ਜਨਮ


ਬਾਬਾ ਬੁੱਢਾ ਜੀ ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਰੋਸਾਏ ਹਜ਼ੂਰੀ ਸਿੱਖ, ਮਹਾਨ ਵਿਦਵਾਨ ਜਿਨ੍ਹਾਂ ਨੂੰ ਚਹੁੰ ਗੁਰੂ ਸਾਹਿਬਾਨ ਨੂੰ ਗੁਰਿਆਈ ਦਾ ਤਿਲਕ ਲਗਾਉਣ ਦਾ ਮਾਨ ਪ੍ਰਾਪਤ ਸੀ ਫਿਰ ਵੀ ਅੱਤ ਦੇ ਨਿਮਰ, ਨਿਰਮਾਨ, ਧਰਿ, ਗੰਭੀਰ ਸਨ।

ਜਿਹੜੇ ਬੜੇ ਕਰਨੀ ਵਾਲੇ ਸਨ, ਫਿਰ ਵੀ ਸ਼ਾਂਤ, ਮੌਨ ਰਹਿੰਦੇ। ਤਪ, ਤਿਆਗ ਅਤੇ ਸੇਵਾ ਆਪ ਦਾ ਜੀਵਨ ਬ੍ਰਤ ਸੀ। ਗੁਰੂ ਕੀ ਬੀੜ ਰਹਿੰਦੇ ਆਪ ਗੁਰੂ ਘਰ ਦੀ ਸੇਵਾ ਕਰਦੇ, ਸਿੱਖੀ ਦਾ ਪ੍ਰਚਾਰ ਕਰਦੇ ਤੇ ਸੰਗਤਾਂ ਨੂੰ ਨਾਮ ਬਾਣੀ ਦ੍ਰਿੜ੍ਹ ਕਰਾਉਂਦੇ।

ਇਕ ਦਿਨ ਆਪ ਦਾ ਪ੍ਰਸ਼ਾਦ ਛਕਣ ਦਾ ਵਕਤ ਹੋ ਰਿਹਾ ਸੀ। ਆਪ ਸਾਵਧਾਨ ਹੋਏ ਤੇ ਆਪ ਨੇ ਬੜੀ ਧੂੜ ਉਡਦੀ ਤੱਕੀ, ਨਾਲ ਹੀ ਧਿੱਮਾ ਜਿਹਾ ਸ਼ੋਰ ਕੰਨੀਂ ਪਿਆ।

ਦੋ ਸੇਵਕ ਕੋਲ ਬੈਠੇ ਸਨ, ਆਪ ਨੇ ਉਹਨਾਂ ਤੋਂ ਪੁੱਛਿਆ, 'ਇਹ ਕਿਹੀ ਧੂੜ ਤੇ ਸ਼ੋਰ ਹੈ'। ਇਕ ਸੇਵਕ ਪਤਾ ਕਰਕੇ ਆਇਆ ਤੇ ਕਹਿਣ ਲੱਗਾ, ' ਗੁਰੂ ਜੀ ਦੇ ਮਹਿਲ ਆ ਰਹੇ ਹਨ'।

ਵੇਖਦੇ ਵੇਖਦੇ ਧੂੜ ਦੇ ਪਰਦੇ ਪਿਛੋਂ ਇਕ ਬੈਲ ਗੱਡੀ ਪ੍ਰਗਟ ਹੋਈ ਜਿਸ ਨੂੰ ਦੋ ਪਲੇ ਹੋਏ, ਚਿੱਟੇ ਬੌਲਦ ਦੁੜਾਉਂਦੇ ਲਈ ਆ ਰਹੇ ਸਨ।

ਬੈਲ ਗੱਡੀ ਥੋੜ੍ਹੀ ਵਿੱਥ ਤੋ ਪਰੇ ਖੜ੍ਹੀ ਹੋ ਗਈ। ਵਿਚੋਂ ਗੁਰੂ ਜੀ ਦੇ ਮਹਿਲ, ਮਾਤਾ ਗੰਗਾ ਜੀ ਉਤਰੇ। ਉਨ੍ਹਾਂ ਨਾਲ ਦਾਸਿਆਂ ਸਨ। ਦਾਸੀਆਂ ਨੇ ਕਈ ਪ੍ਰਕਾਰ ਦੇ ਭੋਜਨ ਚੁੱਕੇ ਹੋਏ ਸਨ।

