ਮਹਿਰਾਜ ਦਾ ਯੁਧ


ਕਾਬਲ ਦਾ ਇਕ ਸ਼ਰਧਾਲੂ ਸਿੱਖ ਗੁਰੂ ਸਾਹਿਬ ਵਾਸਤੇ ਬੜੀ ਉੱਤਮ ਨਸਲ ਦੇ ਦੋ ਘੋੜੇ ਲੈ ਕੇ ਅੰਮ੍ਰਿਤਸਰ ਆ ਰਿਹਾ ਸੀ। ਰਸਤੇ ਵਿਚ ਲਾਹੌਰ ਦੇ ਸੂਬੇਦਾਰ ਨੇ ਉਹ ਘੋੜੇ ਖੋਹ ਲਏ।

ਸਿੱਖ ਨੇ ਗੁਰੂ ਸਾਹਿਬ ਕੋਲ ਹਾਜ਼ਰ ਹੋ ਕੇ ਆਪਣੀ ਵਿਥਿਆ ਸੁਣਾਈ। ਭਾਈ ਬਿਧੀ ਚੰਦ ਨੇ ਘੋੜੇ ਕਢ ਲਿਆਉਣ ਦਾ ਬੀੜਾ ਚੁਕਿਆ।

ਉਹ ਇਕ ਵਾਰ ਘਾਹੀ ਬਣ ਕੇ ਤੇ ਦੂਜੀ ਵਾਰ ਜੋਤਸ਼ੀ ਦੇ ਭੇਸ ਵਿੱਚ ਸ਼ਾਹੀ ਕਿਲ੍ਹੇ ਵਿਚੋਂ ਘੋੜੇ ਕਢ ਲਿਆਇਆ।

ਇਸ ਤੋਂ ਚਿੜ੍ਹ ਕੇ ਸੂਬੇ ਨੇ ਵੀਹ ਹਜ਼ਾਰ ਮੁਗ਼ਲ ਫ਼ੌਜ ਗੁਰੂ ਜੀ ਦੇ ਵਿਰੁੱਧ ਭੇਜ ਦਿੱਤੀ। ਇਸ ਫ਼ੌਜ ਦੀ ਕਮਾਨ ਲਲਾ ਬੇਗ ਤੇ ਕਮਰ ਬੇਗ ਕਰ ਰਹੇ ਸਨ।

ਉਸ ਸਮੇਂ ਗੁਰੂ ਜੀ ਮਾਲਵੇ ਦੇ ਇਲਾਕੇ ਵਿਚ ਧਰਮ ਪ੍ਰਚਾਰ ਲਈ ਵਿਚਰ ਰਹੇ ਸਨ। ਗੁਰੂ ਜੀ ਨੂੰ ਖ਼ਬਰ ਲਗ ਚੁੱਕੀ ਸੀ। ਆਪ ਯੁੱਧ ਲਈ ਤਿਆਰ ਹੋ ਗਏ।

ਮਹਿਰਾਜ ਦੇ ਕੋਲ ਨਥਾਣੇ ਦੀ ਢਾਬ ਲਾਗੇ ਮੋਰਚੇ ਖੜੇ ਕੀਤੇ ਗਏ। ਦੋ ਦਿਨ ਘਮਸਾਨ ਦਾ ਯੁੱਧ ਹੋਇਆ । ਲਾਸ਼ਾ ਦੇ ਢੇਰ ਲੱਗ ਗਏ।

ਦੂਜੇ ਦਿਨ ਮੁਗ਼ਲ ਫ਼ੌਜਦਾਰ ਲਲਾ ਬੇਗ ਘੋੜਾ ਦੁੜਾ ਕੇ ਗੁਰੂ ਜੀ ਦੇ ਸਾਹਮਣੇ ਆਇਆ ਤੇ ਕਹਿਣ ਲੱਗਾ,

'ਗ਼ਰੀਬ ਸਿਪਾਹੀਆਂ ਨੂੰ ਕਾਹਦੇ ਲਈ ਮਰਵਾਉਂਦੇ ਹੋ! ਆਉ, ਅਸੀਂ ਦੋਵੇਂ ਆਮਣੇ ਸਾਹਮਣੇ ਲੜਕੇ ਜਿੱਤ ਹਾਰ ਦਾ ਫ਼ੈਸਲਾ ਕਰ ਲਈਏ!'

