਮਰੀ ਹੋਈ ਗਾਂ ਨੂੰ ਵੇਖ ਕੇ ਰੋਣ ਕੁਰਲਾਉਣ ਲੱਗ ਗਿਆ।

ਬਾਬਾ ਗੁਰਦਿੱਤਾ ਜੀ ਬੜੇ ਸਖੀ ਦਿਲ ਦੇ ਮਾਲਕ ਸਨ, ਉਨ੍ਹਾਂ ਪਾਸੋਂ ਉਸ ਵਿਅਕਤੀ ਦਾ ਦੁੱਖ ਬਰਦਾਸ਼ਤ ਨਾ ਹੋਇਆ, ਉਨ੍ਹਾਂ ਆਪਣੀ ਆਤਮਕ ਸ਼ਕਤੀ ਵਰਤ ਕੇ ਗਾਂ ਨੂੰ ਜੀਵਤ ਕਰ ਦਿੱਤਾ।

ਬਾਬਾ ਜੀ ਦੀ ਇਸ ਕਰਾਮਾਤ ਨੂੰ ਵੇਖ ਕੇ ਉਨ੍ਹਾਂ ਦੇ ਸਾਥੀ ਸਿੱਖ ਬਹੁਤ ਖ਼ੁਸ਼ ਹੋਏ। ਏਡੀ ਵੱਡੀ ਖ਼ੁਸ਼ਖਬਰੀ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਿਵੇਂ ਨਾ ਸੁਣਾਉਂਦੇ।

ਉਨ੍ਹਾਂ ਜੋ ਕੁਝ ਵੇਖਿਆ ਸੀ ਸਭ ਕੁਝ ਬੜੀ ਖ਼ੁਸ਼ੀ ਨਾਲ ਗੁਰੂ ਜੀ ਨੂੰ ਜਾ ਸੁਣਾਇਆ। ਪਰ ਗੁਰੂ ਜੀ ਉਨ੍ਹਾਂ ਦੀ ਇਹ ਗੱਲ ਸੁਣ ਕੇ ਖ਼ੁਸ਼ ਨਾ ਹੋਏ।

ਉਨ੍ਹਾਂ ਉਸੇ ਵੇਲੇ ਬਾਬਾ ਗੁਰਦਿੱਤਾ ਜੀ ਨੂੰ ਬੁਲਾਇਆ ਅਤੇ ਕਿਹਾ, 'ਇਹ ਤੁਸੀਂ ਕੀ ਕੀਤਾ ਹੈ? ਤੁਸੀਂ ਪਰਮਾਤਮਾ ਦੇ ਸ਼ਰੀਕ ਕਿਵੇਂ ਬਣ ਗਏ ਹੋ? ਕਿਸੇ ਨੂੰ ਮਾਰਨਾ ਜਾਂ ਜੀਵਤ ਕਰਨਾ ਪ੍ਰਭੂ ਦੇ ਹੱਥ ਵਿਚ ਹੈ। ਕਰਾਮਾਤ ਕਹਿਰ ਦਾ ਨਾਂ ਹੈ'।

ਬਾਬਾ ਗੁਰਦਿੱਤਾ ਜੀ ਨੇ ਗੁਰੂ ਜੀ ਦੇ ਜਦ ਇਹ ਬਚਨ ਸੁਣੇ ਤਾਂ ਉਹ ਬਹੁਤ ਦੁੱਖੀ ਹੋਏ। ਉਹ ਕਿਸੇ ਨੂੰ ਦੱਸੇ ਬਗੈਰ ਹੀ ਬੁਢਣ ਸ਼ਾਹ ਦੀ ਸਮਾਧ ਲਾਗੇ ਜਾ ਕੇ ਬੈਠ ਗਏ ਅਤੇ ਬਾਬਾ ਅੱਟਲ ਰਾਏ ਜੀ ਵਾਂਗ ਆਪਣੇ ਸਵਾਸ ਚੜ੍ਹਾ ਗਏ।

ਗੁਰੂ ਜੀ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਆਦੇਸ਼ ਕੀਤਾ।

(ਗੁਰੂ) ਹਰਿ ਰਾਇ ਜੀ ਨੇ ਇਸ ਘਟਨਾ ਨੂੰ ਬੜੇ ਗਹੁ ਨਾਲ ਵੇਖਿਆ ਅਤੇ ਵਿਚਾਰਿਆ।

Disclaimer Privacy Policy Contact us About us