ਸੱਚਖੰਡ ਵਾਪਸੀ


ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਜਾਣ ਲਿਆ ਕਿ ਸਾਡਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਰਿਹਾ ਹੈ।

ਇਸ ਲਈ ਗੁਰਗੱਦੀ ਸੰਭਾਲਣ ਵਾਸਤੇ ਯੋਗ ਵਿਅਕਤੀ ਦੀ ਚੋਣ ਜ਼ਰੂਰੀ ਹੋ ਗਈ। ਆਪ ਦੇ ਪੰਜ ਸਪੁੱਤਰ ਸਨ।

ਇਹਨਾਂ ਵਿਚੋਂ ਬਾਬਾ ਗੁਰਦਿੱਤਾ ਜੀ, ਬਾਬਾ ਅਟੱਲ ਰਾਇ ਜੀ ਅਤੇ ਸ੍ਰੀ ਅਣੀ ਰਾਇ ਜੀ ਗੁਰਪੁਰੀ ਨੂੰ ਸਿਧਾਰ ਚੁੱਕੇ ਸਨ।

ਬਾਕੀ ਦੋਹਾਂ ਵਿਚੋਂ ਸੂਰਜ ਮੱਲ ਜੀ ਦਾ ਝੁਕਾਅ ਦੁਨੀਆਂਦਾਰੀ ਵੱਲ ਬਹੁਤ ਅਧਿਕ ਸੀ। ਇਹਨਾਂ ਦੇ ਟਾਕਰੇ ਤੇ ਸ੍ਰੀ ਤੇਗ ਬਹਾਦਰ ਜੀ ਤਿਆਗੀ ਸੰਤ ਸੁਭਾ ਸਨ। ਸਮੇਂ ਦੀ ਮੰਗ ਅਜੇ ਹੋਰ ਸੀ।

ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ, ਧੀਰ ਮੱਲ ਤੇ ਸ੍ਰੀ ਹਰਿ ਰਾਇ ਜੀ।

ਧੀਰ ਮੱਲ ਗੁਰੂ ਘਰ ਦਾ ਵਿਰੋਧੀ ਤੇ ਨਿੰਦਕ ਸੀ। ਉਹ ਮੁਗ਼ਲਾਂ ਨਾਲ ਸਾਜ਼ਸ਼ਾਂ ਕਰਦਾ ਰਹਿੰਦਾ ਸੀ ਤੇ ਸ਼ਾਹ ਜਹਾਨ ਦੀ ਵਫ਼ਾਦਾਰੀ ਦਾ ਦਮ ਭਰਦਾ ਸੀ।

ਉਸ ਦੇ ਮੁਕਾਬਲੇ ਵਿਚ ਸ੍ਰੀ ਹਰਿ ਰਾਇ ਜੀ ਯੋਗਤਾ, ਬਾਣੀ ਅਭਿਆਸ ਅਤੇ ਗੁਰਮਤ ਮਰਿਆਦਾ ਵਿੱਚ ਪਰਪੱਕ ਹੋਣ ਕਰਕੇ ਗੁਰਿਆਈ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਹਰ ਤਰ੍ਹਾਂ ਲਾਇਕ ਸਨ।

ਇਹਨਾਂ ਗੱਲਾਂ ਨੂੰ ਮੁੱੱਖ ਰੱਖ ਕੇ ਉਨ੍ਹਾਂ ਨੂੰ ਹੀ ਗੁਰਗੱਦੀ ਸੌਂਪਣ ਦਾ ਨਿਰਣਾ ਕੀਤਾ ਗਿਆ।

ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਚੇਤ ਸੁਦੀ ਪੰਚਮੀ ਸੰਮਤ 1701 ਮੁਤਾਬਿਕ 3 ਮਾਰਚ ਸੰਨ 1644 ਈ: ਨੂੰ ਜੋਤੀ ਜੋਤ ਸਮਾ ਗਏ।

ਆਪ ਦੇ ਦੇਹ ਤਿਆਗਣ ਤੇ ਸਿੱਖ ਏਨੇ ਵਿਆਕੁਲ ਹੋਏ ਕਿ ਦੋ ਸਿੱਖ ਜਿਉਂਦੇ ਹੀ ਉਨ੍ਹਾਂ ਦੀ ਚਿਥਾ ਵਿਚ ਕੁਦ ਪਏ ਤੇ ਪ੍ਰਾਣ ਦੇ ਦਿੱਤੇ।

ਹੋਰ ਵੀ ਅਨੇਕਾਂ ਸਿੱਖ ਅਜਿਹਾ ਕਰਨਾ ਲੋਚਦੇ ਸਨ ਪਰ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਸਮਝਾਉਣ ਤੇ ਉਹ ਰੁਕ ਗਏ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਦੇਹ ਦਾ ਸਸਕਾਰ ਕੀਰਤਪੁਰ ਵਿਖੇ ਦਰਿਆ ਸਤਲੁਜ ਦੇ ਕੰਢੇ ਤੇ ਕੀਤਾ ਗਿਆ।

ਇਸ ਸਥਾਨ ਨੂੰ ਪਾਤਾਲ ਪੁਰੀ ਕਿਹਾ ਜਾਂਦਾ ਹੈ।

Disclaimer Privacy Policy Contact us About us