ਬਾਬਾ ਧੀਰ ਮਲ


ਬਾਲਕ (ਗੁਰੂ) ਹਰਿ ਰਾਏ ਸਾਹਿਬ ਦੇ ਵੱਡੇ ਭਰਾ ਬਾਬਾ ਧੀਰ ਮਲ ਸਨ। ਬਾਬਾ ਧੀਰ ਮਲ ਦਾ ਜਨਮ ਜਨਵਰੀ 1626 ਈ: ਨੂੰ ਹੋਇਆ।

ਉਨ੍ਹਾਂ ਦੀ ਮਾਤਾ ਰਾਜ ਕੌਰ ਨੇ ਜਦ ਪੁੱਤਰ ਦੀ ਦਾਤ ਦੀ ਮੰਗ ਕੀਤੀ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫ਼ਰਮਾਇਆ ਕਿ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਰਹੋ।

ਪਰ ਕਿਹਾ ਜਾਂਦਾ ਹੈ ਮਾਤਾ ਰਾਜ ਕੌਰ ਮਾਇਆ ਵਿਚ ਹੀ ਵਿਚਰਦੀ ਰਹੀ। ਇਸ ਲਈ ਬਾਬਾ ਧੀਰ ਮਲ ਜੀ ਪੈਦਾ ਹੋਏ ਤਾਂ ਉਹ ਜਨਮ ਤੋਂ ਹੀ ਬੜੇ ਚੰਚਲ, ਹੁਸ਼ਿਆਰ ਅਤੇ ਲੋਭੀ ਸਨ।

ਜਦ ਗੁਰੂ ਹਰਿਗੋਬਿੰਦ ਜੀ ਨੂੰ ਆਪਣੇ ਪੋਤਰੇ ਦੇ ਜਨਮ ਦਾ ਪਤਾ ਲੱਗਾ ਤਾਂ ਉਹ ਕਰਤਾਰਪੁਰ ਆਏ। ਆਪਣੇ ਪੋਤਰੇ ਨੂੰ ਵੇਖਦੇ ਸਾਰ ਹੀ ਉਨ੍ਹਾਂ ਨੇ ਕਹਿ ਦਿੱਤਾ, 'ਇਹ ਤਾਂ ਪ੍ਰਿਥੀ ਚੰਦ ਮੇਰੇ ਤਾਇਆ ਜੀ ਦਾ ਹੀ ਰੂਪ ਧਾਰ ਕੇ ਆ ਗਏ ਹਨ'।

ਬਾਲਕ ਨੂੰ ਚੰਚਲ ਵੇਖ ਕੇ ਉਸਦਾ ਨਾਂ ਧੀਰ ਮਲ ਰੱਖ ਦਿੱਤਾ ਤਾਂਕਿ ਇਸ ਨੂੰ ਕੁਝ ਧੀਰਜ ਆ ਸਕੇ। ਗੁਰੂ ਸਾਹਿਬ ਜੀ ਦੇ ਵਾਕ ਸੱਚੇ ਸਾਬਿਤ ਹੋਏ ਜਦ ਵੱਡਾ ਹੋ ਕੇ ਆਪ ਹੁਦਰਾ, ਕਪਟੀ ਅਤੇ ਲੋਭੀ ਸੁਭਾਅ ਦਾ ਨਿਕਲਿਆ।

ਵੱਡਾ ਹੋ ਕੇ ਉਹ ਕਰਤਾਰਪੁਰ ਹੀ ਵਸ ਗਿਆ ਅਤੇ ਸ਼ਹਿਜ਼ਾਦਿਆਂ ਵਾਲੀ ਠਾਠ ਬਾਠ ਨਾਲ ਰਹਿਣ ਲੱਗਾ। ਉਹ ਕਿਸੇ ਦੀ ਵੀ ਪ੍ਰਵਾਹ ਨਹੀਂ ਸੀ ਕਰਦਾ।

ਜਦ ਬਾਬਾ ਗੁਰਦਿੱਤਾ ਜੀ ਕੀਰਤਪੁਰ ਵਿਖੇ ਆਪਣੇ ਸਵਾਸ ਚੜ੍ਹਾ ਗਏ ਤਾਂ ਉਨ੍ਹਾਂ ਨੂੰ ਕੀਰਤਪੁਰ ਪੁੱਜਣ ਲਈ ਸੁਨੇਹੇ ਭੇਜੇ ਗਏ, ਪਰ ਉਹ ਕਿਸੇ ਵੀ ਹਾਲਤ ਵਿਚ ਕੀਰਤਪੁਰ ਨਾ ਪੁੱਜੇ।