ਮਾਤਾ ਗੰਗਾ ਜੀ ਨੇ ਆ ਕੇ ਬਾਬਾ ਜੀ ਅੱਗੇ ਮੱਥਾ ਟੇਕਿਆ ਤੇ ਨਾਲ ਲਿਆਂਦੇ ਭੋਜਨ ਉਨ੍ਹਾਂ ਅੱਗੇ ਹਾਜ਼ਰ ਕੀਤੇ। ਬਾਬਾ ਬੁੱਢਾ ਜੀ ਭੋਜਨ ਛਕ ਤਾਂ ਲੀਤਾ ਪਰ ਉਹ ਕੁਝ ਪ੍ਰਸੰਨ ਵਿਖਾਈ ਨਹੀਂ ਸਨ ਦਿੰਦੇ।

ਬਾਬਾ ਜੀ ਕਹਿਣ ਲੱਗੇ, 'ਸਾਨੂੰ ਇਸ ਤਰ੍ਹਾਂ ਦੇ ਪਦਾਰਥ ਨਹੀਂ ਭਾਉਂਦੇ। ਅਸੀਂ ਤਾਂ ਰੁੱਖਾ ਮਿਸਾ ਛਕਣ ਦੇ ਆਦੀ ਹਾਂ'। ਫਿਰ ਰਤਾ ਠਹਿਰਕੇ ਪੁੱਛਣ ਲੱਗੇ, 'ਅੱਜ ਏਡੀ ਦੂਰ ਆਉਣ ਦੀ ਖੇਚਲ ਕਿਵੇਂ ਕੀਤੀ ਏ?'

ਤਦ ਮਾਤਾ ਜੀ ਨੇ ਬੜੀ ਨਿਮ੍ਰਤਾ ਨਾਲ ਆਪਣੇ ਆਉਣ ਦਾ ਮਨੋਰਥ ਦਸਿਆ। ਸੁਣ ਕੇ ਬਾਬਾ ਜੀ ਕਹਿਣ ਲੱਗੇ, 'ਮਾਤਾ ਜੀ! ਮੈਂ ਤਾਂ ਗੁਰੂ ਘਰ ਦਾ ਘਾਹੀ ਹਾਂ, ਅਦਨਾ ਸੇਵਕ ਹਾਂ। ਮੇਰੇ ਅੰਦਰ ਅਜਿਹੇ ਵਰ ਦੇਣ ਦੀ ਸ਼ਕਤੀ ਕਿਥੋਂ ਆਈ? ਇਹ ਸਮਰਥਾ ਤਾਂ ਸਤਿਗੁਰਾਂ ਵਿੱਚ ਹੈ। ਉਹ ਬ੍ਰਹਮ ਰੂਪ ਹਨ। ਸਭ ਸ਼ਕਤੀਆਂ ਦੇ ਸੁਆਮੀ ਹਨ। ਆਪ ਉਨ੍ਹਾਂ ਦੇ ਚਰਨ ਪਕੜੋ'।

ਮਾਤਾ ਜੀ ਨਿਰਾਸ ਹੋ ਕੇ ਪਰਤ ਪਏ। ਉਨ੍ਹਾਂ ਦੇ ਵਿਆਹ ਨੂੰ ਸੋਲ੍ਹਾਂ ਸਾਲ ਹੋਣ ਨੂੰ ਆਏ ਸਨ ਪਰ ਕੋਈ ਸੰਤਾਨ ਨਹੀਂ ਸੀ ਹੋਈ। ਉਨ੍ਹਾਂ ਦੇ ਸ਼ਰੀਕ ਪ੍ਰਿਥੀਆਂ ਤੇ ਉਹਦੀ ਵਹੁਟੀ ਕਰਮੋਂ ਇਸ ਗੱਲ ਤੋਂ ਖ਼ੁਸ਼ ਸਨ।

