ਸੰਤ ਸਿਪਾਹੀ


ਮੁਗ਼ਲਾਂ ਦੇ ਜ਼ੁਲਮ ਵੱਧਦੇ ਜਾਂਦੇ ਸਨ, ਜਹਾਂਗੀਰ ਦਾ ਮਜ਼ਹਬੀ ਜਨੂੰਨ ਵੱਧਦਾ ਜਾਂਦਾ ਸੀ। ਉਹ ਆਪਣੇ ਬਾਪ ਦੀ ਉਦਾਰ ਨੀਤੀ ਬਿਲਕੁਲ ਤਿਆਗ ਚੁੱਕਾ ਸੀ।

ਸ਼ਰਈ ਮੌਲਾਣਿਆਂ ਤੇ ਕਾਜ਼ੀਆਂ ਦੇ ਅਸਰ ਹੇਠ ਉਸ ਨੇ ਇਸਲਾਮ ਦੇ ਪਸਾਰ ਦਾ ਬੀੜਾ ਉਠਾ ਲਿਆ ਸੀ। ਹੁਣ ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾਉਣ ਦੇ ਸੁਪਨੇ ਲੈਂਦਾ ਸੀ।

ਹਿੰਦੂ ਤਾਂ ਮੁਰਦਾ ਹੋ ਚੁਕੇ ਸਨ। ਉਹ ਆਪਣਾ ਧਨ ਤੇ ਖੱਲੜੀ ਬਚਾਉਣ ਲਈ ਮੁਸਲਮਾਨੀ ਤੌਰ ਤਰੀਕੇ ਅਪਣਾ ਰਹੇ ਸਨ ਜਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸਿਆ ਸੀ :-

ਨੀਲ ਬਸਤ੍ਰ ਲੇ ਕਪੜੇ ਪਹਿਰੇ, ਤੁਰਕ ਪਠਾਣੀ ਅਮਲੁ ਕੀਆ ॥
ਅਤੇ –
ਖਤ੍ਰੀਆ ਤ ਧਰਮੁ ਛੋਡਿਆ, ਮਲੇਛ ਭਾਖਿਆ ਗਹੀ ॥

ਸੋ ਹਿੰਦੂਆਂ ਦੇ ਮੁਖੀ ਤਾਂ ਏਸ ਹੱਦ ਤੀਕ ਡਿੱਗ ਚੁਕੇ ਸਨ ਕਿ ਉਹਨਾਂ ਨੇ ਮੁਸਲਮਾਨੀ ਪਹਿਰਾਵਾ ਤੇ ਮਲੇਛ ਭਾਸ਼ਾ ਧਾਰਨ ਕਰਨੀ ਸ਼ੁਰੂ ਕਰ ਦਿੱਤੀ ਸੀ।

ਕੇਵਲ ਸਿੱਖ ਸੰਪ੍ਰਦਾਏ ਹੀ ਐਸੀ ਸੀ ਜਿਹੜੀ ਆਪਣੀ ਨਿਵੇਕਲੀ ਰਹਿਣੀ ਬਹਿਣੀ ਤੇ ਗੁਰਮਤ ਮਰਿਆਦਾ ਦੀ ਧਾਰਨੀ ਹੋਣ ਕਰਕੇ ਵੱਖਰੀ ਪਛਾਣ ਰੱਖਦੀ ਸੀ ਤੇ ਦ੍ਰਿੜ੍ਹਤਾ ਨਾਲ ਆਪਣੇ ਵਿਸ਼ਵਾਸ਼ਾਂ ਤੇ ਖੜੀ ਸੀ।

ਇਹ ਗੱਲ ਜਹਾਂਗੀਰ ਨੂੰ ਬੜੀ ਰੜਕਦੀ ਸੀ। ਉਹ ਇਹ ਮੰਨੀ ਬੈਠਾ ਸੀ ਕਿ ਇਸਲਾਮ ਤੋਂ ਇਲਾਵਾ ਸਾਰੇ ਧਰਮ ਕੁਫ਼ਰ ਤੇ ਪਖੰਡ ਹਨ।

ਇਸੇ ਧਾਰਨਾ ਕਰਕੇ ਉਸ ਨੇ ਆਪਣੀ ਸਵੈ ਜੀਵਨੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਘਟੀਆ ਸ਼ਬਦ ਵਰਤੇ ਸਨ। ਉਹ ਮੌਕੇ ਦੀ ਤਾੜ ਵਿੱਚ ਸੀ ਜਦੋਂ ਉਹ ਗੁਰੂ ਜੀ ਨੂੰ ਹੱਥ ਪਾ ਸਕੇ ਤੇ ਸਿੱਖ ਸੰਪਰਦਾਇ ਨੂੰ ਮਿਟਾ ਸਕੇ।

ਸ੍ਰੀ ਗੁਰੂ ਅਰਜਨ ਦੇਵ ਜੀ ਬਾਦਸ਼ਾਹ ਜਹਾਂਗੀਰ ਦੇ ਇਹਨਾਂ ਮੰਦੇ ਇਰਾਦਿਆਂ ਤੋਂ ਜਾਣੂ ਸਨ। ਉਹਨਾਂ ਨੇ ਆਪਣੀ ਬ੍ਰਹਮ ਦ੍ਰਿਸ਼ਟੀ ਨਾਲ ਪ੍ਰਤੀਤ ਕਰ ਲਿਆ ਸੀ ਕਿ ਮੁਗ਼ਲਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਸਿੱਖਾਂ ਨੂੰ ਤਲਵਾਰ ਚੁੱਕਣੀ ਪਵੇਗੀ ਤਦੇ ਹੀ ਉਹ ਸੱਚ ਧਰਮ ਦੀ ਰੱਖਿਆ ਤੇ ਪਸਾਰ ਕਰ ਸਕਣਗੇ।

ਇਸ ਵਿਚਾਰ ਨੂੰ ਮੁੱਖ ਰਖਦਿਆਂ ਹੋਇਆਂ ਉਹਨਾਂ ਨੇ ਸਾਹਿਬਜ਼ਾਦਾ ਹਰਿਗੋਬਿੰਦ ਜੀ ਨੂੰ ਬਾਬਾ ਬੁੱਢਾ ਜੀ ਦੇ ਸਪੁਰਦ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਗੁਰਮਤ ਦੀ ਸਿੱਖਿਆ ਦੇ ਨਾਲ ਨਾਲ ਸ਼ਸਤ੍ਰ ਵਿਦਿਆ ਦੀ ਵੀ ਸਿਖਲਾਈ ਦਿਉ ਅਤੇ ਸੰਤ ਸਿਪਾਹੀ ਬਣਾਉ।

Disclaimer Privacy Policy Contact us About us