ਬਾਬਾ ਬੁੱਢਾ ਜੀ ਦਾ ਦਿਹਾਂਤ


ਬਾਬਾ ਬੁੱਢਾ ਜੀ ਹੁਣ 125 ਵਰਿਆਂ ਦੇ ਹੋ ਚੁਕੇ ਸਨ। ਉਹ ਹੁਣ ਸਦਾ ਹੀ ਸਮਾਧੀ ਸਥਿਤ ਰਹਿੰਦੇ ਤੇ ਭਗਤੀ ਕਰਦੇ ਰਹਿੰਦੇ।

ਦੁਨਿਆਵੀ ਕਾਰਜਾਂ ਦੀ ਰੁਚੀ ਹੁਣ ਖ਼ਤਮ ਹੋ ਚੁੱਕੀ ਸੀ। ਹੁਣ ਉਨ੍ਹਾਂ ਨੂੰ ਆਪਣਾ ਅੰਤਲਾ ਸਮਾਂ ਨੇੜੇ ਦਿਸ ਰਿਹਾ ਸੀ।

ਆਪ ਨੇ ਇਕ ਸਿੱਖ ਦੇ ਹੱਥ ਸੁਨੇਹਾ ਗੁਰੂ ਜੀ ਵਲ ਭੇਜਿਆ ਕਿ ਆਪ ਜੀ ਆ ਕੇ ਦਰਸ਼ਨ ਬਖ਼ਸ਼ੋ।

ਇਹ ਸੰਦੇਸ਼ਾ ਮਿਲਦੇ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਬੜੇ ਵੈਰਾਗ ਵਿਚ ਆਏ। ਆਪ ਨੇ ਉਸੇ ਵੇਲੇ 100 ਸਿੱਖ ਨਾਲ ਲਏ ਤੇ ਅੰਮ੍ਰਿਤਸਰ ਆ ਗਏ। ਗੁਰੂ ਜੀ ਦੇ ਦਰਸ਼ਨ ਕਰਕੇ ਬਾਬਾ ਜੀ ਬਹੁਤ ਖ਼ੁਸ਼ ਹੋਏ।

ਗੁਰੂ ਜੀ ਨੇ ਕਿਹਾ,

'ਧੰਨ ਹੋ ਬਾਬਾ ਜੀ! ਤੁਸੀਂ ਪੰਜ ਗੁਰੂਆਂ ਦਾ ਸੰਗ ਮਾਣਿਆ ਅਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਅਤੇ ਸੇਵਾ ਕਰਨ ਦਾ ਸੁਭਾਗ ਲਿਆ ਹੈ। ਦੁਨੀਆਂ ਨੂੰ ਤੁਸਾਂ ਇਹ ਦਰਸਾ ਦਿੱਤਾ ਹੈ ਕਿ ਇਕ ਸਾਧਾਰਨ ਮਨੁੰਖ ਵੀ ਗੁਰੂ ਸ਼ਬਦ ਹਿਰਦੇ ਵਿਚ ਵਸਾਉਣ ਨਾਲ ਬ੍ਰਹਮਗਿਆਨੀ ਬਣ ਜਾਂਦਾ ਹੈ'।

ਗੁਰੂ ਜੀ ਇਥੇ ਤਿੰਨ ਦਿਨ ਰਹੇ। 14 ਮੱਘਰ 1685 ਨੂੰ ਬਾਬਾ ਬੁੱਢਾ ਜੀ ਦੇਹ ਨੂੰ ਤਿਆਗ ਕੇ ਅਮਰ ਪਦਵੀ ਨੂੰ ਪ੍ਰਾਪਤ ਹੋਏ।

ਗੁਰੂ ਜੀ ਨੇ ਉਨ੍ਹਾਂ ਨਮਿਤ ਗੁਰ ਮਰਯਾਦਾ ਅਨੁਸਾਰ ਅਖੰਡ ਪਾਠ ਕਰਵਾਇਆ ਤੇ ਸੰਗਤਾਂ ਨੂੰ ਭਾਣਾ ਮੰਨਣ ਦਾ ਉਪਦੇਸ਼ ਦਿੱਤਾ।

ਸੰਸਾਰਿਕ ਰਸਮਾਂ ਪੂਰੀਆਂ ਕਰਨ ਉਪਰੰਤ ਉਨ੍ਹਾਂ ਬਾਬਾ ਬੁੱਢਾ ਜੀ ਦੇ ਪੜੋਤੇ, ਬਾਬਾ ਭਾਨਾ ਦੇ ਦਸਤਾਰ ਸਜਾਈ ਅਤੇ ਉਸ ਨੂੰ ਬਾਬਾ ਬੁੱਢਾ ਜੀ ਦੀ ਗੱਦੀ ਬਖ਼ਸ਼ੀ।

Disclaimer Privacy Policy Contact us About us