ਬੱਬਰ ਸ਼ੇਰ ਦਾ ਸ਼ਿਕਾਰ


ਇਕ ਦਿਨ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਸ਼ਿਕਾਰ ਖੇਡਣ ਲਈ ਚਲਣ ਦਾ ਸੱਦਾ ਦਿੱਤਾ। ਜਿਸ ਜੰਗਲ ਵਿਚ ਉਹ ਸ਼ਿਕਾਰ ਖੇਡਣ ਗਏ, ਉਥੇ ਇਕ ਬੜਾ ਖ਼ਤਰਨਾਕ ਤੇ ਆਦਮਖ਼ੋਰ ਸ਼ੇਰ ਰਹਿੰਦਾ ਸੀ। ਉਹ ਕਈ ਚਤਰ ਸ਼ਿਕਾਰੀਆਂ ਦਾ ਘਾਤ ਕਰ ਚੁੱਕਾ ਸੀ।

ਜਹਾਂਗੀਰ ਦੀ ਚਾਲ ਇਹ ਸੀ ਕਿ ਜੇ ਸ਼ੇਰ ਨੇ ਗੁਰੂ ਜੀ ਨੂੰ ਮਾਰ ਲਿਆ ਤਾਂ ਇਕ ਤਾਕਤਵਰ ਦੁਸ਼ਮਣ ਤੋਂ ਛੁਟਕਾਰਾ ਮਿਲ ਜਾਏਗਾ ਤੇ ਜੇ ਗੁਰੂ ਜੀ ਨੇ ਸ਼ੇਰ ਨੂੰ ਮਾਰ ਦਿਤਾ ਤਾਂ ਇਹ ਬਲਾ ਟਲ ਜਾਏਗੀ।

ਜੰਗਲ ਵਿਚ ਸ਼ੇਰ ਨੇ ਅਚਾਨਕ ਝਾਰੜੀਆਂ ਵਿਚੋਂ ਨਿਕਲ ਕੇ ਬਾਦਸ਼ਾਹ ਜਹਾਂਗੀਰ ਉਪਰ ਹਮਲਾ ਕਰ ਦਿੱਤਾ। ਬਾਦਸ਼ਾਹ ਦੇ ਸਾਰੇ ਰੱਖਿਅਕ ਡਰਦੇ ਮਾਰੇ ਭਜ ਗਏ। ਬਾਦਸ਼ਾਹ ਦੀ ਜਾਣ ਤੇ ਆ ਬਣੀ।

ਵੱਡੇ ਵੱਡੇ ਯੋਧੇ ਉਸ ਪਾਸੇ ਜਾਣ ਤੋਂ ਘਬਰਾਉਂਦੇ ਸਨ। ਉਸੇ ਵੇਲੇ ਗੁਰੂ ਸਾਹਿਬ ਨੇ ਅਗਾਂਹ ਹੋ ਕੇ ਆਪਣਾ ਨੇਜਾ ਸ਼ੇਰ ਵੱਲ ਸੁੱਟਿਆ। ਸ਼ੇਰ ਜਖ਼ਮੀ ਹੋ ਗਿਆ।

ਉਹ ਬਾਦਸ਼ਾਹ ਨੂੰ ਛੱਡ ਕੇ ਗੁਰੂ ਜੀ ਤੇ ਆ ਪਿਆ। ਗੁਰੂ ਸਾਹਿਬ ਨੇ ਬਹਾਦਰੀ ਨਾਲ ਸ਼ੇਰ ਨੂੰ ਆਪਣੀ ਢਾਲ ਤੇ ਰੋਕਿਆ ਤੇ ਤਲਵਾਰ ਨਾਲ ਉਸ ਦਾ ਢਿੱਡ ਪਾੜ ਦਿੱਤਾ।

ਸ਼ੇਰ ਪਛਾੜੀ ਖਾ ਕੇ ਡਿੱਗਾ ਤੇ ਉਥੇ ਹੀ ਢੇਰ ਹੋ ਗਿਆ।

ਜਹਾਂਗੀਰ ਨੇ ਵਿਖਾਵੇ ਖ਼ਾਤਰ ਗੁਰੂ ਜੀ ਦਾ ਬੜਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਸ ਦੀ ਜਾਨ ਬਚਾ ਲਈ। ਪਰ ਦਿਲ ਵਿਚ ਉਹ ਗੁਰੂ ਜੀ ਦੀ ਦਲੇਰੀ, ਨਿਡਰਤਾ ਤੇ ਬਲ ਵੇਖ ਕੇ ਹੋਰ ਭੈਭੀਤ ਹੋ ਉਠਿਆ।

Disclaimer Privacy Policy Contact us About us