ਗੁਰੂ ਜੀ ਨਜ਼ਰਬੰਦ


ਜਹਾਂਗੀਰ ਨੇ ਕਿਸੇ ਪ੍ਰਕਾਰ ਬਹਾਨਾ ਪਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਭੇਜਿਆ ਤੇ ਉਥੇ ਕਿਲ੍ਹੇ ਦੇ ਅੰਦਰ ਨਜ਼ਰਬੰਦ ਕਰ ਦਿੱਤਾ। ਉਸ ਕਿਲ੍ਹੇ ਵਿਚ ਵੱਖ ਵੱਖ ਰਿਆਸਤਾਂ ਦੇ ਬਵੰਜਾ ਹੋਰ ਰਾਜੇ ਕੈਦ ਸਨ।

ਗੁਰੂ ਜੀ ਲਗਭਗ ਦੋ ਵਰ੍ਹੇ ਗਵਾਲੀਅਰ ਵਿਖੇ ਸ਼ਾਹੀ ਕੈਦੀ ਦੇ ਰੂਪ ਵਿਚ ਰਹੇ। ਬਾਦਸ਼ਾਹ ਦੇ ਹੁਕਮ ਨਾਲ ਆਪ ਜੀ ਨੂੰ ਸੌ ਰੁਪਿਆ ਰੋਜ਼ ਦਾ ਖ਼ਰਚ ਵਜੋਂ ਦਿੱਤਾ ਜਾਂਦਾ ਸੀ ਤੇ ਵਧੀਆ ਅਮੀਰੀ ਭੋਜਨ ਦਿੱਤਾ ਜਾਂਦਾ ਸੀ ਪਰ ਗੁਰੂ ਸਾਹਿਬ ਨੇ ਇਕੱਲਿਆਂ ਉਹ ਭੋਜਨ ਖਾਣ ਤੋਂ ਨਾਂਹ ਕਰ ਦਿੱਤੀ।

ਆਪ ਜੀ ਭੋਜਨ ਅਤੇ ਰੋਜ਼ ਦਾ ਖ਼ਰਚ ਜੋ ਸ਼ਾਹੀ ਖ਼ਜਾਨੇ ਵਿਚੋਂ ਮਿਲਦਾ ਸੀ, ਸਾਰੇ ਬਵੰਜਾ ਕੈਦੀਆਂ ਨਾਲ ਸਾਂਝਾ ਕਰਕੇ ਤੇ ਵਰਤਦੇ ਸਨ।

ਸਾਰੇ ਰਾਜੇ ਗੁਰੂ ਜੀ ਦੇ ਵਿਹਾਰ ਤੇ ਅਧਿਆਤਮਕ ਵਿਚਾਰ ਜਾਣ ਕੇ ਆਪ ਦੇ ਪੱਕੇ ਸ਼ਰਧਾਲੂ ਬਣ ਗਏ। ਕਿਲ੍ਹੇ ਵਿਚ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਦੋਵੇਂ ਵੇਲੇ ਕੀਰਤਨ ਹੁੰਦਾ। ਗੁਚਬਾਣੀ ਦਾ ਪਾਠ ਸੁਣ ਕੇ ਸਭ ਨੂੰ ਠੰਢ ਪੈ ਜਾਂਦੀ। ਕੈਦ ਦੇ ਦੁੱਖ ਭੁੱਲ ਜਾਂਦੇ।

ਗਵਾਲੀਅਰ ਕਿਲ੍ਹੇ ਦਾ ਕਿਲ੍ਹੇਦਾਰ ਹਰਿ ਦਾਸ ਗੁਰੂ ਘਰ ਦਾ ਪ੍ਰੇਮੀ ਸੀ। ਉਹ ਗੁਰੂ ਜੀ ਦੇ ਆਰਾਮ ਅਤੇ ਸਹੂਲਤ ਦਾ ਪੂਰਾ ਧਿਆਨ ਰੱਖਦਾ ਸੀ। ਗੁਰੂ ਸਾਹਿਬ ਜੀ ਨੂੰ ਭੋਰਾ ਭਰ ਵੀ ਤਕਲੀਫ਼ ਨਾ ਹੋਣ ਦਿੰਦਾ।

