ਗੁਰੂ ਜੀ ਦੀ ਰਿਹਾਈ ਦਾ ਹੁਕਮ


ਜਹਾਂਗੀਰ ਵਹਿਮੀ ਤਬਿਅਤ ਦਾ ਆਦਮੀ ਸੀ। ਉਹ ਸਾਈਂ ਮੀਆਂ ਮੀਰ ਜੀ ਦੀ ਗੱਲ ਸੁਣ ਕੇ ਡਰ ਗਿਆ। ਉਸ ਦੇ ਦਰਬਾਰ ਦੇ ਹੋਰ ਵੀ ਕਈ ਨੇਕ ਦਿਲ ਤੇ ਰੱਬ ਦੇ ਭਉ ਵਾਲੇ ਮੁਸਲਮਾਨਾਂ ਨੇ ਉਸਨੂੰ ਗੁਰੂ ਸਾਹਿਬ ਨੂੰ ਰਿਹਾ ਕਰ ਦੇਣ ਲਈ ਆਖਿਆ ਸੀ।

ਗੁਰੂ ਸਾਹਿਬ ਦੀ ਨਜ਼ਰਬੰਦੀ ਨੂੰ ਦੋ ਕੁ ਸਾਲ ਹੋਏ ਸਨ ਕਿ ਇਕ ਰਾਤ ਬਾਦਸ਼ਾਹ ਜਹਾਂਗੀਰ ਨੂੰ ਸੁੱਤਿਆਂ ਸੁੱਤਿਆਂ ਇਕ ਬੜਾ ਭਿਆਨਕ ਸੁਪਨਾ ਆਇਆ।

ਉਸ ਵੇਖਿਆ ਕਿ ਬੜਾ ਡਰਾਉਣਾ ਬੱਬਰ ਸ਼ੇਰ ਉਸ ਵਲ ਉਲ੍ਹਰ ਕੇ ਹਮਲਾ ਕਰਨ ਲੱਗਾ ਹੈ ਤੇ ਆਪਣੇ ਖ਼ੂਨੀ ਪੰਜਿਆਂ ਨਾਲ ਪਾੜਨ ਲੱਗਾ ਹੈ।

ਬਾਦਸ਼ਾਹ ਦੇ ਪਸੀਨੇ ਛੁਟ ਗਏ। ਉਸ ਨੇ ਸੁਪਨੇ ਵਿਚ ਗੁਰੂ ਸਾਹਿਬ ਨੂੰ ਯਾਦ ਕੀਤਾ ਤੇ ਬੇਨਤੀ ਕੀਤੀ ਕਿ ਇਕ ਵਾਰ ਜੰਗਲ ਵਿਚ ਆਪ ਨੇ ਮੇਰੀ ਸ਼ੇਰ ਪਾਸੋ ਰੱਖਿਆ ਕੀਤੀ ਸੀ, ਹੁਣ ਵੀ ਇਸ ਭਿਆਨਕ ਦਰਿੰਦੇ ਤੋਂ ਬਚਾਉ। ਗੁਰੂ ਸਾਹਿਬ ਦਾ ਧਿਆਨ ਧਰਦਿਆਂ ਹੀ ਸ਼ੇਰ ਅਲੋਪ ਹੋ ਗਿਆ।

ਸਵੇਰੇ ਬਾਦਸ਼ਾਹ ਨੇ ਪੀਰ ਜਲਾਲ ਦੀਨ ਨੂੰ ਰਾਤ ਵਾਲਾ ਸੁਪਨਾ ਸੁਣਾਇਆ। ਸਾਈਂ ਮੀਆਂ ਮੀਰ ਜੀ ਵੀ ਕੋਲ ਬੈਠੇ ਸਨ। ਉਹ ਗੁਰੂ ਘਰ ਵਲ ਬੜੀ ਸ਼ਰਧਾ ਰੱਖਦੇ ਸਨ। ਉਨ੍ਹਾਂ ਨੇ ਬਾਦਸ਼ਾਹ ਨੂੰ ਸਮਝਾਇਆ ਕਿ ਤੂੰ ਖ਼ੁਦਾ ਦੇ ਨੂਰ ਗੁਰੂ ਹਰਿਗੋਬਿੰਦ ਸਾਹਿਬ ਨੂੰ ਕੈਦ ਕਰ ਰੱਖਿਆ ਹੈ। ਅਲ੍ਹਾ ਤੇਰੇ ਇਸ ਗੁਨਾਹ ਨੂੰ ਮੁਆਫ਼ ਨਹੀਂ ਕਰੇਗਾ।

ਇਸੇ ਗੁਨਾਹ ਕਰਕੇ ਤੈਨੂੰ ਅਜਿਹੇ ਡਰਾਉਣੇ ਸੁਪਨੇ ਆਉਂਦੇ ਹਨ। ਹੁਣ ਜਹਾਂਗੀਰ ਨੇ ਵਜ਼ੀਰ ਖਾਂ ਨੂੰ ਗਵਾਲੀਅਰ ਭੇਜਿਆ ਕਿ ਗੁਰੂ ਸਾਹਿਬ ਨੂੰ ਨਜ਼ਰਬੰਦੀ ਵਿਚੋਂ ਕੱਢ ਕੇ ਪੂਰੇ ਸਨਮਾਨ ਨਾਲ ਇਥੇ ਲੈ ਆਉ।

ਉਸ ਨੇ ਵਜ਼ੀਰ ਖਾਂ ਨੂੰ ਇਹ ਵੀ ਸਮਝਾਇਆ ਕਿ ਉਹ ਗੁੂਰ ਜੀ ਦੇ ਮਨ ਵਿਚੋਂ ਰੰਜਸ਼ ਕਢਣ ਦਾ ਯਤਨ ਕਰੇ।

ਵਜ਼ੀਰ ਖਾਂ ਹੁਕਮ ਪਾ ਕੇ ਤੁਰੰਤ ਗਵਾਲੀਅਰ ਪੁਜਾ ਤੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਆਪ ਮੇਰੇ ਨਾਲ ਦਿੱਲੀ ਚਲੋ। ਬਾਦਸ਼ਾਹ ਆਪ ਜੀ ਦੇ ਦਰਸ਼ਨ ਕਰਨ ਲਈ ਬੇਚੈਨ ਹੈ। ਉਹ ਆਪਣੇ ਕੀਤੇ ਤੇ ਪ੍ਰੇਸ਼ਾਨ ਹੈ।

Disclaimer Privacy Policy Contact us About us