ਜਹਾਂਗੀਰ ਦਾ ਪਛਤਾਵਾਂ


ਗਵਾਲੀਅਰ ਤੋਂ ਗੁਰੂ ਜੀ ਦਿੱਲੀ ਪੁਜੇ। ਇਥੇ ਆਪ ਨੇ ਉਸੇ ਪੁਰਾਣੀ ਜਗ੍ਹਾ, ਮਜਨੂੰ ਟਿੱਲੇ ਨੇੜਲੇ ਬਾਗ਼ ਵਿਚ ਡੇਰਾ ਲਾਇਆ। ਸਿੱਖ ਗੁਰੂ ਸਾਹਿਬਾਂ ਦੇ ਦਰਸ਼ਨਾਂ ਨੂੰ ਪਹੁੰਚਣ ਲੱਗੇ।

ਜਹਾਂਗੀਰ ਵੀ ਚਲ ਕੇ ਦਰਸ਼ਨਾਂ ਨੂੰ ਆਇਆ। ਗੁਰੂ ਜੀ ਦੇ ਬੋਲ ਅਤੇ ਵਿਹਾਰ ਵਿਚ ਕੋਈ ਕੁੜੱਤਣ ਨਾ ਵੇਖ ਕੇ ਉਸ ਦਾ ਦਿਲ ਗੁਰੂ ਜੀ ਵਲੋਂ ਸਾਫ਼ ਹੋ ਗਿਆ। ਉਸ ਨੇ ਗੁਰੂ ਜੀ ਦੀ ਨਜ਼ਰਬੰਦੀ ਬਾਰੇ ਅਫ਼ਸੋਸ ਪ੍ਰਗਟ ਕੀਤਾ।

ਜਹਾਂਗੀਰ ਨੂੰ ਵਜ਼ੀਰ ਖਾਂ ਅਤੇ ਸਾਈਂ ਮੀਆਂ ਮੀਰ ਜੀ ਦੇ ਦੱਸਣ ਤੇ ਪਤਾ ਲੱਗਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਦੀਵਾਨ ਚੰਦੂ ਲਾਲ ਉਸ ਨੂੰ ਝੂਠੀਆਂ ਖ਼ਬਰਾਂ ਦਿੰਦਾ ਰਿਹਾ ਹੈ।

ਚੰਦੂ ਲਾਲ ਨੇ ਗੁਰੂ ਜੀ ਪਾਸੋਂ ਜ਼ਾਤੀ ਬਦਲਾ ਲੈਣ ਲਈ ਬਾਦਸ਼ਾਹ ਨੂੰ ਇਹ ਝੂਠੀਆਂ ਸੂਚਨਾਵਾਂ ਦਿੱਤੀਆਂ ਤੇ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਹਾਸਲ ਕੀਤਾ।

ਅਸਲੀਅਤ ਜਾਣ ਕੇ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਅੱਗੇ ਇਸ ਵਲੋਂ ਵੀ ਆਪਣੇ ਰੰਜ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।

ਜਹਾਂਗੀਰ ਹੁਣ ਗੁਰੂ ਜੀ ਦਾ ਦੋਸਤਾਂ ਵਰਗਾ ਆਦਰ ਸਨਮਾਨ ਕਰਦਾ ਸੀ। ਉਸ ਨੇ ਕਾਫ਼ੀ ਸਾਰਾ ਸਮਾਂ ਗੁਰੂ ਜੀ ਨੂੰ ਆਪਣੇ ਪਾਸ ਰਖਿਆ।

ਉਹ ਉਨ੍ਹਾਂ ਨਾਲ ਸ਼ਿਕਾਰ ਖੇਡਣ ਜਾਂਦਾ, ਕਈ ਰਾਜਸੀ ਮਾਮਲਿਆਂ ਬਾਰੇ ਮਸ਼ਵਰਾ ਕਰਦਾ।

ਗੁਰੂ ਜੀ ਸੰਗਤ ਦੇ ਅਸਰ ਨਾਲ ਜਹਾਂਗੀਰ ਦੇ ਦਿਲ ਵਿਚੋਂ ਮਜ਼ਹਬੀ ਕੱਟੜਤਾ ਘਟਦੀ ਗਈ ਅਤੇ ਉਸ ਦਾ ਹਿੰਦੂਆਂ ਤੇ ਸਿੱਖਾਂ ਵੱਲ ਰਵੱਈਆ ਕਾਫ਼ੀ ਨਰਮ ਹੋ ਗਿਆ।

Disclaimer Privacy Policy Contact us About us