ਪ੍ਰਿਥੀ ਚੰਦ ਦੀ ਬਾਲਕ ਹਰਿਗੋਬਿੰਦ ਜੀ ਨੂੰ ਮਾਰਣ ਦੀ ਕੋਸ਼ਿਸ਼


ਸ੍ਰੀ ਹਰਿਗੋਬਿੰਦ ਜੀ ਦੇ ਜਨਮ ਤੋਂ ਪਹਿਲਾਂ ਪ੍ਰਿਥੀ ਚੰਦ ਨੂੰ ਕੁਝ ਤਸੱਲੀ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਸੰਤਾਨ ਨਾ ਹੋਣ ਕਰਕੇ ਆਖ਼ਰ ਇਕ ਦਿਨ ਗੁਰਗੱਦੀ ਮੇਰੇ ਪੁਤੱਰ ਮਿਹਰਬਾਨ ਦੇ ਹੱਥ ਆਉਣੀ ਹੈ।

ਪਰ ਜਦੋਂ ਗੁਰੂ ਜੀ ਦੇ ਗ੍ਰਹਿ ਵਿਖੇ ਹਰਿਗੋਬਿੰਦ ਜੀ ਦਾ ਜਨਮ ਹੋਇਆ ਤਾਂ ਉਸ ਨੂੰ ਆਪਣੀ ਆਖ਼ਰੀ ਆਸ ਵੀ ਮਿੱਟੀ ਵਿੱਚ ਮਿਲਦੀ ਹੋਈ ਪ੍ਰਤੀਤ ਹੋਈ।

ਇਸ ਨਾਲ ਉਸ ਦੇ ਦੁੱਖ, ਰੰਜ ਤੇ ਰੋਹ ਦਾ ਕੋਈ ਟਿਕਾਣਾ ਨਹੀਂ ਸੀ। ਇਹ ਖ਼ਬਰ ਉਹਦੇ ਉੱਤੇ ਬਿੱਜ ਬਣਕੇ ਟੁੱਟੀ। ਉਸ ਦਾ ਗੁਸਾ ਤੇ ਰੋਹ ਇਕ ਖ਼ਤਰਨਾਕ ਇਰਾਦੇ ਵਿੱਚ ਬਦਲ ਗਿਆ। ਉਸ ਨੇ ਬਾਲ ਹਰਿਗੋਬਿੰਦ ਜੀ ਦੀ ਜਾਨ ਲੈਣ ਦਾ ਮਨਸੂਬਾ ਬਣਾਇਆ।

ਦੁੱਧ ਚੁੰਘਾਉਣਾ

ਸਭ ਤੋਂ ਪਹਿਲਾਂ ਉਸ ਨੇ ਤੇ ਉਸ ਦੀ ਘਰ ਵਾਲੀ ਕਰਮੋ ਨੇ ਬਾਲ ਹਰਿਗੋਬਿੰਦ ਦੀ ਖਿਡਾਈ ਦਾਈ ਨੂੰ ਹੱਥਾਂ ਵਿੱਚ ਕੀਤਾ ਤੇ ਉਸ ਦੇ ਥਣੀ ਨੂੰ ਜ਼ਹਿਰ ਲਾ ਕੇ ਭੇਜਿਆ।

ਦਾਈ ਨੇ ਹਰਿਗੋਬਿੰਦ ਜੀ ਨੂੰ ਦੁੱਧ ਚੁੰਘਾਉਣ ਦਾ ਯਤਨ ਕੀਤਾ ਪਰ ਆਪ ਨੇ ਦੁੱਧ ਨਾ ਚੁੰਘਿਆ ਤੇ ਮੁਖ ਪਰੇ ਕਰ ਲੀਤਾ। ਜ਼ਹਿਰ ਦੇ ਅਸਰ ਨਾਲ ਦਾਈ ਆਪ ਹੀ ਮਰ ਗਈ।

ਜ਼ਹਿਰੀਲਾ ਸੱਪ ਛੱਡਣਾ

ਜਦ ਇਹ ਵਿਉਂਤ ਸਿਰੇ ਨਾ ਚੜ੍ਹੀ ਤਾਂ ਪਾਪੀ ਪ੍ਰਿਥੀਏ ਨੇ ਇਕ ਸਪੇਰੇ ਨਾਲ ਗੰਢ ਤੁੱਪ ਕੀਤੀ। ਸਪੇਰੇ ਨੇ ਇਕ ਅਤੀ ਜ਼ਹਿਰੀਲਾ, ਫਨੀਅਰ ਸੱਪ ਬਾਲਕ ਹਰਿਗੋਬਿੰਦ ਜੀ ਦੇ ਕਮਰੇ ਵਿੱਚ ਛੱਡ ਦਿੱਤਾ। ਪਰ ਸੇਵਕਾਂ ਨੇ ਸੱਪ ਨੂੰ ਵੇਖ ਲਿਆ ਤੇ ਲਾਠੀਆਂ ਨਾਲ ਮਾਰ ਮੁਕਾਇਆ।

