ਕਸ਼ਮੀਰ ਵਲ ਜਾਣਾ


ਗੁਰੂ ਜੀ ਕਸ਼ਮੀਰ ਵਲ ਜਾਂਦੇ ਹੋਏ ਰਸਤੇ ਵਿਚ ਗੁਜਰਾਂ ਵਾਲੇ, ਵਜ਼ੀਰਾਬਾਦ ਭਿੰਬਰ ਆਦਿ ਥਾਵਾਂ ਤੇ ਠਹਿਰੇ ਤੇ ਅਸੰਖਾਂ ਪ੍ਰਾਣੀਆਂ ਨੂੰ ਗੁਰਸਿੱਖੀ ਦੀ ਦਾਤ ਬਖ਼ਸ਼ੀ।

ਫਿਰ ਆਪ ਕਸ਼ਮੀਰ ਪਹੁੰਚੇ। ਕਸ਼ਮੀਰ ਦਾ ਮੁਸਲਮਾਨ ਸੂਬੇਦਾਰ ਬੜਾ ਜਾਬਰ ਤੇ ਜਨੂੰਨੀ ਹਾਕਮ ਸੀ। ਉਸ ਨੇ ਹਕੂਮਤ ਦੇ ਦਾਬੇ ਨਾਲ ਅਣਗਿਣਤ ਹਿੰਦੂਆਂ ਨੂੰ ਆਪਣਾ ਧਰਮ ਛੱਡਣ ਤੇ ਮੁਸਲਮਾਨ ਬਣਨ ਤੇ ਮਜਬੂਰ ਕਰ ਦਿੱਤਾ ਸੀ। ਇਹ ਸਿਲਸਿਲਾ ਅਜੇ ਵੀ ਜਾਰੀ ਸੀ।

ਗੁਰੂ ਹਰਿਗੋਬਿੰਦ ਸਾਹਿਬ ਦੀ ਆਵੰਦ ਨਾਲ ਇਸ ਜਾਬਰ ਨੂੰ ਠਲ੍ਹ ਪੈ ਗਿਆ। ਸੂਬਾ ਗੁਰੂ ਜੀ ਦੇ ਬਾਦਸ਼ਾਹ ਨਾਲ ਮਿੱਤ੍ਰਤਾ ਵਾਲੇ ਸੰਬੰਧਾਂ ਤੋਂ ਜਾਣੂ ਸੀ ਤੇ ਚੰਦੂ ਦੇ ਹਸ਼ਰ ਨੂੰ ਵੇਖ ਸੁਣ ਚੁਕਾ ਸੀ, ਇਸ ਲਈ ਉਹ ਦੱੜ ਵੱਟ ਗਿਆ।

ਗੁਰੂ ਸਾਹਿਬ ਦੇ ਪ੍ਰਚਾਰ ਸਦਕਾ ਉਹ ਸਾਰੇ ਜੀਵ ਜੋ ਹਕੂਮਤੀ ਜਬਰ ਦੇ ਕਾਰਨ ਹਿੰਦੂਆਂ ਤੋਂ ਮੁਸਲਮਾਨ ਬਣੇ ਸਨ। ਸਿੱਖ ਮਤ ਦੇ ਦਾਇਰੇ ਵਿਚ ਆ ਗਏ।

ਹੋਰ ਵੀ ਹਜ਼ਾਰਾਂ ਹਿੰਦੂਆਂ, ਇਥੋਂ ਤੀਕ ਕਿ ਮੁਸਲਮਾਨਾਂ ਨੇ ਵੀ ਸਿੱਖ ਧਰਮ ਗ੍ਰਹਿਣ ਕੀਤਾ। ਖ਼ੁਦ ਸੂਬੇਦਾਰ ਤੇ ਵੀ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਕਾਫ਼ੀ ਪ੍ਰਭਾਵ ਪਿਆ ਉਹ ਸਤਿਗੁਰਾਂ ਦਾ ਸਿਦਕਵਾਨ ਬਣ ਗਿਆ।

