ਭਾਈ ਬਿਧੀ ਚੰਦ ਨੇ ਘੋੜੇ ਲਿਆਉਣੇ


ਇਕ ਵੇਰਾਂ ਕਾਬਲ ਦੀਆਂ ਸੰਗਤਾਂ ਗੁਰਾਂ ਦੇ ਦਰਸ਼ਨਾਂ ਲਈ ਆਈਆਂ। ਉਨ੍ਹਾਂ ਦੇ ਨਾਲ ਹੀ ਭਾਈ ਕਰੋੜੀ ਵੀ ਆਇਆ ਇਹ ਘੋੜਿਆਂ ਦਾ ਬੜਾ ਵੱਡਾ ਸੁਦਾਗਰ ਸੀ।

ਇਸ ਨੇ ਘੋੜੇ ਗੁਰੂ ਜੀ ਨੂੰ ਭੇਟ ਕਰਨ ਲਈ ਲਿਆਂਦੇ। ਘੋੜੇ ਬਹੁਤ ਹੀ ਸੁੰਦਰ ਸਨ। ਇਹ ਆਪਣੀ ਕਿਸਮ ਦੇ ਆਪ ਹੀ ਸਨ।

ਉਸ ਨੇ ਸੁਣਿਆ ਸੀ ਕਿ ਗੁਰੂ ਜੀ ਘੋੜੇ ਚੰਗੀ ਕਿਸਮ ਦੇ ਪਸੰਦ ਕਰਦੇ ਹਨ। ਇਸ ਲਈ ਇਹ ਸੁਗਾਤ ਆਪ ਦੇ ਚਰਨਾਂ ਵਿੱਚ ਭੇਟ ਕਰਨ ਲਈ ਲਿਆਇਆ ਸੀ।

ਲਾਹੌਰ ਦੇ ਸੂਬੇਦਾਰ ਕਾਸਮ ਬੇਗ ਨੇ ਉਹ ਘੋੜੇ ਮੰਗੇ। ਪਰ ਭਾਈ ਕਰੋੜੀ ਨੇ ਨਾਂਹ ਕਰ ਦਿੱਤੀ ਅਤੇ ਕਿਹਾ, 'ਇਹ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਅਮਾਨਤ ਹਨ'।

ਇਸ ਤੇ ਸੂਬੇਦਾਰ ਨੇ ਉਸ ਪਾਸੋਂ ਜ਼ਬਰ ਦਸਤੀ ਘੋੜੇ ਖੋਹ ਲਏ।

ਉਹ ਬਹੁਤ ਦੁਖੀ ਹੋਇਆ ਅਤੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਫ਼ਰਿਆਦ ਕੀਤੀ ਕਿ ਆਪ ਜੀ ਲਈ ਇਹ ਘੋੜੇ ਖ਼ਾਸ ਕਿਸਮ ਦੇ ਲਿਆ ਰਿਹਾ ਸਾਂ ਕਿ ਕਾਸਮ ਬੇਗ ਨੇ ਜ਼ਬਰ ਦਸਤੀ ਖੋਹ ਲਏ ਹਨ। ਮੈਂ ਲਾਚਾਰ ਹਾਂ ਮੇਰੀ ਮਨਸ਼ਾ ਪੂਰੀ ਕਰੋ।

ਗੁਰੂ ਜੀ ਨੇ ਸਿੱਖ ਨੂੰ ਧੀਰਜ ਦਿੱਤਾ ਤੇ ਉਸ ਦੀ ਭੇਟਾ ਪ੍ਰਵਾਨ ਕੀਤੀ ਤੇ ਘੋੜੇ ਮੰਗਵਾਉਣ ਲਈ ਆਪਣੇ ਇਕ ਸਿੱਖ ਨੂੰ ਲਾਹੌਰ ਭੇਜਿਆ।

ਭਾਈ ਬਿਧੀ ਚੰਦ ਗੁਰੂ ਦਾ ਸਿੱਖ ਬੜਾ ਦਲੇਰ ਤੇ ਬਹਾਦਰ ਸੀ। ਗੁਰੂ ਜੀ ਨੇ ਜਦੋਂ ਭਾਈ ਕਰੋੜੀ ਬਾਰੇ ਉਸ ਨਾਲ ਵਿਚਾਰ ਕੀਤਾ ਤਾਂ ਉਸ ਨੂੰ ਮਨ ਵਿੱਚ ਬੜਾ ਰੋਹ ਚੜ੍ਹਿਆ।

ਗੁਰੂ ਜੀ ਨੇ ਘੋੜੇ ਲਿਆਉਣ ਦੀ ਸੇਵਾ ਭਾਈ ਬਿਧੀ ਚੰਦ ਨੂੰ ਦੇ ਦਿੱਤੀ ਤੇ ਕਿਹਾ ਅਸੀਂ ਹਰ ਸਮੇਂ ਤੇਰੇ ਸਾਥ ਹਾਂ।

