ਸ੍ਰੀ ਹਰਿਗੋਬਿੰਦ ਪੁਰ


ਇਹ ਨਗਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ 1654 ਵਿਚ ਜ਼ਿਲ੍ਹਾ ਗੁਰਦਾਸ ਪੁਰ ਵਿਚ ਵਸਾਇਆ ਸੀ। ਇਸ ਦਾ ਨਾਂ ਆਪ ਨੇ ਸ੍ਰੀ ਹਰਿਗੋਬਿੰਦਪੁਰ ਰਖਿਆ ਸੀ।

ਬਾਅਦ ਵਿਚ ਦੋਖੀ ਚੰਦੂ ਨੇ ਸਾਜ਼ਸ਼ ਕਰਕੇ ਇਹ ਭਗਵਾਨ ਦਾਸ ਘੇਰੜ ਨੂੰ ਦਿਲਾ ਦਿੱਤਾ। ਛੇਵੇ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਸੰਮਤ 1687 ਵਿਚ ਇਸ ਥਾਂ ਆਏ ਤਾਂ ਭਗਵਾਨ ਦਾਸ ਨੇ ਕਰੜਾ ਵਿਰੋਧ ਕੀਤਾ।

ਨਤੀਜੇ ਵਜੋਂ ਯੁੱਧ ਹੋਇਆ ਤੇ ਭਗਵਾਨ ਦਾਸ ਨੂੰ ਆਪਣੇ ਸਾਥੀਆਂ ਸਮੇਤ ਫਲ ਭੁਗਤਣਾ ਪਿਆ।

ਸ੍ਰੀ ਹਰਿਗੋਬਿੰਦ ਸਾਹਿਬ ਨੇ ਇਸ ਨਗਰ ਨੂੰ ਵਧੇਰੇ ਰੌਣਕ ਬਖ਼ਸ਼ੀ। ਆਪ ਨੇ ਇਥੇ ਮੁਸਲਮਾਨਾਂ ਲਈ ਇਕ ਮਸਜਿਦ ਵੀ ਬਣਵਾਈ। ਨਗਰ ਦਾ ਨਾਂ ਸ੍ਰੀ ਹਰਿਗੋਬਿੰਦ ਪੁਰ ਪੈ ਗਿਆ।

ਬਾਦਸ਼ਾਹ ਜਹਾਂਗੀਰ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਦੋਸਤਾਨਾ ਸਬੰਧ ਬਣਨ ਨਾਲ ਗੁਰੂ ਸਾਹਿਬ ਨੂੰ ਧਰਮ ਪਰਚਾਰ ਅਤੇ ਰਚਨਾਤਮਕ ਕਾਰਜਾਂ ਲਈ ਸ਼ਾਂਤੀ ਦਾ ਲੰਮਾ ਸਮਾਂ ਪ੍ਰਾਪਤ ਰਿਹਾ।

ਜਹਾਂਗੀਰ ਨੇ ਗੁਰੂ ਸਾਹਿਬ ਦੇ ਕੰਮਾਂ ਵਿਚ ਕੋਈ ਦਖ਼ਲ ਨਾ ਦਿੱਤਾ ਭਾਵੇਂ ਕਿ ਸਮੇਂ ਸਮੇਂ ਤੇ ਕੱਟੜ ਮੌਲਾਣੇ ਤੇ ਫ਼ੌਜੀ ਅਧਿਕਾਰੀ ਉਸ ਅੱਗੇ ਸ਼ਿਕਾਇਤਾਂ ਕਰਦੇ ਰਹੇ।

ਗੁਰੂ ਸਾਹਿਬ ਦੇ ਹੁਕਮ ਸਦਕਾ ਸਿੱਖਾਂ ਵੱਲੋਂ ਵੀ ਕੋਈ ਭੜਕਾਵੀਂ ਕਾਰਵਾਈ ਨਹੀਂ ਹੋਈ। ਉਹ ਬੜੇ ਜ਼ਬਤ ਤੇ ਸੰਜਮ ਵਿਚ ਰਹਿੰਦੇ ਰਹੇ।

ਗੁਰੂ ਸਾਹਿਬ ਦੇ ਯਤਨਾਂ ਨਾਲ ਹਿੰਦੂ, ਮੁਸਲਮਾਨ ਤੇ ਸਿੱਖ ਇਕ ਦੂਜੇ ਦੇ ਨੇੜੇ ਆਏ ਤੇ ਉਨ੍ਹਾਂ ਅੰਦਰ ਧਾਰਮਕ ਸਹਿਨਸ਼ੀਲਤਾ ਪੈਦਾ ਹੋਈ ਜਿਸ ਨਾਲ ਦੇਸ਼ ਵਿਚ ਬੜਾ ਸੁਖਾਵਾਂ ਵਾਤਾਵਰਣ ਬਣਿਆ।

Disclaimer Privacy Policy Contact us About us