ਅੰਤ ਵਿਚ ਉਨ੍ਹਾਂ ਤੋਂ ਬਗੈਰ ਹੀ ਬਾਬਾ ਗੁਰਦਿੱਤਾ ਜੀ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਨੂੰ ਪੋਥੀ ਸਾਹਿਬ ਭੇਜਣ ਵਾਸਤੇ ਵੀ ਕਿਹਾ ਗਿਆ, ਪਰ ਨਾ ਉਨ੍ਹਾ ਪੋਥੀ ਸਾਹਿਬ ਭੇਜਿਆ ਅਤੇ ਨਾ ਆਪ ਗਏ।

ਉਸ ਤੋ ਬਾਅਦ ਉਹ ਸਦਾ ਲਈ ਕਰਤਾਰਪੁਰ ਹੀ ਟਿਕ ਗਏ। ਉਨ੍ਹਾਂ ਪਾਸ ਭਾਈ ਗੁਰਦਾਸ ਜੀ ਦੇ ਹੱਥਾਂ ਦਾ ਲਿਖਿਆ ਅਸਲੀ ਗ੍ਰੰਥ ਸਾਹਿਬ ਮੌਜੂਦ ਹੋਣ ਕਰਕੇ ਚੜ੍ਹਾਵਾ ਵੀ ਬਹੁਤ ਚੜ੍ਹਦਾ ਸੀ ਅਤੇ ਕਰਤਾਰਪੁਰ ਦੀ ਵੱਡੀ ਜਾਗੀਰ ਵੀ ਉਨ੍ਹਾਂ ਪਾਸ ਸੀ।

ਗੁਰੂ ਹਰਿਗੋਬਿੰਦ ਸਾਹਿਬ ਜੀ ਉਸ ਦੇ ਵਤੀਰੇ ਨੂੰ ਵੇਖ ਰਹੇ ਸਨ। ਉਨ੍ਹਾਂ ਅੰਤ ਵਿਚ ਇਹ ਫ਼ੈਸਲਾ ਕਰ ਲਿਆ ਕਿ ਗੁਰਗੱਦੀ (ਗੁਰੂ) ਹਰਿ ਰਾਇ ਸਾਹਿਬ ਜੀ ਨੂੰ ਸੌਂਪ ਦਿੱਤੀ ਜਾਵੇ।

ਜਦ ਉਨ੍ਹਾਂ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਦੇ ਦਿੱਤੀ ਤਾਂ ਬਾਬਾ ਧੀਰ ਮਲ ਨੇ ਸ਼ਾਹਜਹਾਨ ਪਾਸ ਸ਼ਿਕਾਇਤ ਕਰ ਦਿੱਤੀ।

ਸ਼ਾਹਜਹਾਨ ਨੇ ਗੁਰਗੱਦੀ ਦੇ ਸੰਬੰਧ ਵਿਚ ਦਖ਼ਲ ਦੇਣਾ ਠੀਕ ਨਾ ਸਮਝਿਆ, ਪਰ ਬਾਬਾ ਧੀਰ ਮਲ ਨੂੰ ਆਪਣਾ ਦਰਬਾਰੀ ਬਣਾ ਲਿਆ। ਕਰਤਾਰਪੁਰ ਦੇ ਇਲਾਕੇ ਦੀ ਸਾਰੀ ਜ਼ਮੀਨ ਦਾ ਪਟਾ ਵੀ ਇਨ੍ਹਾਂ ਦੇ ਨਾਂ ਕਰ ਦਿੱਤਾ।

