ਸ੍ਰੀ ਹਰਿਗੋਬਿੰਦਪੁਰ ਦਾ ਯੁੱਧ


ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮੁਗ਼ਲਾਂ ਨਾਲ ਅਕਾਰਨ ਟਕਰਾਅ ਤੋਂ ਬਚਣਾ ਚਾਹੁੰਦੇ ਸਨ। ਆਪ ਅਮਨ ਤੇ ਸ਼ਾਤੀ ਦੇ ਇੱਛਾਵਾਨ ਸਨ। ਸ਼ਾਂਤੀ ਦੀ ਖ਼ਾਤਰ ਆਪ ਅੰਮ੍ਰਿਤਸਰ ਛੱਡ ਕੇ ਦੁਆਬੇ ਦੇ ਨਗਰ ਕਰਤਾਰ ਪੁਰ ਵਿਖੇ ਜਾ ਰਹੇ।

ਕੁਝ ਸਮੇਂ ਇਥੇ ਟਿਕ ਕੇ ਆਪ ਗੁਰਦਾਸਪੁਰ ਜ਼ਿਲੇ ਦੇ ਨਗਰ ਸ੍ਰੀ ਗੋਬਿੰਦਪੁਰ ਚਲੇ ਗਏ। ਇਹ ਨਗਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇਥੇ ਨਿਵਾਸ ਕਰਦਿਆਂ ਇਸ ਦਾ ਹੋਰ ਵਿਸਤਾਰ ਕੀਤਾ ਤੇ ਰੌਣਕ ਬਖ਼ਸ਼ੀ। ਆਪ ਦੇ ਨਿਵਾਸ ਕਰਕੇ ਇਸ ਦਾ ਨਾਂ ਸ੍ਰੀ ਹਰਿਗੋਬਿੰਦ ਪੁਰ ਪੈ ਗਿਆ।

ਇਸ ਇਲਾਕੇ ਦਾ ਸ਼ਾਹੀ ਮਾਲ ਗੁਜ਼ਾਰ ਭਗਵਾਨ ਦਾਸ ਘੇਰੜ ਸੀ। ਉਹ ਸਿਖਾਂ ਨਾਲ ਬੜੀ ਈਰਖਾ ਤੇ ਵੈਰ ਰੱਖਦਾ ਸੀ। ਉਸ ਨੇ ਅਕਾਰਨ ਹੀ ਗੁਰੂ ਜੀ ਨਾਲ ਵਾਦ ਵਿਵਾਦ ਛੇੜ ਦਿੱਤਾ।

ਸਿੱਖ ਜੋਸ਼ ਵਿਚ ਆ ਗਏ। ਲੜਾਈ ਹੋ ਗਈ। ਘੇਰੜ ਸਿੱਖਾਂ ਹੱਥੋਂ ਮਾਰਿਆ ਗਿਆ। ਪਿਤਾ ਦਾ ਬਦਲਾ ਲੈਣ ਲਈ ਉਸ ਦੇ ਪੁੱਤਰ ਰਤਨ ਚੰਦ ਨੇ ਜਲੰਧਰ ਦੇ ਫ਼ੌਜਦਾਰ ਅਬਦੁੱਲਾ ਖਾਂ ਕੋਲੋਂ ਸਹਾਇਤਾ ਮੰਗੀ।

ਅਬਦੁੱਲਾ ਕੱਟੜ ਤੇ ਮੁਤੱਸਬੀ ਬੰਦਾ ਸੀ। ਉਹ ਸਿੱਖਾਂ ਦੇ ਬੜਾ ਬਰਖ਼ਿਲਾਫ਼ ਰਹਿੰਦਾ ਸੀ। ਉਸ ਨੇ ਝਟ 4 ਹਜਾਰ ਦੀ ਫ਼ੌਜ ਚਾੜ੍ਹ ਦਿੱਤੀ।

ਜਦ ਗੁਰੂ ਜੀ ਨੂੰ ਇਸਦਾ ਪਤਾ ਲਗਾ ਤਾਂ ਉਨ੍ਹਾਂ ਵੀ ਸਿੱਖਾਂ ਨੂੰ ਮੋਰਚੇ ਸੰਭਾਲਣ ਦਾ ਆਦੇਸ਼ ਕਰ ਦਿੱਤਾ। ਫ਼ੌਜ ਦੇ ਨੇੜੇ ਪੁੱਜਣ ਤੇ ਸਿੱਖਾਂ ਨੇ ਤੀਰਾਂ ਦਾ ਐਸਾ ਮੀਂਹ ਵਰਸਾਇਆ ਕਿ ਸ਼ਾਹੀ ਫ਼ੌਜ ਜਾਨ ਬਚਾਉਣ ਲਈ ਇਧਰ ਉਧਰ ਭੱਜਣ ਲਗ ਪਈ।

ਰਾਤ ਤਕ ਅਬਦੁਲਾ ਖਾਂ ਨੇ ਆਪਣੀ ਫ਼ੌਜ ਨੂੰ ਬਹੁਤ ਧਿਰਕਾਰਿਆ। ਪਰ ਭਾੜੇ ਦੇ ਫ਼ੌਜੀ ਆਪਣੀਆਂ ਜਾਨਾਂ ਬਚਾਉਂਦੇ ਰਹੇ।

