ਚੰਦੂ ਦੀ ਮੌਤ


ਗੁਰੂ ਜੀ ਜਦ ਪੰਜਾਬ ਨੂੰ ਚਲਣ ਲੱਗੇ ਤਾਂ ਬਾਦਸ਼ਾਹ ਨੇ ਚੰਦੂ ਅਤੇ ਉਸ ਦਾ ਪਰਿਵਾਰ ਗੁਰੂ ਜੀ ਦੇ ਹਵਾਲੇ ਕਰ ਦਿੱਤਾ। ਗੁਰੂ ਜੀ ਨੇ ਚੰਦੂ ਦੇ ਪਰਿਵਾਰ ਨੂੰ ਛੱਡ ਦੇਣ ਲਈ ਕਿਹਾ। ਉਹ ਚੰਦੂ ਨੂੰ ਵੀ ਮੁਆਫ਼ ਕਰ ਦੇਣਾ ਚਾਹੁੰਦੇ ਸਨ, ਪਰ ਸਿੱਖ ਆਪਣੀ ਜ਼ਿਦ ਤੇ ਅੜੇ ਰਹੇ ਕਿ ਚੰਦੂ ਨੂੰ ਉਹ ਜ਼ਰੂਰ ਨਾਲ ਲੈ ਕੇ ਜਾਣਗੇ।

ਸਿੱਖਾਂ ਦੇ ਕਰੋਪ ਨੂੰ ਵੇਖ ਕੇ ਉਨ੍ਹਾਂ ਚੰਦੂ ਨੂੰ ਭਾਈ ਬਿਧੀ ਚੰਦ ਅਤੇ ਭਾਈ ਜੇਠਾ ਦੇ ਹਵਾਲੇ ਕਰ ਦਿੱਤਾ। ਗੁਰੂ ਜੀ ਜਦ ਅੰਮ੍ਰਿਤਸਰ ਪੁਜੇ ਤਾਂ ਬਹੁਤ ਖੁਸ਼ੀਆਂ ਮਨਾਈਆਂ ਗਈਆਂ।

ਦੀਵਾਲੀ ਵਾਲੀ ਰਾਤ ਨੂੰ ਹਰਿਮੰਦਰ ਸਾਹਿਬ ਵਿਚ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜ਼ੀ ਚਲਾਈ ਗਈ। ਬੜੀ ਦੂਰ ਦੂਰ ਤੋਂ ਸਿੱਖ ਸੰਗਤਾਂ ਦਰਸ਼ਨਾਂ ਨੂੰ ਆਇਆਂ।

ਕੁਝ ਸਮਾਂ ਅੰਮ੍ਰਿਤਸਰ ਵਿਚ ਠਹਿਰ ਕੇ ਉਹ ਸਾਈਂ ਮੀਆਂ ਮੀਰ ਨੂੰ ਮਿਲਣ ਵਾਸਤੇ ਲਾਹੌਰ ਚਲੇ ਗਏ। ਉਥੇ ਉਨ੍ਹਾਂ ਨੂੰ ਮਿਲਣ ਵਾਸਤੇ ਸਭ ਪੀਰ ਫ਼ਕੀਰ ਆਏ।

ਜਿਥੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਥੇ ਉਨ੍ਹਾਂ ਇਕ ਯਾਦਗਾਰ ਬਣਾਉਣ ਲਈ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ।

ਜਦ ਗੁਰੂ ਜੀ ਲਾਹੌਰ ਸ਼ਹਿਰ ਵਿਖੇ ਪ੍ਰਚਾਰ ਕਰ ਰਹੇ ਸਨ ਤਾਂ ਭਾਈ ਬਿਧੀ ਚੰਦ ਅਤੇ ਭਾਈ ਜੇਠਾ ਚੰਦੂ ਨੂੰ ਵੀ ਲਾਹੌਰ ਲੈ ਗਏ।