ਦਹੀਂ ਵਿੱਚ ਜ਼ਹਿਰ ਦੇਣਾ

ਪ੍ਰਿਥੀਏ ਨੇ ਇਕ ਤੀਜਾ ਵਾਰ ਹੋਰ ਕੀਤਾ। ਉਸ ਨੇ ਹਰਿਗੋਬਿੰਦ ਜੀ ਦੇ ਖਿਡਾਵੇ ਬ੍ਰਾਹਮਣ ਨੂੰ ਬਹੁਤ ਸਾਰਾ ਧਨ ਦੇ ਕੇ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਉਹ ਦਹੀਂ ਵਿੱਚ ਜ਼ਹਿਰ ਘੋਲ ਕੇ ਬਾਲਕ ਹਰਿਗੋਬਿੰਦ ਜੀ ਨੂੰ ਪਿਲਾ ਦੇਵੇ।

ਜਿਸ ਵੇਲੇ ਉਹ ਪਾਪੀ ਖਿਡਾਵਾ ਹਰਿਗੋਬਿੰਦ ਜੀ ਨੂੰ ਦਹੀਂ ਪਿਲਾਉਣ ਲੱਗਾ ਤਾਂ ਉਸ ਦੀ ਮੰਦੀ ਹਵਾੜ ਕਰਕੇ ਹਰਿਗੋਬਿੰਦ ਜੀ ਨੇ ਉਸ ਨੂੰ ਨਾ ਪੀਤਾ।

ਜਦੋਂ ਖਿਡਾਵਾ ਜ਼ੋਰੀ ਪਿਆਉਣ ਲੱਗਾ ਤਾਂ ਹਰਿਗੋਬਿੰਦ ਜੀ ਰੋਣ ਲੱਗ ਪਏ। ਉਹ ਦਹੀਂ ਵੱਲ ਮੂੰਹ ਨਾ ਕਰਨ। ਤਦ ਗੁਰੂ ਅਰਜਨ ਦੇਵ ਜੀ ਨੇ ਆਪ ਕਟੋਰਾ ਫੜ ਕੇ ਹਰਿਗੋਬਿੰਦ ਜੀ ਨੂੰ ਦਹੀਂ ਪਿਆਉਣ ਦਾ ਉਪਰਾਲਾ ਕੀਤਾ ਪਰ ਸਾਹਿਬਜ਼ਾਦਾ ਜੀ ਨੇ ਹੱਥ ਨਾਲ ਕਟੋਰਾ ਪਰੇ ਕਰ ਦਿੱਤਾ।

ਗੁਰੂ ਜੀ ਨੇ ਇਹ ਦਹੀਂ ਕੁੱਤੇ ਨੂੰ ਪਾ ਦਿੱਤਾ। ਕੁੱਤਾ ਦਹੀਂ ਖਾਂਦਿਆਂ ਹੀ ਮਰ ਗਿਆ। ਇਸ ਪ੍ਰਕਾਰ ਸਾਰਾ ਭੇਦ ਖੁਲ੍ਹ ਗਿਆ।

ਬ੍ਰਾਹਮਣ ਨੇ ਡਰਦੇ ਮਾਰੇ ਸਭ ਕੁਝ ਦੱਸ ਦਿੱਤਾ। ਇਸ ਕੁਕਰਮ ਦਾ ਫਲ ਵੀ ਉਸ ਨੂੰ ਝਟ ਹੀ ਮਿਲ ਗਿਆ। ਉਸ ਦੇ ਢਿੱਡ ਵਿੱਚ ਅਜਿਹਾ ਸੂਲ ਉੱਠਿਆ ਕਿ ਅਗਲੇ ਦਿਨ ਹੀ ਉਹ ਨਰਕ ਸਿਧਾਰ ਗਿਆ।

ਸੰਗਤਾਂ ਵਿੱਚ ਪ੍ਰਿਥੀਏ ਨੂੰ ਦੁਰਕਾਰਾਂ ਪਾਈਆਂ ਗਈਆਂ ਇਸ ਤੋਂ ਘਬਰਾ ਕੇ ਉਸ ਫੇਰ ਕੋਈ ਅਜਿਹੀ ਕਰਤੂਤ ਨਹੀਂ ਕੀਤੀ।

Disclaimer Privacy Policy Contact us About us