ਅਗਲੇ ਦਿਨ ਅਬਦੁਲਾ ਖਾਂ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਫ਼ੌਜ ਦੇ ਕੇ ਅੱਗੇ ਭੇਜਿਆ ਅਤੇ ਕਿਹਾ, 'ਤੀਰਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਿੱਖਾਂ ਦੇ ਮੋਰਚਿਆਂ ਤੇ ਕਬਜ਼ਾ ਕਰ ਲਵੋ'।

ਪਰ ਮੋਰਚਿਆਂ ਤੇ ਕਬਜ਼ਾ ਕਰਨ ਤੋਂ ਪਹਿਲਾਂ ਹੀ ਉਸਦੇ ਦੇਵੇਂ ਪੁੱਤਰ ਨਵੀ ਬਖਸ਼ ਅਤੇ ਕਰੀਮ ਬਖਸ਼ ਮਾਰੇ ਗਏ।

ਜਦ ਅਬਦੁਲੇ ਨੂੰ ਇਹ ਪਤਾ ਲੱਗਾ ਕਿ ਉਸਦੇ ਦੋਵੇਂ ਪੁੱਤਰ ਮਾਰੇ ਗਏ ਹਨ ਤਾਂ ਉਹ ਸਿੱਖਾਂ ਦੀ ਫ਼ੌਜ ਨੂੰ ਚੀਰਦਾ ਹੋਇਆ ਗੁਰੂ ਜੀ ਦੇ ਸਾਹਮਣੇ ਜਾ ਡਟਿਆ।

ਗੁਰੂ ਜੀ ਪਾਸ ਉਸ ਵੇਲੇ ਨਗਾਰਚੀ ਤੇ ਤੀਰਾਂ ਦੀ ਲੱਦੀ ਖੱਚਰ ਤੋਂ ਉਪਰੰਤ ਕੇਵਲ ਦੋ ਅਦਮੀ ਹੀ ਸਨ।

ਅਬਦੁਲੇ ਨੇ ਗੁਰੂ ਜੀ ਤੇ ਅੰਨੇਵਾਹ ਵਾਰ ਕਰਨੇ ਸ਼ੁਰੂ ਕਰ ਦਿੱਤੇ, ਪਰ ਗੁਰੂ ਜੀ ਉਸਦੇ ਵਾਰ ਆਪਣੀ ਢਾਲ ਤੇ ਰੋਕਦੇ ਰਹੇ।

ਜਦ ਅਬਦੁਲਾ ਵਾਰ ਕਰਦਾ ਕਰਦਾ ਥੱਕ ਗਿਆ ਤਾਂ ਗੁਰੂ ਜੀ ਨੇ ਖੰਡੇ ਨਾਲ ਇਕ ਐਸਾ ਵਾਰ ਕੀਤਾ ਕਿ ਅਬਦੁਲਾ ਖਾਂ ਦੋ ਟੋਟੇ ਹੋ ਕੇ ਧਰਤੀ ਤੇ ਸੌ ਗਿਆ।

ਇਸ ਤੋਂ ਬਾਅਦ ਭਗਵਾਨ ਦਾਸ ਦਾ ਪੁੱਤਰ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਗੁਰੂ ਜੀ ਦੇ ਸਾਹਮਣੇ ਆ ਗਿਆ।

ਜਦ ਗੁਰੂ ਜੀ ਨੇ ਉਸ ਉਤੇ ਤਲਵਾਰ ਨਾਲ ਹਮਲਾ ਕੀਤਾ ਤਾਂ ਗੁਰੂ ਜੀ ਦੀ ਤਲਵਾਰ ਹੀ ਟੁੱਟ ਗਈ। ਗੁਰੂ ਜੀ ਨੇ ਉਸ ਨੂੰ ਪੀਰੀ ਦੀ ਤਲਵਾਰ ਨਾਲ ਮਾਰਨਾ ਠੀਕ ਨਾ ਸਮਝਿਆ ਤੇ ਉਸ ਨੂੰ ਧੌਣ ਤੋਂ ਜਾ ਫੜਿਆ।

ਫਿਰ ਉਨ੍ਹਾਂ ਉਸ ਨੂੰ ਐਸਾ ਪਟਕਾ ਕੇ ਮਾਰਿਆ ਕਿ ਉਹ ਡਿਗਦਾ ਹੀ ਸਵਾਸ ਛੱਡ ਗਿਆ।

ਇਸ ਤਰ੍ਹਾਂ ਇਹ ਲੜਾਈ ਵੀ ਗੁਰੂ ਜੀ ਨੇ ਜਿੱਤ ਲਈ।

ਇਹ ਵੇਖ ਮੁਗ਼ਲ ਫ਼ੌਜ ਮੈਦਾਨ ਛੱਡ ਕੇ ਨੱਸ ਗਈ। ਇਸ ਥਾਂ ਗੁਰੂ ਜੀ ਨੇ ਦਮਦਮਾ ਬਣਵਾਇਆ। ਇਹ ਯੁੱਧ ਸੰਮਤ ੧੬੮੭ ਵਿਚ ਹੋਇਆ।

Disclaimer Privacy Policy Contact us About us