ਗੁਰੂ ਸਾਹਿਬ ਨੇ ਭਾਈ ਗੜ੍ਹੀਏ ਨੂੰ ਕਸ਼ਮੀਰ ਵਿਚ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਦਾ ਕਾਰਜ ਸੰਭਾਲਿਆ। ਜਿਸ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ੍ਰੀ ਨਗਰ ਬਿਰਾਜਮਾਨ ਸਨ, ਉਥੇ ਸਮ੍ਰਥ ਰਾਮਦਾਸ ਜੀ ਵੀ ਰਹਿ ਰਹੇ ਸਨ।

ਰਾਮਦਾਸ ਜੀ ਸ਼ਿਵਾ ਜੀ ਮਰਹੱਟਾ ਦੇ ਧਾਰਮਕ ਗੁਰੂ ਸਨ। ਉਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮਿਲਣ ਆਏ। ਗੁਰੂ ਜੀ ਸ਼ਿਕਾਰ ਤੋਂ ਡੇਰੇ ਪਰਤੇ ਸਨ। ਉਹ ਘੋੜੇ ਤੇ ਸਵਾਰ ਸਨ ਤੇ ਉਨ੍ਹਾਂ ਸ਼ਸਤਰ ਪਹਿਨੇ ਹੋਏ ਸਨ।

ਸ੍ਰੀ ਸਮ੍ਰਥ ਰਾਮਦਾਸ ਇਹ ਵੇਖ ਕੇ ਕਹਿਣ ਲੱਗੇ, 'ਸਾਨੂੰ ਪਤਾ ਲੱਗਾ ਸੀ ਕਿ ਆਪ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬਿਰਾਜਮਾਨ ਹੋ।

ਪਰ ਗੁਰੂ ਨਾਨਕ ਦੇਵ ਜੀ ਤਾਂ ਤਿਆਗੀ ਸੰਤ ਸਨ, ਸਾਦਗੀ ਵਿਚ ਰਹਿੰਦੇ ਸਨ ਪਰ ਤੁਸੀਂ ਸ਼ਾਹੀ ਠਾਠ ਰਖੇ ਹੋਏ ਹਨ। ਹਥਿਆਰ ਸਜਾਉਂਦੇ ਹੋ, ਸੈਨਾ ਰਖੀ ਹੋਈ ਹੈ, ‘ਸਚਾ ਪਾਤਸ਼ਾਹ' ਕਹਾਉਂਦੇ ਹੋ। ਇਹ ਕਿਸ ਤਰ੍ਹਾਂ ਦੀ ਫ਼ਕੀਰੀ ਹੈ ਤੁਹਾਡੀ?'

ਗੁਰੂ ਜੀ ਨੇ ਉੱਤਰ ਦਿੱਤਾ, 'ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨਹੀਂ ਤਿਆਗਿਆ ਸੀ, ਮਾਇਆ ਤਿਆਗੀ ਸੀ। ਸਾਡੇ ਬਾਤਨ ਫ਼ਕੀਰੀ ਤੇ ਜ਼ਾਹਰ ਅਮੀਰੀ ਹੈ। ਸ਼ਸਤ੍ਰ ਅਸੀਂ ਗ਼ਰੀਬ ਦੀ ਰੱਖਿਆ ਤੇ ਜਰਵਾਣਿਆਂ ਦੀ ਭੱਖਿਆ ਲਈ ਪਹਿਨੇ ਹਨ'।

ਇਸ ਉੱਤਰ ਨਾਲ ਮਹਾਤਮਾ ਰਾਮਦਾਸ ਦੀ ਨਿਸ਼ਾ ਹੋ ਗਈ। ਉਨ੍ਹਾਂ ਗੁਰੂ ਜੀ ਅੱਗੇ ਸੀਸ ਨਿਵਾਇਆ।

Disclaimer Privacy Policy Contact us About us