ਉਹ ਸੋਚਦੇ ਸਨ ਕਿ ਪਿਤਾ (ਸ੍ਰੀ ਗੁਰੂ ਰਾਮਦਾਸ ਜੀ) ਪਾਸੋਂ ਤਾਂ ਗੁਰਗੱਦੀ ਪ੍ਰਾਪਤ ਨਾ ਹੋਈ ਪਰ ਹੁਣ ਅਰਜਨ ਦੇਵ ਤੋਂ ਬਾਅਦ ਗੱਦੀ ਸਾਡੇ ਪੁੱਤਰ ਮੇਹਰਬਾਨ ਨੂੰ ਹੀ ਮਿਲਣੀ ਹੈ।

ਇਸ ਗੱਲ ਦਾ ਕਰਮੋਂ ਨੇ ਇਕ ਦਿਨ ਮਾਤਾ ਗੰਗਾ ਜੀ ਨੂੰ ਮਿਹਣਾ ਮਾਰਿਆ ਕਿ ਉਸੀਂ ਧੱਕੇ ਚਾਤਰੀ ਨਾਲ ਗੁਰਗੱਦੀ ਹਥਿਆ ਤਾਂ ਲਈ ਏ, ਪਰ ਕੀ ਹੋਇਆ, ਇਹ ਆਉਣੀ ਤਾਂ ਅੰਤ ਨੂੰ ਸਾਡੇ ਹੀ ਘਰ ਏ ਨਾ।

ਮਾਤਾ ਗੰਗਾ ਜੀ ਸੰਤਾਨ ਨਾ ਹੋਣ ਤੇ ਵੀ ਸਬਰ ਸ਼ੁਕਰ ਵਿੱਚ ਰਹਿੰਦੇ ਸਨ ਪਰ ਸ਼ਰੀਕਣ ਦਾ ਮਿਹਣਾ ਉਹਨਾਂ ਦਾ ਦਿਲ ਵਿੰਨ੍ਹ ਗਿਆ।

ਉਨ੍ਹਾਂ ਨੇ ਸਾਰੀ ਗੱਲ ਗੁਰੂ ਜੀ ਅੱਗੇ ਕੀਤੀ। ਅਗੋਂ ਸਤਿਗੁਰਾਂ ਨੇ ਫਿਰ ਉਹੀ ਭਾਣੇ ਵਿਚ ਰਹਿਣ ਦਾ ਉਪਦੇਸ਼ ਦਿੱਤਾ ਤੇ ਬੱਨ ਕੀਤਾ ਕੀ ਤੁਸੀਂ ਅਕਾਲ ਪੁਰਖ ਦਾ ਸਿਮਰਨ ਕਰਦੇ ਰਹੋ। ਉਸ ਦੇ ਘਰ ਕਿਸੇ ਸ਼ੈ ਦੀ ਘਾਟ ਨਹੀਂ, ਉਹ ਸਾਰੀਆਂ ਇੱਛਾਵਾਂ ਪੂਰੀਆਂ ਕਰ ਸਕਦਾ ਹੈ। ਤੁਸੀਂ ਆਪਣੀ ਜਿਠਾਣੀ ਦੇ ਹੰਕਾਰ ਭਰੇ ਸ਼ਬਦਾਂ ਵਲ ਧਿਆਨ ਨਾ ਕਰੋ ਤੇ ਉਹਨਾਂ ਨੂੰ ਅਣ ਸੁਣਿਆ ਕਰ ਛੱਡੋ।

ਪਰ ਮਾਤਾ ਜੀ ਕਹਿਣ ਲੱਗੇ ਕਿ ਸਾਨੂੰ ਸ਼ਰੀਕਣੀ ਦੇ ਮਿਹਣੇ ਦੀ ਪ੍ਰਵਾਹ ਨਹੀਂ ਪਰ ਇਹ ਤੀਬਰ ਅਭਿਲਾਖਾ ਹੈ ਕਿ ਮੇਰੇ ਘਰ ਵੀ ਪੁੱਤਰ ਜਨਮੇ। ਆਪ ਸੰਸਾਰ ਨੂੰ ਬਖ਼ਸ਼ਿਸ਼ਾਂ ਕਰਦੇ ਹੋ ਤੇ ਸਭ ਦੀਆਂ ਮੁਰਾਦਾਂ ਪੂਰੀਆਂ ਕਰਦੇ ਹੋ, ਮੈਨੂੰ ਨਿਮਾਣੀ ਨੂੰ ਵੀ ਪੁੱਤਰ ਦੀ ਦਾਤ ਬਖ਼ਸ਼ ਦਿਉ।