ਉਹ ਗੁਰੂ ਜੀ ਦਾ ਆਸ਼ੀਰਵਾਦ ਲੈ ਕੇ ਲਾਹੌਰ ਪੁੱਜਾ। ਘੋੜਿਆਂ ਦੇ ਦਰਸ਼ਨ ਕਰਕੇ ਮੱਥਾ ਟੇਕਣ ਲੱਗਾ, ਸੋਚਣ ਲੱਗਾ ਇਥੇ ਤਾਂ ਬੜੀ ਕਰੜਾਈ ਪਹਿਰੇ ਹਨ ਇਹ ਮਸਲਾ ਕਿਵੇਂ ਹਲ ਹੋਵੇ।

ਸੋਚ ਸੋਚ ਕੇ ਉਸ ਨੇ ਇਕ ਤਰਕੀਬ ਬਣਾਈ। ਚੰਗੀ ਘਾਹ ਦੀ ਪੰਡ ਸਾਫ਼ ਸੁਥਰੀ ਧੋ ਕੇ ਵੇਚਣ ਲਈ ਉਥੇ ਲਿਆਇਆ। ਪੰਡ ਦੇਖਕੇ ਘੋੜੇ ਦੇ ਦਰੋਗੇ ਨੇ ਉਹ ਘਾਹ ਲੈ ਲਿਆ ਇਸ ਤਰ੍ਹਾਂ ਕਈ ਦਿਨ ਕਰਦੇ ਰਹੇ।

ਇਕ ਦਿਨ ਘੋੜੇ ਤੇ ਘਾਹ ਪਾਣ ਦੇ ਭੁਲਾਵੇ ਅੰਦਰ ਤਬੇਲੇ ਵਿੱਚ ਗਿਆ ਤੇ ਘੋੜੇ ਤੇ ਸਵਾਰ ਹੋ ਕੇ ਨਿਕਲ ਗਿਆ ਤੇ ਕਿਸੇ ਦੇ ਹੱਥ ਨਾ ਆਇਆ।

ਲਾਹੌਰ ਦੇ ਸੂਬੇਦਾਰ ਕਾਸਮ ਬੇਗ ਨੇ ਆਪਣੇ ਸਾਰੇ ਯਤਨ ਕੀਤੇ ਪਰ ਉਹ ਨਾ ਫੜਿਆ ਗਿਆ। ਹਾਰ ਹੁਟ ਕੇ ਬਹਿ ਗਿਆ ਤੇ ਘੋੜੇ ਦਾ ਥਹੁ ਤਕ ਨਾ ਲੱਗਾ।

ਇਧਰ ਭਾਈ ਜੇਠਾ ਨੇ ਕੁਝ ਦਿਨਾਂ ਪਿਛੋ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਜਿਹੜਾ ਘੋੜਾ ਭਾਈ ਬਿਧੀ ਚੰਦ ਨੇ ਲਾਹੌਰੋਂ ਲਿਆਂਦਾ ਹੈ ਉਹ ਬਹੁਤ ਬਿਮਾਰ ਜਿਹਾ ਰਹਿੰਦਾ ਹੈ। ਕੁਝ ਖਾਂਦਾ ਪੀਂਦਾ ਨਹੀਂ।

ਇਸ ਤੇ ਗੁਰੂ ਜੀ ਆਪ ਤਬੇਲੇ ਵਿੱਚ ਗਏ ਤੇ ਉਸ ਦੀ ਹਾਲਤ ਦੇਖ ਕੇ ਕਿਹਾ ਕਿ ਇਹ ਤਾਂ ਆਪਣੇ ਸਾਥੀ ਘੋੜੇ ਦੇ ਸਾਥ ਹੀਣ ਕਰਕੇ ਰੋਗੀ ਹੋਇਆ ਪਿਆ ਹੈ।

ਦੂਜੇ ਸਾਥੀ ਘੋੜੇ ਦੇ ਆਉਣ ਤੇ ਹੀ ਇਹ ਅਰੋਗ ਹੋਵੇਗਾ। ਇਸ ਤੇ ਗੁਰੂ ਜੀ ਨੇ ਭਾਈ ਬਿਧੀ ਚੰਦ ਦੇ ਜ਼ਿਮੇ ਇਹ ਫਿਰ ਸੇਵਾ ਲਈ।

ਭਾਈ ਬਿਧੀ ਚੰਦ ਨੇ ਆ ਕੇ ਭਾਈ ਬਹੁੜੂ ਦੇ ਘਰ ਉਤਾਰਾ ਕੀਤਾ। ਇਥੇ ਹੀ ਇਕ ਨਜੂਮੀ ਦਾ ਭੇਖ ਕੀਤਾ ਤੇ ਤਬੇਲੇ ਕੋਲੋਂ ਲੰਘਿਆ।

