ਮਹਿਰਾਜ ਜਾਂ ਮਰਾਝ


ਮਾਲਵੇ ਦਾ ਇਹ ਉੱਘਾ ਨਗਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਮਤ ੧੬੮੪ ਮੁਤਾਬਕ ਸੰਨ 1627 ਈ: ਵਿਚ ਆਬਾਦ ਕੀਤਾ ਸੀ। ਉਸ ਸਮੇਂ ਆਪ ਮਾਲਵੇ ਵਿਚ ਸਿੱਖੀ ਦਾ ਪਰਚਾਰ ਕਰ ਰਹੇ ਸਨ।

ਰਟਨ ਕਰਦੇ ਆਪ ਪਿੰਡ ਮਾੜੀ ਪਹੁੰਚੇ। ਇਸ ਜਗ੍ਹਾ ਕੌੜੇ ਭੁਲਰਾਂ ਦੇ ਵਡਕੇ ਦਾ ਮੇਲਾ ਲਗਦਾ ਹੁੰਦਾ ਸੀ। ਗੁਰੂ ਸਾਹਿਬ ਨੇ ਮੇਲੇ ਵਿਚ ਆਏ ਲੋਕਾਂ ਵਿਚ ਗੁਰਮਤ ਦਾ ਪਰਚਾਰ ਕੀਤਾ ਜਿਸ ਨਾਲ ਬਹੁਤ ਸਾਰੇ ਲੋਕਾਂ ਨੇ ਸਿੱਖੀ ਧਾਰਨ ਕੀਤੀ।

ਇਹਨਾਂ ਵਿਚ ਮਹਿਰਾਜ (ਮਰਾਝ) ਦੀ ਸੰਤਾਨ ਵਿਚੋਂ ਮੋਹਨ ਤੇ ਉਸ ਦੇ ਦੋ ਪੁੱਤਰ ਰੂਪ ਚੰਦ ਤੇ ਕਾਲਾ ਵੀ ਸ਼ਾਮਲ ਸਨ। ਇਹ ਲੋਕ ਸਿੱਧੂ ਜੱਟ ਸਨ।

ਇਹਨਾਂ ਨੂੰ ਪਚਾਧਿਆਂ ਤੇ ਭੱਟੀਆਂ ਨੇ ਬੇਘਰ ਬਣਾ ਦਿੱਤਾ ਸੀ ਤੇ ਇਹ ਵਿਚਾਰੇ ਟੱਪਰੀ ਵਾਸਾਂ ਵਾਲਾ ਜੀਵਨ ਬਿਤਾ ਰਹੇ ਸਨ।

ਮੋਹਨ ਤੇ ਉਹਦੇ ਪੁੱਤਰਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅੱਗੇ ਬੇਨਤੀ ਕੀਤੀ ਕਿ,

'ਸੱਚੇ ਪਾਤਸ਼ਾਹ! ਸਾਡੇ ਘਰ ਘਾਟ ਖੋਹੇ ਗਏ ਹਨ, ਸਾਡਾ ਕੋਈ ਟਿਕਾਣਾ ਨਹੀਂ ਰਿਹਾ। ਸਾਡੇ ਤੇ ਕਿਰਪਾ ਕਰੋ। ਕੌੜੇ ਭੁੱਲਰਾਂ ਨੂੰ ਕਹਿ ਕੇ ਸਾਨੂੰ ਉਨ੍ਹਾਂ ਕੋਲੋਂ ਪਿੰਡ ਬੰਨ੍ਹਣ ਲਈ ਥੋੜੀ ਜ਼ਮੀਨ ਲੈ ਦਿਉ'।

ਉਨ੍ਹਾਂ ਦੀ ਬੇਨਤੀ ਮੰਨ ਕੇ ਗੁਰੂ ਸਾਹਿਬ ਨੇ ਭੁੱਲਰਾਂ ਦੇ ਮੁਖੀਆਂ ਲਾਲ ਤੇ ਬਘੇਲ ਨੂੰ ਬੁਲਾਇਆ ਤੇ ਆਖਿਆ ਕਿ ਇਨ੍ਹਾਂ ਗ਼ਰੀਬ ਜੱਟਾਂ ਨੂੰ ਪਿੰਡ ਬੰਨ੍ਹਣ ਵਾਸਤੇ ਥੋੜ੍ਹੀ ਭੋਂ ਦੇ ਦਿਉ।

ਪਰ ਭੁੱਲਰ ਬੜੇ ਅੱਖੜ ਤੇ ਉਜੱਡ ਸਨ। ਉਨ੍ਹਾਂ ਨੇ ਭੋਂ ਦੇਣਾ ਨਾ ਮੰਨਿਆ। ਤਦ ਗੁਰੂ ਜੀ ਨੇ ਮੋਹਨ ਦੇ ਪੋਤਰਿਆਂ ਦੇ ਪੁੱਤਰਾਂ ਨੂੰ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ, ਇਥੋ ਤੁਰ ਪਵੋ। ਜਿਥੇ ਰਾਤ ਪੈ ਜਾਵੇ, ਉਥੇ ਰੁਕ ਜਾਉ ਤੇ ਪਿੰਡ ਬੰਨ੍ਹ ਲਵੋ।

ਮੁੰਡਿਆਂ ਨੇ ਆਗਿਆ ਅਨੁਸਾਰ ਅਮਲ ਕੀਤਾ। ਜਿਸ ਜਗ੍ਹਾ ਉਨ੍ਹਾਂ ਨੂੰ ਰਾਤ ਪਈ, ਉਥੇ ਉਨ੍ਹਾਂ ਨੇ ਪਿੰਡ ਦੀ ਮੋੜ੍ਹੀ ਗੱਡ ਦਿੱਤੀ।

ਇਸ ਪਿੰਡ ਦਾ ਨਾਂ ਮਹਿਰਾਜ ਰਖਿਆ ਗਿਆ। ਪਿੰਡ ਬੰਨ੍ਹਣ ਤੇ ਕੌੜੇ ਭੁੱਲਰ ਬੜੇ ਔਖੇ ਹੋਏ। ਉਨ੍ਹਾਂ ਨੇ ਜੈਦ ਪਰਾਣੇ ਨੂੰ ਨਾਲ ਲੈ ਕੇ ਮਹਿਰਾਜ ਕਿਆਂ ਉੱਤੇ ਹਮਲਾ ਕਰ ਦਿੱਤਾ।

ਗੁਰੂ ਹਰਿਗੋਬਿੰਦ ਸਾਹਿਬ ਨੇ ਮਹਿਰਾਜ ਕਿਆਂ ਦੀ ਮਦਦ ਕੀਤੀ। ਭੁੱਲਰ ਹਾਰ ਖਾ ਗਏ। ਜੈਦ ਪਰਾਣਾ ਮਾਰਿਆ ਗਿਆ।

ਮਹਿਰਾਜ ਜਾਂ ਮਰਾਝ ਫ਼ੀਰੋਜਪੁਰ ਦੇ ਜ਼ਿਲੇ ਵਿਚ ਬਾਹੀਏ ਦਾ ਉੱਘਾ ਨਗਰ ਹੈ। ਸ੍ਰੀ ਹਰਿਗੋਬਿੰਦ ਸਾਹਿਬ ਦੇ ਵਰ ਸਦਕਾ ਇਸ ਤੋਂ ਬਾਹਿਆ ਬਣਿਆ ਅਤੇ ਫੂਲ ਬੰਸ ਦੀ ਨੀਂਹ ਪਈ।

Disclaimer Privacy Policy Contact us About us