ਗੁਰੂ ਸਾਹਿਬ ਹੱਸ ਪਏ ਤੇ ਬੋਲੇ, 'ਬੜੀ ਸਿਆਣੀ ਗੱਲ ਕਹੀ ਜੇ। ਆ ਜਾਉ ਫੇਰ'। ਮੁਕਾਬਲਾ ਸ਼ੁਰੂ ਹੋਇਆ, ਪਹਿਲਾਂ ਤੀਰਾਂ ਨਾਲ ਤੇ ਫੇਰ ਤਲਵਾਰ ਨਾਲ। ਲਲਾ ਬੇਗ ਆਪਣੇ ਆਪ ਨੂੰ ਬੜਾ ਬਹਾਦਰ ਸਮਝਦਾ ਸੀ ਪਰ ਗੁਰੂ ਜੀ ਨਾਲ ਦੋ ਦੋ ਹੱਥ ਕਰਦਿਆਂ ਉਸ ਦੇ ਹੋਸ਼ ਭੁੱਲ ਗਏ।

ਗੁਰੂ ਜੀ ਪਹਿਲਾਂ ਉਸ ਨੁੰ ਵਾਰ ਕਰਨ ਦਾ ਮੌਕਾ ਦਿੰਦੇ ਰਹੇ ਅਤੇ ਫਿਰ ਆਪਣੀ ਤਲਵਾਰ ਦੇ ਇਕੋ ਵਾਰ ਨਾਲ ਉਹਦਾ ਸਿਰ ਲਾਹ ਦਿੱਤਾ। ਫ਼ੌਜਦਾਰ ਦੇ ਡਿੱਗਦਿਆਂ ਹੀ ਸ਼ਾਹੀ ਫ਼ੌਜ ਦੇ ਹੌਂਸਲੇ ਪਸਤ ਹੋ ਗਏ। ਉਹ ਮੈਦਾਨ ਛੱਡ ਕੇ ਨੱਸ ਤੁਰੀ।

ਇਹ ਯੁਧ ਸੰਮਤ 1688 ਵਿਚ ਹੋਇਆ। ਇਸ ਯੁੱਧ ਵਿਚ ਬਾਰ੍ਹਾਂ ਸੌ ਤੋਂ ਉੱਤੇ ਸਿੱਖ ਸ਼ਹੀਦ ਹੋਏ। ਪਰ ਮੁਗ਼ਲ ਫ਼ੌਜ ਦਾ ਨੁਕਸਾਨ ਇਸ ਤੋਂ ਕਈ ਗੁਣਾਂ ਵਧੀਕ ਹੋਇਆ।

ਗੁਰੂ ਸਾਹਿਬ ਨੇ ਸਿੱਖਾਂ ਦੀਆਂ ਦੇਹਾਂ ਦਾ ਸਸਕਾਰ ਕਰਵਾਇਆ। ਮੁਸਲਮਾਨਾਂ ਨੂੰ ਕਬਰਾਂ ਪੁੱਟ ਕੇ ਦਫ਼ਨਾਇਆ ਗਿਆ।

ਸ਼ਹੀਦਾਂ ਦੀ ਯਾਦਗਾਰ ਵਜੋਂ ਗੁਰੂ ਸਾਹਿਬ ਨੇ ਉਥੇ ਇਕ ਤਾਲ ਬਣਵਾਇਆ ਜਿਸ ਦਾ ਨਾਂ ਗੁਰੂ ਸਰ ਰਖਿਆ ਗਿਆ।

Disclaimer Privacy Policy Contact us About us