ਚੰਦੂ ਲਾਲ ਨੇ ਸਾਜਸ਼ ਕੀਤੀ ਕਿ ਹਰਿ ਦਾਸ ਨੂੰ ਭਾਰਾ ਲੋਭ ਦੇ ਕੇ ਆਪਣੇ ਨਾਲ ਗੰਢਿਆ ਜਾਏ ਤੇ ਉਸ ਦੇ ਰਾਹੀ ਗੁਰੂ ਜੀ ਨੂੰ ਜ਼ਹਿਰ ਦਿੱਤੀ ਜਾਏ ਪਰ ਹਰਿ ਦਾਸ ਕਿਸੇ ਵੀ ਲੋਭ ਵਿਚ ਨਾ ਆਇਆ।

ਉਸ ਨੇ ਸਾਰੀ ਗੱਲ ਗੁਰੂ ਸਾਹਿਬ ਨੂੰ ਦਸ ਦਿੱਤੀ। ਉਹ ਆਪ ਸੁਚੇਤ ਹੋ ਕੇ ਗੁਰੂ ਸਾਹਿਬ ਦੇ ਖਾਣ ਪੀਣ ਦਾ ਧਿਆਨ ਰੱਖਣ ਲੱਗਾ ਕਿ ਕਿਲ੍ਹੇ ਦਾ ਕੋਈ ਹੋਰ ਕਰਮਚਾਰੀ ਕਿਸੇ ਲੋਭ ਵਸ ਗੁਰੂ ਸਾਹਿਬ ਨੂੰ ਕੋਈ ਹਾਨੀ ਨਾ ਪੁਚਾਏ।

ਗੁਰੂ ਸਾਹਿਬ ਦੀ ਨਜ਼ਰਬੰਦੀ ਦੀ ਖ਼ਬਰ ਪੰਜਾਬ ਪਹੁੰਚੀ ਤਾਂ ਸਿੱਖਾਂ ਵਿਚ ਬੜੀ ਬੇਚੈਨੀ ਪੈਦਾ ਹੋਈ। ਉਹ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਵਿਆਕੁਲ ਹੋ ਉਠੇ।

ਉਹ ਥਾਂ ਥਾਂ ਤੋ ਨਿੱਕੇ ਨਿੱਕੇ ਜਥੇ ਬਣਾਕੇ ਗਵਾਲੀਅਰ ਪਹੁੰਚਦੇ। ਆਮ ਮੁਲਾਕਾਤਾਂ ਦੀ ਤਾਂ ਇਜਾਜ਼ਤ ਨਹੀਂ ਸੀ, ਇਸ ਲਈ ਸਿੱਖ ਕਿੱਲ੍ਹੇ ਦੀਆਂ ਕੰਧਾਂ ਨੂੰ ਚੁੰਮ ਕੇ ਤੇ ਬਾਹਰੋਂ ਹੀ ਮੱਥਾ ਟੇਕ ਕੇ ਪਰਤ ਆਉਂਦੇ।

ਮਾਤਾ ਗੰਗਾ ਜੀ ਨੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੂੰ ਗੁਰੂ ਸਾਹਿਬ ਦੀ ਮੁਲਾਕਾਤ ਦੀ ਖ਼ਬਰ ਸਾਰ ਲੈਣ ਲਈ ਗਵਾਲੀਅਰ ਭੇਜਿਆ।

ਗੁਰੂ ਜੀ ਨੇ ੳਨ੍ਹਾਂ ਨੂੰ ਧੀਰਜ ਦਿੱਤੀ ਅਤੇ ਕਿਹਾ ਕਿ ਅਸੀਂ ਬੜੇ ਆਰਾਮ ਵਿਚ ਹਾਂ ਤੇ ਇਕਾਂਤ ਵਿਚ ਨਾਮ ਜਪਦੇ ਹਾਂ। ਸਾਡੇ ਨਾਲ ਦੇ ਕੈਦੀ ਰਾਜੇ ਸਾਡੇ ਸੰਗ ਨਾਲ ਬੜੇ ਸੁਖੀ ਹਨ।

ਉਹ ਸਾਰੇ ਗੁਰੂ ਨਾਨਕ ਜੀ ਦੇ ਲੜ ਲਗ ਗਏ ਹਨ। ਅਸੀਂ ਜਲਦੀ ਵਾਪਸ ਆਵਾਂਗੇ ਤੁਸੀਂ ਸੰਗਤਾ ਨੂੰ ਨਾਮ ਜਪਾਉ ਤੇ ਚੜ੍ਹਦੀਆਂ ਕਲਾਂ ਵਿਚ ਰਖੋ।

Disclaimer Privacy Policy Contact us About us