ਕੌਲਸਰ


ਇਹ ਸਰੋਵਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਵਿਖੇ ਸੰਮਤ ੧੬੮੪ ਵਿਚ ਤਿਆਰ ਕਰਵਾਇਆ।

ਇਸ ਦੀ ਸਾਖੀ ਇਸ ਪ੍ਰਕਾਰ ਹੈ ਕਿ ਜਦੋਂ ਗੁਰੂ ਸਾਹਿਬ ਲਾਹੌਰ, ਮੁਜ਼ੰਗਾਂ ਵਿਖੇ ਠਹਿਰੇ ਹੋਏ ਸਨ ਤਾਂ ਸਾਈ ਮੀਆਂ ਮੀਰ ਜੀ ਆਪ ਦੇ ਦਰਸ਼ਨਾਂ ਲਈ ਹਾਜ਼ਰ ਹੋਏ।

ਉਨ੍ਹਾਂ ਨੇ ਗੁਰੂ ਜੀ ਨੂੰ ਲਾਹੌਰ ਦੇ ਕਾਜ਼ੀ ਰੁਸਤਮ ਖ਼ਾਂ ਦੀ ਧੀ ਕੌਲਾਂ ਨੂੰ ਆਪਣੀ ਪਨਾਹ ਵਿਚ ਲੈਣ ਲਈ ਬੇਨਤੀ ਕੀਤੀ।

ਸਾਈਂ ਜੀ ਨੇ ਦਸਿਆ ਕਿ ਕੌਲਾਂ ਸਾਡੀ ਮੁਰੀਦ ਹੈ। ਉਹ ਬੰਦਗੀ ਤੇ ਇਬਾਦਤ ਵਲ ਲੱਗੀ ਹੋਈ ਹੈ ਤੇ ਸ਼ਾਦੀ ਵਿਆਹ ਦੇ ਦੁਨਿਆਵੀ ਬੰਧਨਾਂ ਵਿਚ ਨਹੀਂ ਪੈਣਾ ਚਾਹੁੰਦੀ।

ਉਹ ਆਪ ਦੇ ਦੀਵਾਨ ਵਿਚ ਹਾਜ਼ਰ ਹੁੰਦੀ ਰਹੀ ਹੈ ਤੇ ਦਿਲੋਂ ਆਪ ਦੀ ਸਿੱਖ ਬਣ ਗਈ ਹੈ। ਉਸ ਦਾ ਬਾਪ ਉਸ ਨੂੰ ਕਾਫ਼ਰ ਆਖਦਾ ਹੈ ਤੇ ਉਸ ਦੀ ਜਾਨ ਲੈਣਾ ਚਾਹੁੰਦਾ ਹੈ। ਜੇਕਰ ਆਪ ਉਸ ਨੂੰ ਆਸਰਾ ਦਿਉ ਤਾਂ ਉਸ ਦੀ ਜ਼ਿੰਦਗੀ ਬਚ ਜਾਏਗੀ।

ਗੁਰੂ ਜੀ ਨੇ ਸਾਈਂ ਜੀ ਦੀ ਬੇਨਤੀ ਮੰਨ ਲਈ। ਸਾਈਂ ਜੀ ਦੀ ਸਲਾਹ ਨਾਲ ਕੌਲਾਂ ਇਕ ਸਹੇਲੀ ਨੂੰ ਨਾਲ ਲੈ ਕੇ ਅੰਮ੍ਰਿਤਸਰ ਚਲੀ ਗਈ।

ਗੁਰੂ ਜੀ ਨੇ ਉਸ ਨੂੰ ਇਕ ਵੱਖਰਾ ਮਕਾਨ ਰਹਿਣ ਲਈ ਦਿੱਤਾ ਜਿਥੇ ਉਹ ਦਿਨ ਰਾਤ ਨਾਮ ਜਪਦੀ ਤੇ ਬੰਦਗੀ ਕਰਦੀ।

ਇਕ ਦਿਨ ਉਸ ਨੇ ਆਪਣੇ ਜ਼ੇਵਰ ਤੇ ਕੀਮਤੀ ਹੀਰੇ ਗੁਰੂ ਜੀ ਦੇ ਚਰਨਾਂ ਵਿਚ ਰੱਖ ਕੇ ਬੇਨਤੀ ਕੀਤੀ ਕਿ ਇਨ੍ਹਾਂ ਨੂੰ ਵੇਚ ਕੇ ਕਿਸੇ ਐਸੇ ਧਰਮ ਕਾਰਜ ਵਿਚ ਖ਼ਰਚ ਕਰੋ ਜਿਸ ਨਾਲ ਮੇਰਾ ਨਾਂ ਜਗਤ ਵਿਚ ਕਾਇਮ ਰਹੇ।

ਗੁਰੂ ਸਾਹਿਬ ਨੇ ਉਸ ਦੀ ਅਭਿਲਾਖਾ ਪੂਰੀ ਕਰਨ ਲਈ ਸੰਮਤ ੧੬੮੧ ਵਿਚ ਇਕ ਸਰੋਵਰ ਦੀ ਖੁਦਾਈ ਸ਼ੁਰੂ ਕੀਤੀ।

ਸੰਪੂਰਨ ਹੋਣ ਤੇ ਇਸ ਦਾ ਨਾਂ ਕੌਲਸਰ ਰਖਿਆ। ਇਹ ਸਰੋਵਰ ਗੁਰਦੁਆਰਾ ਬਾਬਾ ਅੱਟਲ ਦੇ ਕੋਲ ਸਥਿਤ ਹੈ।

Disclaimer Privacy Policy Contact us About us