ਇਸ ਤੋਂ ਬਾਅਦ ਜਦ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਵਿਚ ਜੋਤੀ ਜੋਤ ਸਮਾ ਗਏ ਅਤੇ ਗੁਰਗੱਦੀ ਬਾਰੇ ਉਹ ‘ਬਾਬਾ ਬਕਾਲਾ' ਕਹਿ ਗਏ ਤਾਂ ਆਪ ਨੇ ਯੋਗ ਮੌਕਾ ਸਮਝ ਕੇ ਬਕਾਲੇ ਵਿਖੇ ਜਾ ਡੇਰੇ ਲਾਏ ਅਤੇ ਪ੍ਰਚਾਰ ਕਰ ਦਿੱਤਾ ਕਿ ਗੁਰੂ ਹਰਿਕ੍ਰਿਸ਼ਨ ਜੀ ਉਨ੍ਹਾਂ ਨੂੰ ਹੀ ਗੁਰਗੱਦੀ ਸੌਂਪ ਗਏ ਹਨ। ਉਨ੍ਹਾਂ ਵਲ ਵੇਖ ਕੇ ਹੋਰ ਗੁਰੂ ਘਰ ਦੇ ਨਜ਼ਦੀਕੀ ਸੋਢੀਆਂ ਨੇ ਵੀ ਗੁਰੂ ਹੋਣ ਦੇ ਦਾਅਵੇ ਪੇਸ਼ ਕਰ ਦਿੱਤੇ।

ਪਰ ਅੰਤ ਵਿਚ ਮੱਖਣ ਸ਼ਾਹ ਲੁਬਾਣਾ ਨੇ ਅਸਲ ਗੁਰੂ ਤੇਗ ਬਹਾਦੁਰ ਜੀ ਨੂੰ ਲੱਭ ਹੀ ਲਿਆ ਤੇ ਉਨ੍ਹਾਂ ਢੰਡੋਰਾ ਫੇਰ ਦਿੱਤਾ ਕਿ ਸਭ ਗੁਰੂ ਢੌਂਗੀ ਹਨ, ਸੱਚਾ ਪਾਤਸ਼ਾਹ ਤੇਗ ਬਹਾਦੁਰ ਜੀ ਹਨ।

ਇਸ ਘਟਨਾ ਨੇ ਧੀਰ ਮਲ ਨੂੰ ਝੰਜੋੜ ਦਿੱਤਾ ਤੇ ਉਹ ਆਪਣਾ ਧੀਰਜ ਖੋ ਬੈਠਾ। ਉਸ ਨੇ ਆਪਣੇ ਮਸੰਦਾਂ ਦੀ ਸਹਾਇਤਾ ਨਾਲ ਗੁਰੂ ਤੇਗ ਬਹਾਦੁਰ ਉਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਤੇ ਗੋਲੀ ਵੀ ਚਲਾਈ। ਉਨ੍ਹਾਂ ਦੇ ਘਰ ਦਾ ਸਾਰਾ ਮਾਲ ਲੁੱਟ ਲਿਆ।

ਜਦ ਮੱਖਣ ਸ਼ਾਹ ਲੁਬਾਣੇ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਆਪਣੇ ਬੰਦਿਆਂ ਦੀ ਸਹਾਇਤਾ ਨਾਲ ਲੁੱਟਿਆ ਹੋਇਆ ਮਾਲ ਵਾਪਿਸ ਕਰਾਇਆ।

ਜਦ ਬਾਬਾ ਧੀਰ ਮਲ ਦੀ ਉਥੇ ਇਕ ਨਾ ਚੱਲੀ ਤਾਂ ਉਹ ਵਾਪਿਸ ਕਰਤਾਰਪੁਰ ਪਰਤ ਆਏ। ਉਹ ਕਰਤਾਰਪੁਰ ਵਿਖੇ ਹੀ ਆਪਣੇ ਆਪ ਨੂੰ ਗੁਰੂ ਹੀ ਅਖਵਾਊਂਦੇ ਰਹੇ ਅਤੇ ਦੂਰ ਮਸੰਦ ਭੇਜ ਕੇ ਮਾਇਆ ਬਟੋਰਦੇ ਰਹੇ।

ਜਦ ਔਰੰਜਜ਼ੇਬ ਹਿੰਦੁਸਤਾਨ ਦੇ ਬਾਦਸ਼ਾਹ ਬਣਿਆ ਤਾਂ ੳਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ 25 ਜਨਵਰੀ 1677 ਨੂੰ ਖ਼ਤਮ ਕਰ ਦਿੱਤਾ।

Disclaimer Privacy Policy Contact us About us