ਗੁਰਸਿਖੀ ਦਾ ਪ੍ਰਚਾਰ ਅਤੇ ਪਸਾਰ


ਲਗਭਗ ਸੋਲ੍ਹਾਂ ਸਾਲ ਸੰਨ 1627 ਈ: ਤਕ ਗੁਰੂ ਜੀ ਅਤੇ ਮੁਗ਼ਲ ਬਾਦਸ਼ਾਹ ਦੇ ਸੰਬੰਧ ਬੜੇ ਮਿੱਤ੍ਰਤਾ ਭਰਪੂਰ ਰਹੇ।

ਗੁਰੂ ਜੀ ਨੂੰ ਪੂਰੇ ਅਮਨ ਅਮਾਨ ਨਾਲ ਸਿੱਖੀ ਦੇ ਪ੍ਰਚਾਰ ਦਾ ਮੌਕਾ ਮਿਲਿਆ। ਨਾਲ ਹੀ ਉਹ ਆਪਣੀ ਸੈਨਿਕ ਸ਼ਕਤੀ ਨੂੰ ਵੀ ਮਜ਼ਬੂਤ ਕਰਦੇ ਗਏ।

ਜਹਾਂਗੀਰ ਨੇ ਕਦੀ ਇਸ ਤੇ ਇਤਰਾਜ਼ ਨਹੀਂ ਕੀਤਾ ਕਿਉਂਕਿ ਉਸ ਨੂੰ ਗੁਰੂ ਜੀ ਦੀ ਸਚਿਆਈ ਅਤੇ ਨੇਕ ਆਦਰਸ਼ ਦਾ ਪੂਰਾ ਵਿਸ਼ਵਾਸ ਹੋ ਚੁੱਕਾ ਸੀ।

ਆਪ ਜੀ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਸਿੱਖੀ ਦੇ ਅਸਥਾਨ ਕਾਇਮ ਕੀਤੇ ਜਿਸ ਨਾਲ ਗੁਰਮਤ ਦੇ ਪ੍ਰਚਾਰ ਵਿਚ ਬੜਾ ਵਾਧਾ ਹੋਇਆ ਅਤੇ ਹਜ਼ਾਰਾਂ ਹਿੰਦੂ ਤੇ ਮੁਸਲਮਾਨ ਇਸ ਵਲ ਪ੍ਰੇਰਤ ਹੋਏ।

ਗੁਰਦੁਆਰਾ ਡੇਰਾ ਸਾਹਿਬ ਦੀ ਸਥਾਪਨਾ-

ਗੁਰੂ ਸਾਹਿਬ ਨੇ ਪਰਚਾਰ ਹਿਤ ਦੇਸ਼ ਦਾ ਰਟਨ ਆਰੰਭ ਕੀਤਾ। ਪਹਿਲਾਂ ਆਪ ਲਾਹੌਰ ਆਏ ਅਤੇ ਮੁਜ਼ੰਗਾ ਵਿਚ ਡੇਰਾ ਕੀਤਾ। ਬਾਦਸ਼ਾਹ ਦੇ ਸੱਦੇ ਤੇ ਆਪ ਨੇ ਉਸ ਨਾਲ ਮੁਲਾਕਾਤ ਕੀਤੀ।

ਲਾਹੌਰ ਰਹਿ ਕੇ ਆਪ ਨੇ ਬਾਉਲੀ ਸਾਹਿਬ ਦੀ ਸੇਵਾ ਕਰਾਈ ਤੇ ਦਰਿਆ ਰਾਵੀ ਕੋਲ ਜਿਸ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾਏ ਸਨ, ਉਸ ਜਗ੍ਹਾਂ ਛੋਟੀ ਜਿਹਿ ਧਰਮਸਾਲ ਬਣਵਾਈ। ਭਾਈ ਲੰਗਾਹ ਇਥੋਂ ਦੀ ਸੇਵਾ ਸੰਭਾਲ ਵਾਸਤੇ ਰਖੇ ਗਏ।

ਡਰੌਲੀ ਵਿਖੇ ਪ੍ਰਚਾਰ –

ਥੋੜ੍ਹੇ ਸਮੇਂ ਮਗਰੋਂ ਗੁਰੂ ਜੀ ਨੇ ਸਿਖੀ ਦੇ ਪ੍ਰਚਾਰ ਹਿਤ ਮਾਲਵੇ ਦੇ ਇਲਾਕੇ ਦਾ ਰਟਨ ਕੀਤਾ। ਪਿੰਡ ਡਰੌਲੀ ਜ਼ਿਲਾ ਫ਼ਿਰੋਜਪੁਰ ਵਿਖੇ ਆਪ ਦਾ ਸਾਂਢੂ ਭਾਈ ਸਾਈਂ ਦਾਸ ਨਿਵਾਸ ਕਰਦਾ ਸੀ।

ਉਹ ਆਪ ਦਾ ਸ਼ਰਧਾਵਾਨ ਸਿੱਖ ਵੀ ਸੀ। ਉਸ ਦੀ ਬੇਨਤੀ ਤੇ ਗੁਰੂ ਜੀ ਕਾਫ਼ੀ ਦਿਨ ਉਸ ਪਾਸ ਡਰੌਲੀ ਵਿਖੇ ਰਹੇ। ਗੁਰੂ ਜੀ ਦੀ ਆਵੰਦ ਸੁਣ ਕੇ ਲੋਕ ਦੂਰੋਂ ਦੂਰੋਂ ਦਰਸ਼ਨਾਂ ਲਈ ਪਹੁੰਚਣ ਲੱਗੇ। ਦਰਸ਼ਨ ਪਾ ਕੇ ਨਿਹਾਲ ਹੁੰਦੇ।

ਇਥੇ ਅਨੇਕਾਂ ਭਟਕਦੀਆਂ ਆਤਮਾਵਾਂ ਨੇ ਸ਼ਾਂਤੀ ਪ੍ਰਾਪਤ ਕੀਤੀ ਤੇ ਗੁਰਸਿੱਖੀ ਧਾਰਨ ਕੀਤੀ। ਇਨ੍ਹਾਂ ਵਿਚ ਸਾਧੂ ਤੇ ਰੂਪਾ ਦੋ ਭਰਾ ਵੀ ਸਨ ਜਿਹੜੇ ਪਹਿਲਾਂ ਸਖ਼ੀ ਸਰਵਰ ਦੇ ਉਪਾਸ਼ਕ ਸਨ।

ਨਨਕਾਣਾ ਸਾਹਿਬ ਦੀ ਸਥਾਪਨਾ –

ਗੁਰੂ ਜੀ ਵਜ਼ੀਰਾਬਾਦ, ਭਾਈ ਕੇ ਮੱਟੂ, ਹਾਫ਼ਿਜ਼ਾਬਾਦ ਅਤੇ ਸ਼ਰਕਪੁਰ ਆਦਿ ਥਾਵਾਂ ਤੋਂ ਹੁੰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਪਹੁੰਚੇ।

ਉਥੇ ਆਪ ਨੇ ਸਭਨਾਂ ਗੁਰ ਅਸਥਾਨਾਂ ਦੀ ਸੇਵਾ ਕਰਾਈ ਅਤੇ ਸੰਭਾਲ ਦਾ ਯੋਗ ਪ੍ਰਬੰਧ ਕੀਤਾ। ਕੁਝ ਸਮਾਂ ਉਥੇ ਠਹਿਰ ਕੇ ਆਪ ਅੰਮ੍ਰਿਤਸਰ ਪਰਤੇ।

Disclaimer Privacy Policy Contact us About us