ਲੰਗਰ ਪ੍ਰਥਾ ਤੇ ਧਰਮ ਪ੍ਰਚਾਰ


ਗੁਰੂ ਹਰਿ ਰਾਇ ਜੀ ਨੇ ਲੰਗਰ ਪ੍ਰਥਾ ਦਾ ਬੜਾ ਵਿਸਤਾਰ ਕੀਤਾ। ਗੁਰੂ ਘਰ ਵਿਚ ਤਾਂ ਅਤੁੱਟ ਲੰਗਰ ਵਰਤਦਾ ਹੀ ਸੀ, ਆਪ ਨੇ ਸਿੱਖਾਂ ਨੂੰ ਪਿੰਡ ਪਿੰਡ, ਘਰ ਘਰ ਲੰਗਰ ਚਲਾਉਣ ਦਾ ਆਦੇਸ਼ ਦਿੱਤਾ ਅਤੇ ਇਸ ਨੂੰ ਸਿੱਖੀ ਰਹਿਤ ਦਾ ਇਕ ਜ਼ਰੂਰੀ ਅੰਗ ਦਸਿਆ।

ਉਨ੍ਹਾਂ ਆਗਿਆ ਕੀਤੀ ਕਿ ਭਾਵੇਂ ਕਿਸੇ ਵੇਲੇ ਵੀ ਕੋਈ ਲੋੜਵੰਦ ਤੁਹਾਡੇ ਦਰ ਤੇ ਜਾਂ ਲੰਗਰ ਵਿਚ ਆਵੇ, ਉਸਨੂੰ ਪ੍ਰਸ਼ਾਦ ਜ਼ਰੂਰ ਛਕਾਉ ਤੇ ਕਿਸੇ ਨੂੰ ਨਿਰਾਸ ਨਾ ਕਰੋ।

ਜਿਹੜੇ ਸਿੱਖ ਅਜਿਹਾ ਕਰਨਗੇ, ਉਨ੍ਹਾਂ ਨੂੰ ਗੁਰੂ ਦੀਆਂ ਖ਼ੁਸ਼ੀਆਂ ਅਤੇ ਲੋਕ ਪਰਲੋਕ ਦੇ ਸੁੱਖ ਮਿਲਣਗੇ।

ਇਹ ਮਰਿਆਦਾ ਗੁਰੂ ਕੇ ਲੰਗਰ ਲਈ ਵੀ ਬੰਨ੍ਹੀ ਗਈ ਅਤੇ ਸ਼ਭਨਾਂ ਸਿੱਖਾਂ ਦੇ ਆਪੋ ਆਪਣੇ ਪਿੰਡ ਜਾਂ ਘਰ ਵਿਚ ਚਲਾਏ ਲੰਗਰਾਂ ਲਈ ਵੀ।

ਆਪ ਦਾ ਹੁਕਮ ਸੀ ਕਿ ਹਰੇਕ ਸਿੱਖ ਆਪਣੇ ਗ੍ਰਹਿ ਵਿਖੇ ਦੇਗ਼ ਚਲਾਵੇ ਅਤੇ ਜਿਸ ਪਲ ਵੀ ਕੋਈ ਗ਼ਰੀਬ ਜਾਂ ਭੁੱਖਾ ਮੁਸਾਫ਼ਰ ਆਵੇ, ਉਸ ਨੂੰ ਅੰਨ ਪਾਣੀ ਛਕਾਵੇ ਤੇ ਉਸ ਦੀ ਯੋਗ ਟਹਿਲ ਸੇਵਾ ਕਰੇ।

ਸ੍ਰੀ ਗੁਰੂ ਹਰਿ ਰਾਇ ਜੀ ਨੇ ਯੁੱਧ ਨੀਤੀ ਦਾ ਤਿਆਗ ਕਰਕੇ ਗੁਰੂ ਨਾਨਕ ਦੇਵ ਜੀ ਵਾਲੀ ਸ਼ਾਂਤੀ ਦੀ ਨੀਤੀ ਅਪਣਾਈ ਅਤੇ ਸਿੱਖ ਧਰਮ ਦਾ ਪ੍ਰਚਾਰ ਆਪਣਾ ਮੁਖ ਆਦਰਸ਼ ਬਣਾਇਆ।

ਲੰਗਰ ਪ੍ਰਥਾ ਦੇ ਵਿਸਤਾਰ ਨਾਲ ਸਿੱਖ ਧਰਮ ਦਾ ਪ੍ਰਚਾਰ ਕਰਨ ਵਿਚ ਬਹੁਤ ਸਹਾਇਤਾ ਮਿਲੀ। ਇਸ ਤੋਂ ਇਲਾਵਾ ਆਪ ਕਰਤਾਰਪੁਰ ਵਿਖੇ ਦੋਵੇਂ ਵੇਲੇ ਦੀਵਾਨ ਸਜਾਉਂਦੇ ਤੇ ਧਰਮ ਪ੍ਰਚਾਰ ਕਰਦੇ।

ਗੁਰੂ ਸਾਹਿਬ ਦੇ ਹੁਕਮ ਅਨੁਸਾਰ ਆਚਰਣ ਕਰਨ ਨਾਲ ਸਿੱਖ ਧਰਮ ਲੋਕਾਂ ਵਿਚ ਬਹੁਤ ਹਰਮਨ ਪਿਆਰਾ ਹੋਇਆ ਤੇ ਸਿੱਖਾਂ ਦਾ ਸਤਿਕਾਰ ਤੇ ਜਸ ਵਧਿਆ।

Disclaimer Privacy Policy Contact us About us