ਗੁਰਿਆਈ


ਗੁਰੂ ਹਰਿਗੋਬਿੰਦ ਸਾਹਿਬ ਬਾਲਕ (ਗੁਰੂ) ਹਰਿ ਰਾਇ ਸਾਹਿਬ ਨੂੰ ਸਦਾ ਆਪਣੇ ਨਾਲ ਰੱਖਦੇ ਸਨ। ਜਿਥੇ ਵੀ ਜਾਂਦੇ ਸਨ, ਉਨ੍ਹਾਂ ਨੂੰ ਨਾਲ ਲੈ ਕੇ ਜਾਂਦੇ ਸਨ।

ਇਸ ਤਰ੍ਹਾਂ (ਗੁਰੂ) ਹਰਿ ਰਾਇ ਜੀ ਸਹਿਜ ਸੁਭਾ ਉਹ ਸਾਰੇ ਗੁਣ ਗ੍ਰਹਿਣ ਕਰ ਰਹੇ ਸਨ ਜਿਹੜੇ ਕਿ ਗੁਰੂ ਹਰਿਗੋਬਿੰਦ ਸਾਹਿਬ ਵਿਚ ਸਨ।

ਜਦ ਗੁਰੂ ਹਰਿਗੋਬਿੰਦ ਸਾਹਿਬ ਨੇ ਇਹ ਵੇਖਿਆ ਕਿ ਬਾਬਾ ਧੀਰ ਮਲ ਲੋਭੀ ਅਤੇ ਚਾਲਾਕ ਵਿਅਕਤੀ ਹੈ, ਇਸ ਲਈ ਉਹ ਸਮਝ ਗਏ ਸਨ ਕਿ ਉਹ ਗੁਰ ਗੱਦੀ ਦੇ ਕਾਬਲ ਨਹੀਂ ਹਨ।

ਇਸ ਲਈ ਉਨ੍ਹਾਂ ਇਹ ਮਨ ਬਣਾ ਲਿਆ ਕਿ ਗੁਰਿਆਈ ਦੀ ਜ਼ਿੰਮੇਵਾਰੀ (ਗੁਰੂ) ਹਰਿ ਰਾਇ ਜੀ ਨੂੰ ਸੌਂਪੀ ਜਾਵੇ।

ਜਦੋਂ ਉਨ੍ਹਾਂ ਨੂੰ ਇਹ ਅਨੁਭਵ ਹੋਇਆ ਕਿ ਉਨ੍ਹਾਂ ਦਾ ਪ੍ਰਭੂ ਵਿਚ ਵਿਲੀਨ ਹੋਣ ਦਾ ਸਮਾਂ ਨੇੜੇ ਆ ਰਿਹਾ ਹੈ ਤਾਂ ਆਪ ਨੇ ਸਭ ਸੰਗਤਾਂ ਨੂੰ ਕੀਰਤਪੁਰ ਪੁੱਜਣ ਲਈ ਹੁਕਮਨਾਮੇ ਭੇਜ ਦਿੱਤੇ।

ਹੋਲੀਆਂ ਦੇ ਦਿਨ ਸਨ ਸੰਗਤਾਂ ਹੁਮ ਹੁਮਾ ਕੇ ਕੀਰਤਪੁਰ ਵਲ ਚਲ ਪਈਆਂ। ਤਿੰਨ ਦਿਨ ਕੀਰਤਨ ਪ੍ਰਵਾਹ ਚਲਦਾ ਰਿਹਾ।

ਚੌਥੇ ਦਿਨ ਜਦ ਦਰਬਾਰ ਲੱਗਾ ਤਾਂ ਕੀਰਤਨ ਦੀ ਸਮਾਪਤੀ ਬਾਅਦ ਗੁਰੂ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ, ਫਿਰ ਉਨ੍ਹਾਂ ਨੇ (ਗੁਰੂ) ਹਰਿ ਰਾਇ ਜੀ ਨੂੰ ਗੁਰਿਆਈ ਸੌਂਪਣ ਬਾਰੇ ਆਪਣੇ ਆਸ਼ੇ ਨੂੰ ਵੀ ਸਪੱਸ਼ਟ ਕੀਤਾ।

ਫਿਰ ਉਨ੍ਹਾਂ (ਗੁਰੂ) ਹਰਿ ਰਾਇ ਜੀ ਨੂੰ ਆਪਣੇ ਪਾਸ ਬੁਲਾਇਆ। ਸਾਰੀ ਸੰਗਤ ਨੇ ਉਨ੍ਹਾਂ ਵੱਲ ਬੜੇ ਪ੍ਰੇਮ ਨਾਲ ਵੇਖਿਆ।

ਉਨ੍ਹਾਂ ਦੇ ਇਲਾਹੀ ਚਿਹਰੇ ਦੀ ਸ਼ੋਭਾ ਝੱਲੀ ਨਹੀਂ ਸੀ ਜਾਂਦੀ। ਫਿਰ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਆਸਣ ਤੋਂ ਉਠੇ ਅਤੇ ਤਖ਼ਤ ਉਤੇ ਗੁਰੂ ਹਰਿ ਰਾਇ ਜੀ ਨੂੰ ਬਿਠਾ ਕੇ ਅੱਗੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਅਤੇ ਪ੍ਰਕਰਮਾਂ ਕੀਤੀਆਂ।

ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਭਾਨਾ ਜੀ ਨੇ ਮੱਥੇ ਉਤੇ ਕੇਸਰ ਦਾ ਤਿਲਕ ਲਾ ਕੇ ਮੱਥਾ ਟੇਕਿਆ। ਫਿਰ ਸਾਰੀ ਸੰਗਤ ਗੁਰੂ ਜੀ ਦੇ ਚਰਨੀਂ ਆ ਲੱਗੀ।

ਬਾਬਾ ਅਣੀ ਰਾਇ, ਬਾਬਾ ਸੂਰਜ ਮਲ ਅਤੇ (ਗੁਰੂ) ਤੇਗ ਬਹਾਦੁਰ ਜੀ ਨੇ ਵੀ ਬੜੇ ਸਤਿਕਾਰ ਨਾਲ ਮੱਥਾ ਟੇਕਿਆ।

Disclaimer Privacy Policy Contact us About us