ਬਾਬਾ ਸ੍ਰੀ ਚੰਦ ਨਾਲ ਮੇਲ


ਰਾਮਦਾਸ ਤੋਂ ਚਲਕੇ ਗੁਰੂ ਜੀ ਕਰਤਾਰਪੁਰ ਰਾਵੀ ਦਰਿਆ ਤੋਂ ਪਾਰ ਪੁੱਜੇ, ਉਥੇ ਗੁਰੂ ਨਾਨਕ ਦੇਵ ਜੀ ਦੇ ਪੋਤਰਿਆਂ ਨੂੰ ਮਿਲ ਕੇ ਬਾਬਾ ਸ੍ਰੀ ਚੰਦ ਨੂੰ ਮਿਲਣ ਲਈ ਉਨ੍ਹਾਂ ਦੇ ਪਿੰਡ ਬਾਠ ਚਲੇ ਗਏ।

ਗੁਰੂ ਜੀ ਦੇ ਨਾਲ ਉਸ ਸਮੇਂ ਬਾਬਾ ਗੁਰਦਿੱਤਾ ਅਤੇ ਬਾਬਾ ਸੂਰਜ ਮਲ ਵੀ ਸਨ। ਬਾਬਾ ਸ੍ਰੀ ਚੰਦ ਜੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਮਿਲ ਕੇ ਬਹੁਤ ਪ੍ਰਸੰਨ ਹੋਏ।

ਗੁਰੂ ਜੀ ਆਪਣੇ ਦੋਹਾਂ ਪੁੱਤਰਾਂ ਸਮੇਤ ਬਾਬਾ ਸ੍ਰੀ ਚੰਦ ਜੀ ਪਾਸ ਬਰਾਜ ਗਏ। ਗੁਰੂ ਜੀ ਬਾਬਾ ਜੀ ਨੂੰ ਜੰਗਾਂ, ਯੁੱਧ ਦਾ ਹਾਲ ਸੁਣਾਉਂਦੇ ਰਹੇ।

ਪਰ ਬਾਬਾ ਸ੍ਰੀ ਚੰਦ ਜੀ ਦਾ ਧਿਆਨ ਸਾਹਿਬਜ਼ਾਦਾ ਗੁਰਦਿੱਤਾ ਜੀ ਵੱਲ ਸੀ। ਉਨ੍ਹਾਂ ਦਾ ਮੁਹਾਂਦਰਾ ਉਨ੍ਹਾਂ ਨੂੰ ਬਿਲਕੁਲ ਗੁਰੂ ਨਾਨਕ ਦੇਵ ਜੀ ਵਰਗਾ ਲੱਗਾ।

ਫਿਰ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, 'ਆਪ ਦੇ ਕਿੰਨੇ ਸਾਹਿਬਜ਼ਾਦੇ ਹਨ?'

ਗੁਰੂ ਜੀ ਨੇ ਜਦ ਉਨ੍ਹਾਂ ਨੂੰ ਦਸਿਆ ਕਿ ਪੰਜ ਹਨ ਤਾਂ ਬਾਬਾ ਜੀ ਕਹਿਣ ਲੱਗੇ, 'ਇਨ੍ਹਾਂ ਪੰਜਾਂ ਵਿਚੋਂ ਕੋਈ ਬਾਬੇ ਦਾ ਵੀ ਹੈ?'