ਜਦ ਲਾਹੌਰ ਦੇ ਲੋਕਾਂ ਨੇ ਚੰਦੂ ਨੂੰ ਵੇਖਿਆ ਤਾਂ ਉਹ ਭੜਕ ਉਠੇ, ਜਿਹੜਾ ਵੀ ਉਸ ਨੂੰ ਵੇਖਦਾ ਉਸਦੇ ਸਿਰ ਵਿਚ ਇਕ ਛਿਤਰ ਮਾਰ ਦਿੰਦਾ।

ਇਸ ਤਰ੍ਹਾਂ ਚੰਦੂ ਨੂੰ ਬਹੁਤ ਜ਼ਲੀਲ ਕੀਤਾ ਗਿਆ। ਹੱਟੀ ਹੱਟੀ ਉਸ ਤੋਂ ਕੌਡੀਆਂ ਮੰਗਵਾਈਆਂ ਗਈਆਂ।

ਇਸ ਤਰ੍ਹਾਂ ਗਲੀਆਂ ਕੂਚਿਆਂ ਵਿਚੋਂ ਹੁੰਦੇ ਹੋਏ ਜਦ ਉਸ ਭੜਭੂੰਜੇ ਦੀ ਦੁਕਾਨ ਤੇ ਪੁਜੇ ਜਿਸ ਪਾਸੋਂ ਚੰਦੂ ਨੇ ਗੁਰੂ ਜੀ ਉਤੇ ਤੱਤੀ ਰੇਤ ਪਵਾਈ ਸੀ ਤਾਂ ਉਹ ਭੜਭੂੰਜਾ ਬੜੇ ਕਰੋਧ ਵਿਚ ਆ ਗਿਆ।

ਉਸ ਨੇ ਬਲਦੀ ਬਲਦੀ ਰੇਤ ਚੰਦੂ ਦੇ ਸਿਰ ਵਿਚ ਪਾਈ। ਚੰਦੂ ਕੁਰਲਾ ਉਠਿਆ ਅਤੇ ਚੀਕਾਂ ਮਾਰਨ ਲੱਗਾ।

ਤਦ ਉਸ ਭੜਭੂੰਜੇ ਨੇ ਕਿਹਾ, 'ਜਦ ਇਹੋ ਰੇਤ ਸਤਿਗੁਰੂ ਜੀ ਦੇ ਸਿਰ ਵਿਚ ਪਵਾਈ ਸੀ ਤਾਂ ਉਨ੍ਹਾਂ ਤਾਂ ਸੀਅ ਨਹੀਂ ਸੀ ਕੀਤੀ ਤੇ ਤੂੰ ਚੀਕਾਂ ਮਾਰ ਰਿਹਾ ਹੈਂ, ਹੁਣ ਸ਼ਰਮ ਨਹੀਂ ਆਉਂਦੀ?'

ਫਿਰ ਉਸ ਗੁੱਸੇ ਵਿਚ ਆ ਕੇ ਰੇਤ ਵਾਲਾ ਕੜਛਾ ਜੋੜ ਨਾਲ ਚੰਦੂ ਦੇ ਸਿਰ ਤੇ ਮਾਰਿਆ ਤਾਂ ਚੰਦੂ ਦੇ ਪ੍ਰਾਣ ਨਿਕਲ ਗਏ।

ਉਹ ਧਰਤੀ ਤੇ ਢਹਿ ਪਿਆ। ਉਸ ਦੀ ਲਾਸ਼ ਨੂੰ ਫਿਰ ਦਰਿਆ ਕੰਢੇ ਕੁਤਿਆਂ ਦੇ ਖਾਣ ਵਾਸਤੇ ਸੁੱਟ ਆਏ।

ਕੁਝ ਸਮਾਂ ਲਾਹੌਰ ਠਹਿਰ ਕੇ ਗੁਰੂ ਜੀ ਫਿਰ ਅੰਮ੍ਰਿਤਸਰ ਆ ਗਏ।

Disclaimer Privacy Policy Contact us About us