ਦਰੋਗੇ ਨੇ ਨਜੂਮੀ ਸਮਝ ਕੇ ਉਸ ਨੂੰ ਸਲਾਮ ਕੀਤੀ ਕੇ ਭਾਈ ਜੀ ਨੇ ਸਲਾਮ ਦਾ ਜਵਾਬ ਸਲਾਮ ਵਿਚ ਦਿੱਤਾ।

ਦਰੋਗਾ ਉਸ ਦੇ ਬਸਤਰ ਤੇ ਰੂਪ ਦੇਖ ਕੇ ਬੜਾ ਪ੍ਰਭਾਵਿਤ ਹੋਇਆ। ਉਸ ਨੇ ਭਾਈ ਜੀ ਨੂੰ ਬੁਲਾ ਕੇ ਬੜਾ ਸਤਿਕਾਰ ਦਿੱਤਾ ਤੇ ਆਪਣੇ ਘਰੋਗੀ ਸੰਬੰਧ ਬਾਰੇ ਪੁੱਛਿਆ।

ਇਸ ਤੇ ਭਾਈ ਜੀ ਨੇ ਉਸ ਦੀ ਹਰ ਪੁੱਛ ਦੀ ਤਸੱਲੀ ਕਰਾ ਦਿੱਤੀ ਤੇ ਕਿਹਾ, 'ਤੇਰਾ ਪੁੱਤਰ ਬਿਮਾਰ ਹੈ'।

ਉਹ ਭਾਈ ਜੀ ਨੂੰ ਘਰ ਲੈ ਗਿਆ। ਭਾਈ ਜੀ ਨੇ ਉਸ ਦੇ ਸਿਰ ਤੇ ਹੱਥ ਰੱਖਿਆ, ਗੁਰੂ ਜੀ ਦੀ ਕ੍ਰਿਪਾ ਨਾਲ ਉਹ ਰਾਜੀ ਹੋ ਗਿਆ। ਦਰੋਗਾ ਭਾਈ ਜੀ ਦੇ ਗੁਣਾਂ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਉਨ੍ਹਾਂ ਦਾ ਮੁਰੀਦ ਬਣ ਗਿਆ।

ਉਹ ਭਾਈ ਜੀ ਨੂੰ ਬਾਦਸ਼ਾਹ ਪਾਸ ਲੈ ਗਿਆ ਤੇ ਉਸ ਦੀ ਬੜੀ ਪ੍ਰਸੰਸ਼ਾ ਕਰਨ ਲਗਾ। ਇਸ ਤੇ ਬਾਦਸ਼ਾਹ ਨੇ ਭਾਈ ਜੀ ਨੂੰ ਘੋੜੇ ਲੰਭਣ ਤੇ ਥਹੁ ਟਿਕਾਣਾ ਪੁੱਛਿਆ।

ਭਾਈ ਜੀ ਨੇ ਸਭ ਕੁਝ ਦੇਖਿਆ। ਉਨ੍ਹਾਂ ਨਾਲ ਵਾਪਰੀ ਘਟਨਾ ਬਾਰੇ ਪੁੱਚਿਆ ਤੇ ਫਿਰ ਸਭ ਕੁਛ ਉਹ ਜੋ ਕੁਝ ਘੋੜੇ ਬਾਰੇ ਜਾਣਦਾ ਸੀ ਦਸਿਆ ਤੇ ਕਿਹਾ ਕਿ ਮੈਂ ਸਭ ਕੁਝ ਦਸ ਸਕਦਾ ਹਾਂ ਕਿ ਘੋੜਾ ਕਿਥੇ ਹੈ।

ਪ੍ਰੰਤੂ ਸ਼ਰਤ ਇਹ ਹੈ ਕਿ ਮੈਂ ਜੋ ਕੁਝ ਕਹਾਂਗਾ ਉਵੇਂ ਹੀ ਕਰਨਾ ਹੋਵੇਗਾ। ਉਹ ਮੰਨ ਗਿਆ।

ਤਾਂ ਭਾਈ ਜੀ ਕਿਹਾ ਕਿ ਦੂਜੇ ਘੋੜੇ ਨੂੰ ਮੈਦਾਨ ਵਿਚੱ ਕਾਠੀ ਸਮੇਤ ਤਿਆਰ ਕਰਕੇ ਖੜਾ ਕਰ ਦਿਉ। ਕਿਲ੍ਹੇ ਅੱਗੇ ਪਹਿਰਾ ਲਾ ਦੇਵੋ। ਕੋਈ ਬੰਦਾ ਬਾਹਰ ਨਾ ਆਵੇ ਜਾਵੇ।

ਭਾਈ ਜੀ ਮੋਕਾ ਤਾੜ ਕੇ ਘੋੜੇ ਤੇ ਸਵਾਰ ਹੋ ਕੇ ਘੋੜਾ ਲੈ ਕੇ ਗੁਰੂ ਚਰਨੀ ਵਿਚ ਆ ਬਿਰਾਜੇ।

ਗੁਰੂ ਜੀ ਨੇ ਸਿੱਖਾਂ ਦੀ ਘਾਲਣਾ ਕਮਾਈ ਦੀ ਬੜੀ ਪ੍ਰਸੰਸ਼ਾ ਕੀਤੀ ਤੇ ਕਈ ਵਰ ਦਿੱਤੇ।

Disclaimer Privacy Policy Contact us About us