ਤਦ ਗੁਰੂ ਜੀ ਨੇ ਉਨ੍ਹਾਂ ਨੂੰ ਬਾਬਾ ਬੁੱਢਾ ਜੀ ਪਾਸ ਜਾਣ ਲਈ ਕਿਹਾ ਅਤੇ ਸਮਝਾਇਆ ਕਿ ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਰੋਸਾਏ ਤੇ ਪੁਜੇ ਹੋਏ ਗੁਰਸਿੱਖ ਹਨ, ਅਜਿਹੇ ਭਗਤਾਂ ਦਾ ਕਿਹਾ ਵਾਹਿਗੁਰੂ ਵੀ ਨਹੀਂ ਮੋੜਦਾ। ਜੇ ਉਹ ਵਰ ਬਖ਼ਸ਼ਣ ਤਾਂ ਤੁਹਾਡੀ ਮੁਰਾਦ ਜ਼ਰੂਰ ਪੂਰੀ ਹੋ ਜਾਵੇਗੀ।

ਤੁਸੀਂ ਉਹਨਾਂ ਦੀ ਸੇਵਾ ਕਰੋ, ਪ੍ਰਸ਼ਾਦ ਛਕਾਉ। ਉਹ ਪ੍ਰਸੰਨ ਹੋ ਕੇ ਬਖ਼ਸ਼ਿਸ਼ ਕਰਨਗੇ। ਗੁਰੂ ਜੀ ਦੀ ਆਗਿਆ ਅਨੁਸਾਰ ਮਾਤਾ ਗੰਗਾ ਜੀ ਸੁੰਦਰ ਭੋਜਨ ਬਣਵਾ ਕੇ ਬਾਬਾ ਬੁੱਢਾ ਜੀ ਪਾਸ ਲੈ ਕੇ ਗਏ ਸਨ ਪਰ ਮਾਤਾ ਜੀ ਨਿਰਾਸ ਹੋ ਕੇ ਪਰਤ ਪਏ।

ਵਾਪਸ ਆ ਕੇ ਮਾਤਾ ਜੀ ਨੇ ਸਾਰੀ ਗੱਲ ਗੁਰੂ ਜੀ ਨੂੰ ਦਸੀ। ਸੁਣ ਕੇ ਆਪ ਨੇ ਫੁਰਮਾਇਆ, 'ਉਸਾਂ ਭਾਰੀ ਭੁੱਲ ਕੀਤੀ ਜੋ ਏਨੇ ਢੋਲ ਢਮੱਕੇ ਨਾਲ ਬੈਲ ਗੱਡੀਆਂ ਉਤੇ ਚੜ੍ਹ ਕੇ ਗਏ ਤੇ ਅਮੀਰੀ ਢੰਗ ਦੇ ਭੋਜਨ ਬਾਬਾ ਜੀ ਸਾਹਮਣੇ ਪਰੋਸੇ।

ਰੱਬ ਨੂੰ ਪੁਜੇ ਹੋਏ ਮਹਾਂਪੁਰਖ ਅਡੰਬਰ ਤੇ ਦਿਖਾਵੇ ਨਾਲ ਪ੍ਰਸੰਨ ਨਹੀਂ ਹੁੰਦੇ, ਉਨ੍ਹਾਂ ਦੇ ਸਾਹਮਣੇ ਤਾਂ ਨਿਮਾਣੇ ਤੇ ਨਿਰਮਾਣ ਬਣ ਕੇ ਜਾਈਦਾ ਹੈ।

ਅਸੀਂ ਉਹਾਨੂੰ ਢੰਗ ਦਸਦੇ ਹਾਂ। ਤੁਸੀਂ ਆਪਣੇ ਹੱਥਾਂ ਨਾਲ ਸ਼ਰਧਾ ਪੂਰਬਕ ਆਟਾ ਤੇ ਵੇਸਣ ਪੀਸੋ ਤੇ ਗੁੰਨ੍ਹ ਕੇ ਮਿੱਸੇ ਪ੍ਰਸ਼ਾਦੇ ਤਿਆਰ ਕਰੋ।

