(ਮਜ਼ਹਬ) ਮਤ ਬਦਲਣ ਤੇ ਬੰਦਸ਼


ਸੰਮਤ ੧੬੮੪ (ਸੰਨ 1627 ਈ:) ਵਿਚ ਜਹਾਂਗੀਰ ਦੀ ਮੌਤ ਹੋ ਗਈ ਤੇ ਉਸ ਦੀ ਜਗ੍ਹਾ ਸ਼ਹਿਜ਼ਾਦਾ ਖ਼ੁੱਰਮ ਸ਼ਾਹ ਜਹਾਨ ਦੇ ਨਾਂ ਨਾਲ ਤਖ਼ਤ ਉੱੱਤੇ ਬੈਠਾ।

ਜਹਾਂਗੀਰ ਦੀ ਬੇਗਮ ਨੂਰ ਜਹਾਂ ਚੂੰਕਿ ਸ਼ਾਹ ਜਹਾਨ ਦੀ ਵਿਰੋਧੀ ਸੀ, ਇਸ ਲਈ ਸ਼ਾਹ ਜਹਾਨ ਨੇ ਆਪਣੇ ਪੈਰ ਪੱਕੇ ਕਰਨ ਲਈ ਸ਼ਰਈ ਮੁਸਲਮਾਨਾਂ ਤੇ ਕੱਟੜ ਮੌਲਾਣਿਆਂ ਨੂੰ ਆਪਣੇ ਨਾਲ ਗੰਢ ਲਿਆ।

ਉਨ੍ਹਾਂ ਨੇ ਖ਼ੁਸ਼ ਕਰਨ ਲਈ ਉਸ ਨੇ ਗ਼ੈਰ ਮੁਸਲਮਾਨਾਂ ਵਲ ਜਹਾਂਗੀਰ ਦੀ ਨੀਤੀ ਨੂੰ ਬਿਲਕੁਲ ਹੀ ਬਦਲ ਦਿੱਤਾ।

ਉਸਨੇ ਮਜ਼ਹਬੀ ਮਾਮਲਿਆਂ ਵਿਚ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ। ਉਸ ਨੇ ਮੁਸਲਮਾਨਾਂ ਨੂੰ ਇਸਲਾਮ ਛੱਡਣ ਤੇ ਕੋਈ ਹੋਰ ਧਰਮ ਗ੍ਰਹਿਣ ਕਰਨ ਦੀ ਪ੍ਰੇਰਨਾ ਦੇਣ ਉੱਤੇ ਕਰੜੀ ਰੋਕ ਲਾ ਦਿੱਤੀ।

ਇਸ ਦੀ ਵਜ੍ਹਾ ਇਹ ਸੀ ਕਿ ਗੁਰੂ ਹਰਿਗੋਬਿੰਦ ਸਾਹਿਬ ਦੀ ਸਿੱਖਿਆ ਅਤੇ ਜੀਵਨ ਜੁਗਤੀ ਤੋਂ ਪ੍ਰਭਾਵਤ ਹੋ ਕੇ ਹਜ਼ਾਰਾਂ ਮੁਸਲਮਾਨ, ਖ਼ਾਸ ਕਰਕੇ ਉਹ ਜੋ ਹਿੰਦੂਓ ਮੁਸਲਮਾਨ ਬਣੇ ਸਨ, ਸਿੱਖ ਬਣ ਗਏ ਸਨ।

ਕਈ ਜਨਮ ਦੇ ਮੁਸਲਮਾਨ ਵੀ ਸਿੱਖ ਧਰਮ ਦੀ ਸਾਦਗੀ ਤੇ ਪਵਿੱਤਰਤਾ ਨੂੰ ਵੇਖ ਕੇ ਇਸ ਵਲ ਝੁਕੇ ਤੇ ਸਿੱਖ ਬਣੇ ਸਨ।

ਇਹ ਰੌਂ ਹੌਲੀ ਹੌਲੀ ਵਧ ਰਹੀ ਸੀ। ਇਸ ਤੋਂ ਕੱਟੜ ਮੌਲਾਣੇ, ਕਾਜ਼ੀ ਤੇ ਸ਼ਾਹੀ ਅਹਿਲਕਾਰ ਬੜੇ ਔਖੇ ਹੋ ਰਹੇ ਸਨ। ਉਹ ਇਸ ਤਰ੍ਹਾਂ ਇਸਲਾਮ ਨੂੰ ਢਾਹ ਲੱਗੀ ਸਮਝ ਰਹੇ ਸਨ।

ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਧੀ ਕੌਲਾਂ ਦਾ ਸਿੱਖ ਬਣਨਾ ਤੇ ਗੁਰੂ ਸਾਹਿਬ ਦੀ ਸ਼ਰਨ ਚਲੇ ਜਾਣਾ ਅਜਿਹੀ ਘਟਨਾ ਸੀ ਜਿਸ ਨਾਲ ਉਨ੍ਹਾਂ ਦੇ ਖ਼ੂਨ ਉਬਲ ਰਹੇ ਸਨ।

ਪਰ ਜਹਾਂਗੀਰ ਦੀ ਉਦਾਰ ਨੀਤੀ ਕਾਰਨ ਉਨ੍ਹਾਂ ਦਾ ਕੋਈ ਜ਼ੋਰ ਨਹੀਂ ਸੀ ਚਲਦਾ।

ਹੁਣ ਸ਼ਾਹ ਜਹਾਨ ਨੇ ਉਨ੍ਹਾਂ ਦੀ ਮਦਦ ਨਾਲ ਤਖ਼ਤ ਸੰਭਾਲਣ ਨਾਲ ਉਨ੍ਹਾਂ ਨੂੰ ਮੌਕਾ ਮਿਲ ਗਿਆ ਕਿ ਮਜ਼ਹਬੀ ਮਾਮਲਿਆਂ ਵਿਚ ਕੱਟੜ ਨੀਤੀ ਇਖ਼ਤਿਆਰ ਕਰ ਸਕਣ।

ਉਨ੍ਹਾਂ ਦੇ ਜ਼ੋਰ ਦੇਣ ਤੇ ਸ਼ਾਹ ਜਹਾਨ ਨੇ ਮੁਸਲਮਾਨਾਂ ਲਈ ਮਜ਼ਹਬ ਬਦਲਣ ਦੀ ਮਨਾਹੀ ਕਰ ਦਿੱਤੀ। ਬਾਦਸ਼ਾਹ ਦੇ ਹੁਕਮ ਨਾਲ ਮੰਦਰ ਢਾਹੇ ਜਾਣ ਲੱਗੇ। ਉਨ੍ਹਾਂ ਦੀ ਜਗ੍ਹਾ ਮਸੀਤਾਂ ਉਸਾਰੀਆਂ ਜਾਣ ਲੱਗੀਆਂ।

ਲਾਹੌਰ ਦੇ ਡੱਬੀ ਬਾਜ਼ਾਰ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਬਾਉਲੀ ਬਣਵਾਈ ਸੀ, ਸ਼ਾਹ ਜਹਾਨ ਦੇ ਹੁਕਮ ਨਾਲ ਉਸ ਨੂੰ ਪੂਰ ਦਿੱਤਾ ਗਿਆ। ਲੰਗਰ ਦੀ ਜਗ੍ਹਾ ਮਸੀਤ ਬਣਾ ਦਿੱਤੀ ਗਈ।

ਇਹ ਸਾਰੀਆਂ ਗੱਲਾਂ ਸਿੱਖਾਂ ਲਈ ਅਸਹਿ ਹੋ ਗਈਆਂ। ਉਹ ਨਾ ਤਾਂ ਧਰਮ ਪਰਚਾਰ ਵਿਚ ਕਿਸੇ ਪ੍ਰਕਾਰ ਦੀ ਰੋਕ ਬਰਦਾਸ਼ਤ ਕਰਨ ਨੂੰ ਤਿਆਰ ਸਨ ਤੇ ਨਾ ਧਰਮ ਅਸਥਾਨਾਂ ਦੀ ਬੇਅਦਬੀ ਹੁੰਦੀ ਸਹਾਰ ਸਕਦੇ ਸਨ।

ਸੋ ਹਕੂਮਤ ਦੀਆਂ ਇਹਨਾਂ ਕਾਰਵਾਈਆਂ ਕਰਕੇ ਉਨ੍ਹਾਂ ਦਾ ਭੜਕ ਉੱਠਣਾਂ ਸੁਭਾਵਕ ਸੀ।

ਦੂਜੇ ਪਾਸੇ ਮੁਸਲਮਾਨ ਹਕੂਮਤ ਦੀ ਪੁਸ਼ਤ ਪਨਾਹੀ ਕਰਕੇ ਭੂਤਰੇ ਹੋਏ ਸਨ।

ਇਸ ਨਾਲ ਦੋਹਾਂ ਧੜਿਆਂ ਵਿਚਾਲੇ ਟਕਰਾਅ ਦਾ ਮਾਹੌਲ ਬਣਦਾ ਗਿਆ। ਲੌੜ ਕੇਵਲ ਬਹਾਨੇ ਦੀ ਸੀ। ਉਹ ਵੀ ਜਲਦੀ ਹੀ ਬਣ ਗਿਆ।

Disclaimer Privacy Policy Contact us About us