ਭਾਈ ਤਿਲੋਕਾ


ਭਾਈ ਤਿਲੋਕਾ ਗੁਰੂ ਘਰ ਦਾ ਸੱਚਾ ਭਗਤ ਸੀ। ਇਹ ਗਜ਼ਨੀ ਦੇ ਬਾਦਸ਼ਾਹ ਦਾ ਵੱਡਾ ਅਹਿਲਕਾਰ ਸੀ। ਬੜਾ ਸੂਰਮਾ ਸੀ। ਸ਼ਸਤਰ ਬਸਤਰ ਕੋਲ ਰਖਦਾ ਕਿਸੇ ਦੀ ਕੀ ਮਜਾਲ ਕਿ ਕੋਈ ਵੀ ਉਸ ਬਾਰੇ ਕਿਸੇ ਕਿਸਮ ਦੀ ਵਧ ਘਟ ਗੱਲ ਕਰੇ।

ਉਸ ਦਾ ਪੂਰਾ ਦਬ ਦਬਾ ਸੀ। ਉਹ ਸ਼ਿਕਾਰ ਖੇਡਿਆ ਕਰਦਾ ਸੀ। ਕਦੀ ਆਪਣੇ ਸਾਥੀਆਂ ਨਾਲ ਤੇ ਕਦੀ ਆਪ ਇਕੱਲਾ ਦੂਰ ਜੰਗਲ ਵਿਚ ਚਲਾ ਜਾਂਦਾ।

ਇਸ ਤਰ੍ਹਾਂ ਕਰਦਿਆਂ ਕਾਫ਼ੀ ਸਮਾਂ ਬੀਤ ਗਿਆ। ਕੁਝ ਮਨ ਨੇ ਪਲਟਾ ਖਾਧਾ। ਪਰ ਉਸ ਦੀ ਸ਼ਿਕਾਰ ਕਰਨ ਦੀ ਰੁਚੀ ਨਾ ਬਦਲੀ।

ਇਕ ਦਿਨ ਸ਼ਿਕਾਰ ਖੇਡਦਾ ਖੇਡਦਾ ਜੰਗਲ ਵਿਚ ਗਿਆ। ਹਰਨੀ ਦਾ ਸ਼ਿਕਾਰ ਕੀਤਾ। ਉਸ ਦੇ ਦੇਖਦਿਆਂ ਦੇਖਦਿਆਂ ਉਸ ਦੇ ਗਰਭ ਵਿਚੋਂ ਬੱਚੇ ਨਿਕਲੇ ਤੇ ਤੜਫ ਤੜਫ ਕੇ ਮਰ ਗਏ।

ਉਸ ਦੀ ਮਨ ਦੀ ਦਸ਼ਾ ਬਦਲੀ ਹੋਈ ਸੀ। ਇਸ ਤਰ੍ਹਾਂ ਹੋਣ ਨਾਲ ਉਸ ਦੇ ਮਨ ਤੇ ਅਜਿਹਾ ਅਸਰ ਹੋਇਆ ਕਿ ਉਸ ਨੇ ਸ਼ਸਤਰ ਲਾਹ ਦਿਤੇ ਅਤੇ ਇਕ ਕ੍ਰਿਪਾਨ ਲਕੜ ਦੀ ਪਹਿਨ ਲਈ ਤਾਂ ਕਿ ਉਸਦਾ ਬਾਦਸ਼ਾਹ ਅੱਗੇ ਪੜਦਾ ਬਣਿਆ ਰਵੇ।

ਕਾਜ਼ੀਆਂ ਤੇ ਦੂਜੇ ਅਹਿਲਕਾਰਾਂ ਨੂੰ ਜਦੋਂ ਪਤਾ ਲਗ੍ਹਾ ਤਾਂ ਉਨ੍ਹਾਂ ਨੇ ਉਸ ਦੇ ਵਿਰੁੱਧ ਸ਼ਿਕਾਇਤ ਕਰ ਦਿੱਤੀ ਇਸ ਤੇ ਬਾਦਸ਼ਾਹ ਨੇ ਉਸ ਨੂੰ ਸਦਿਆਂ ਤੇ ਸ਼ਸਤਰ ਕੱਢ ਕੇ ਦਿਖਾਉਣ ਲਈ ਕਿਹਾ ਇਸ ਤੇ ਉਹ ਬੜੀ ਔਖਿਆਈ ਵਿਚ ਫਸ ਗਿਆ ਕੀ ਕਰੇ ਤੇ ਕੀ ਨਾ ਕਰੇ।

ਇਸ ਸਮੇਂ ਉਸ ਗੁਰੂ ਸਾਹਿਬ ਨੂੰ ਸਚੇ ਦਿਲੋਂ ਅਰਾਧਿਆ ਕਿ ਮੇਰੀ ਪੈਜ ਰਖੋ। ਗੁਰੂ ਸਾਹਿਬ ਅੰਤਰਜਾਮੀ ਸਨ ਉਨ੍ਹਾਂ ਨੇ ਆਪਣੇ ਸਿੱਖ ਦੀ ਅਰਦਾਸ ਸੁਣੀ ਤੇ ਆਪਣੀ ਕ੍ਰਿਪਾਨ ਕੱਢੀ। ਉਸ ਦੀ ਚਮਕ ਦੇਖ ਕੇ ਬਾਦਸ਼ਾਹ ਤੇ ਕਾਜ਼ੀ ਹੈਰਾਨ ਰਹਿ ਗਏ।

ਕ੍ਰਿਪਾਨ ਨੂੰ ਕਢਦਿਆਂ ਤੇ ਮਿਆਨ ਵਿਚ ਪਾਂਦਿਆਂ ਦੇਖ ਕੇ ਸੰਗਤਾਂ ਨੇ ਪੁਛਿਆ ਪਾਤਸ਼ਾਹ ਜੀ, 'ਇਹ ਕੀ ਕੌਤਕ ਕਰ ਰਹੇ ਹੋ'।

ਤਾਂ ਆਪ ਜੀ ਨੇ ਕਿਹਾ ਕਿ, 'ਗਜ਼ਨੀ ਵਿਚ ਇਕ ਸਿੱਖ ਦੀ ਪ੍ਰੀਖਿਆ ਹੋ ਰਹੀ ਹੈ ਉਸ ਵਿਚ ਉਸ ਦੀ ਮਦਦ ਕਰ ਰਹੇ ਹਾਂ'।

ਇਹ ਕਹਿਕੇ ਉਨ੍ਹਾਂ ਨੇ ਸਾਰੀ ਵਾਰਤਾ ਸੁਣਾਈ। ਸੰਗਤਾਂ ਵਾਰਤਾ ਸੁਣ ਕੇ ਬੜੀਆਂ ਨਿਹਾਲ ਹੋਈਆਂ।

Disclaimer Privacy Policy Contact us About us