ਆਪ ਦਹੀਂ ਰਿੜਕ ਕੇ ਮੱਖਣ ਲੱਸੀ ਕਢੋ। ਫਿਰ ਮਿਸੇ ਪ੍ਰਸ਼ਾਦੇ, ਗੰਡੇ, ਦਹੀਂ, ਮਖੱਣ, ਲੱਸੀ ਆਪਣੇ ਸਿਰ ਉਪਰ ਧਰ ਕੇ ਪੈਦਲ ਤੁਰਦੇ ਉਹਨਾਂ ਪਾਸ ਜਾਉ ਅਤੇ ਉਹਨਾਂ ਨੂੰ ਪ੍ਰਸ਼ਾਦ ਛਕਾਉ। ਇਸ ਨਾਲ ਉਹ ਪ੍ਰਸੰਨ ਹੋ ਕੇ ਤੁਹਾਨੂੰ ਅਵੱਸ਼ ਅਸੀਸ ਦੇਣਗੇ'।

ਜਿਸ ਪ੍ਰਕਾਰ ਗੁਰੂ ਜੀ ਨੇ ਸਮਝਾਇਆ ਸੀ, ਮਾਤਾ ਜੀ ਨੇ ਉਸੇ ਪ੍ਰਕਾਰ ਕੀਤਾ ਤੇ ਭੋਜਨ ਲੈ ਕੇ ਗਏ। ਉਨ੍ਹਾਂ ਦੇ ਪ੍ਰੇਮ ਪੂਰਬਕ ਪਕਾਏ ਪ੍ਰਸ਼ਾਦੇ ਬਾਬਾ ਜੀ ਨੇ ਪ੍ਰਸੰਨ ਹੋ ਕੇ ਛਕੇ।

ਜਿਵੇਂ ਜਿਵੇਂ ਉਹ ਪ੍ਰਸ਼ਾਦ ਛਕਦੇ ਜਾਂਦੇ ਅਤੇ ਗੰਡੇ ਭੰਨਦੇ ਜਾਂਦੇ, ਨਾਲ ਨਾਲ ਮਾਤਾ ਜੀ ਨੂੰ ਵਰ ਦਿੰਦੇ ਜਾਂਦੇ।

ਬਾਬਾ ਜੀ ਕਹਿੰਦੇ, 'ਆਪ ਦੇ ਘਰ ਅਜਿਹਾ ਬਲੀ ਪੁਤੱਰ ਪੈਦਾ ਹੋਵੇਗਾ ਜਿਹੜਾ ਦੁਸ਼ਟਾਂ, ਪਾਪੀਆਂ ਦੇ ਸਿਰ ਇਉਂ ਭੰਨੇਗਾ ਜਿਉਂ ਅਸੀਂ ਗੰਡੇ ਭੰਨਦੇ ਹਾਂ। ਉਹ ਮੀਰੀ ਅਤੇ ਪੀਰੀ ਦੋਹਾਂ ਦਾ ਮਾਲਕ ਹੋਵੇਗਾ'।

ਵਰ ਪਾ ਕੇ ਮਾਤਾ ਜੀ ਪ੍ਰਸੰਨ ਘਰ ਪਰਤੇ। ਉਹਨਾਂ ਦੇ ਪੈਰ ਧਰਤੀ ਤੇ ਨਹੀਂ ਲੱਗਦੇ ਸਨ।

ਬਾਬਾ ਜੀ ਦਾ ਵਰ ਪੂਰਾ ਹੋਇਆ। ਅਕਾਲ ਪੁਰਖ ਦੀ ਕਿਰਪਾ ਨਾਲ ਹਾਵ ਵਦੀ ੧ ਸੰਮਤ ੧੬੫੨ ਮੁਤਾਬਕ 19 ਜੂਨ 1595 ਵਾਲੇ ਦਿਨ ਮਾਤਾ ਗੰਗਾ ਜੀ ਦੀ ਕੁਖੋਂ ਵਡਾਲੀ ਵਿਖੇ ਸ੍ਰੀ ਹਰਿਗੋਬਿੰਦ ਜੀ ਦਾ ਅਵਤਾਰ ਹੋਇਆ।

Disclaimer Privacy Policy Contact us About us