ਗੁਰੂ ਜੀ ਨੇ ਕਿਹਾ, 'ਪੰਜੇ ਬਾਬਾ ਜੀ ਦੇ ਹਨ, ਇਨ੍ਹਾਂ ਵਿਚੋਂ ਜਿਹੜਾ ਮਰਜ਼ੀ ਲੈ ਲਵੋ'।

ਫਿਰ ਬਾਬਾ ਸ੍ਰੀ ਚੰਦ ਜੀ ਗੁਰਦਿੱਤਾ ਦਾ ਹੱਥ ਫੜ ਕੇ ਕਹਿਣ ਲੱਗੇ, 'ਇਹ ਤੁਹਾਡਾ ਵੀ ਟਿੱਕਾ ਹੈ ਤਾਂ ਸਾਡਾ ਵੀ ਇਹੋ ਟਿੱਕਾ ਹੈ, ਇਸ ਲਈ ਹੁਣ ਇਹ ਦੀਨ ਦੁਨੀ ਦਾ ਟਿੱਕਾ ਹੋਇਆ'।

ਫਿਰ ਉਨ੍ਹਾਂ ਉੱਠ ਕੇ ਆਪਣੀ ਸੇਲੀ ਟੋਪੀ ਸ੍ਰੀ ਗੁਰਦਿੱਤੇ ਨੂੰ ਪਹਿਨਾ ਦਿੱਤੀ ਅਤੇ ਕਹਿਣ ਲੱਗੇ, 'ਗੁਰੂ ਨਾਨਕ ਜੀ ਦੀ ਮੀਰੀ ਪੀਰੀ ਦਾ ਦਾਤ ਤਾਂ ਪਹਿਲਾ ਹੀ ਤੁਹਾਡੇ ਘਰ ਗਈ ਹੋਈ ਹੈ, ਇਹ ਫ਼ਕੀਰੀ ਮੇਰੇ ਪਾਸ ਸੀ, ਇਹ ਵੀ ਤੁਹਾਨੂੰ ਦਿੱਤੀ'।

ਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਇਹ ਕਹਿਣ ਲੱਗੇ, 'ਮਹਾਂਪੁਰਸ਼ੋ! ਇਹ ਸਭ ਆਪਦੀ ਬਖ਼ਸ਼ਿਸ਼ ਹੈ'।

ਉਸ ਦਿਨ ਤੋਂ ਸ੍ਰੀ ਗੁਰਦਿੱਤੇ ਨੂੰ ਬਾਬਾ ਦਾ ਵਰ ਹੋਣ ਕਰਕੇ ਲੋਕ, 'ਬਾਬਾ ਗੁਰਦਿੱਤਾ, ਦੀਨ ਦੁਨੀ ਦਾ ਟਿੱਕਾ, 'ਕਹਿਣ ਲੱਗ ਪਏ। ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਆਪਣੀ 110 ਸਾਲ ਦੀ ਕਮਾਈ ਬਾਬੇ ਗੁਰਦਿੱਤੇ ਜੀ ਦੀ ਝੋਲੀ ਪਾ ਗਏ। ਇਸ ਤਰ੍ਹਾਂ ਸਿੱਖੀ ਦੇ ਪ੍ਰਚਾਰ ਲਈ ਇਨ ਨਿੱਗਰ ਸਾਧਣ ਹਾਸਲ ਹੋ ਗਿਆ।

ਗੁਰੂ ਰਾਮਦਾਸ ਜੀ ਨੇ ਨਿਮਰਤਾ ਵਿਖਾ ਕੇ ਬਾਬਾ ਜੀ ਨੂੰ ਮੋਹ ਲਿਆ ਸੀ ਤੇ ਗੁਰੂ ਹਰਿਗੋਬਿੰਦ ਜੀ ਨੇ ਆਪਣਾ ਪੁੱਤਰ ਉਨ੍ਹਾਂ ਦੇ ਹਵਾਲੇ ਕਰ ਕੇ ਉਦਾਸੀ ਮੱਤ ਨੂੰ ਵੀ ਆਪਣੇ ਵਿਚ ਮਿਲਾ ਲਿਆ।

ਬਾਅਦ ਵਿਚ ਉਦਾਸੀ ਸੰਪਰਦਾਇ ਨੇ ਸਿੱਖੀ ਦੇ ਪ੍ਰਚਾਰ ਲਈ ਬਹੁਤ ਕੰਮ ਕੀਤਾ।

Disclaimer Privacy Policy Contact us About us