ਮੀਰੀ ਤੇ ਪੀਰੀ ਦਿਆਂ ਦੋ ਤਲਵਾਰਾਂ


ਗੁਰੂ ਜੀ ਦਾ ਫ਼ੁਰਮਾਨ ਮੰਨ ਕੇ ਸਿੱਖ ਸ਼ਸਤਰ ਅਤੇ ਘੋੜੇ ਗੁਰੂ ਜੀ ਨੂੰ ਅਰਪਨ ਕਰਨ ਲੱਗੇ। ਸੈਂਕੜੇ ਸਿੱਖ ਸੂਰਮੇ ਗੁਰੂ ਜੀ ਦੀ ਫ਼ੌਜ ਵਿਚ ਭਰਤੀ ਹੋਣ ਆਉਣ ਲੱਗੇ।

ਜਹਾਂਗੀਰ ਦੇ ਲੜਕੇ ਖੁਸਰੋ ਨੇ ਬਗਾਵਤ ਕਰ ਦਿੱਤੀ ਸੀ। ਕਾਬਲ ਵੱਲ ਭੱਜਾ ਜਦ ਉਹ ਤਰਨਤਾਰਨ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਤਾਂ ਇਸ ਬਾਰੇ ਖ਼ਬਰ ਜਹਾਂਗੀਰ ਨੂੰ ਪਹੁੰਚ ਗਈ।

ਜਹਾਂਗਰੀਰ ਗੁਰੂ ਘਰ ਦੇ ਪਹਿਲਾਂ ਹੀ ਖ਼ਿਲਾਫ਼ ਸੀ। ਇਸ ਕਰਕੇ ਉਸ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਬੁਲਾ ਲਿਆ।

ਅੰਮ੍ਰਿਤਸਰ ਤੋਂ ਲਾਹੋਰ ਚਲਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸੌਂਪ ਗਏ।

ਜਾਣ ਲੱਗਿਆਂ ਉਨ੍ਹਾਂ ਕਿਹਾ, 'ਸ਼ਸਤਰ ਸਜਾੳ ਅਤੇ ਆਪਣੇ ਸਿੱਖਾਂ ਨੂੰ ਸ਼ਸਤਰਧਾਰੀ ਬਣਾੳ। ਇਨ੍ਹਾਂ ਜ਼ਾਲਮ ਹਾਕਮਾਂ ਦਾ ਹੁਣ ਫ਼ਕੀਰ ਬਣ ਕੇ ਟਾਕਰਾ ਨਹੀਂ ਹੋ ਸਕਦਾ'।

ਉਸ ਸਮੇਂ ਗੁਰੂ ਜੀ ਦੀ ਉਮਰ ਕੇਵਲ ਗਿਆਰਾਂ ਸਾਲ ਦੀ ਸੀ। ਬੇਸ਼ਕ ਉਹ ਉਮਰ ਵਿਚ ਛੋਟੇ ਸਨ ਪਰ ਅਕਲ, ਹਿੰਮਤ, ਉਦਾਰਤਾ, ਭਗਤੀ ਅਤੇ ਸ਼ਕਤੀ ਵਿਚ ਬਹੁਤ ਵੱਡੇ ਸਨ।

ਗੁਰਗੱਦੀ ਸਮੇਂ ਜਦ ਬਾਬਾ ਬੁੱਢਾ ਜੀ ਨੇ ਇਕ ਤਲਵਾਰ ਪਹਿਨਾਈ ਤਾਂ ਗਲਤ ਪਾਸੇ ਪੈ ਗਈ। ਜਦ ਬਾਬਾ ਬੁੱਢਾ ਜੀ ਉਸ ਨੂੰ ਉਤਾਰਨ ਲੱਗੇ ਤਾਂ ਗੁਰੂ ਜੀ ਨੇ ਕਿਹਾ ਦੂਸਰੀ ਤਲਵਾਰ ਲਿਆੳ।

ਦੂਸਰੀ ਤਲਵਾਰ ਉਨ੍ਹਾਂ ਦੂਸਰੇ ਪਾਸੇ ਪਾ ਲਈ। ਉਨ੍ਹਾਂ ਕਿਹਾ ਕਿ ਉਹ ਹੁਣ ਦੋ ਤਲਵਾਰਾਂ ਹੀ ਪਹਿਨਿਆ ਕਰਨਗੇ। ਇਕ ਤਲਵਾਰ ਮੀਰੀ ਦੀ ਹੈ ਅਤੇ ਇਕ ਪੀਰੀ ਦੀ ਹੈ।

ਉਨ੍ਹਾਂ ਦਸਤਾਰ ਵੀ ਰਾਜਿਆਂ ਮਹਾਰਾਜਿਆਂ ਵਾਂਗ ਸਜਾਈ ਤੇ ਕਲਗੀ ਲਾਈ। ਗੁਰੂ ਜੀ ਦਾ ਤੇਜ ਉਸ ਸਮੇਂ ਸੂਰਜ ਵਾਂਗ ਚਮਕਦਾ ਸੀ।

ਗੁਰਗੱਦੀ ਉਤੇ ਬੈਠਣ ਤੋਂ ਬਾਅਦ ਗੁਰੂ ਜੀ ਨੇ ਫ਼ਰਮਾਇਆ, 'ਅੱਜ ਤੋਂ ਬਾਅਦ ਮੇਰੇ ਪਾਸ ਭੇਟਾ ਚੰਗਾ ਸ਼ਸਤਰ ਅਤੇ ਚੰਗਾ ਘੋੜਾ ਹੋਵੇਗਾ। ਸਾਰੇ ਸਿੱਖ ਸ਼ਸਤਰਧਾਰੀ ਬਣੋ। ਕਸਰਤਾਂ ਕਰੋ, ਗੱਤਕੇ ਖੇਡੋ ਅਤੇ ਜੰਗਲਾਂ ਵਿਚ ਜਾੳ, ਸ਼ਿਕਾਰ ਖੇਡੋ।

ਮੈਨੂੰ ਅੱਜ ਸਭ ਤੋਂ ਵੱਧ ਸਿੱਖ ਸੂਰਮਿਆਂ ਦੀ ਲੋੜ ਹੈ। ਜਿਹੜਾ ਵੀ ਸਾਡਾ ਸਿੱਖ ਬਣਨਾ ਲੋਚਦਾ ਹੈ। ਸਾਡੀ ਫ਼ੌਜ ਵਿਚ ਭਰਤੀ ਹੋ ਜਾਵੇ, ਇਥੇ ਉਸ ਨੂੰ ਹਰ ਪ੍ਰਕਾਰ ਦੇ ਹਥਿਆਰ ਚਲਾਉਣ ਦੀ ਸਿੱਖਿਆ ਦਿੱਤੀ ਜਾਵੇਗੀ'।

ਗੁਰੂ ਜੀ ਨੇ ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਨੂੰ ਲੰਗਰ ਵਿਚੋਂ ਦੋਵੇਂ ਵੇਲੇ ਪ੍ਰਸ਼ਾਦਾ ਮਿਲੇਗਾ ਅਤੇ ਛੇ ਮਹਿਨੇ ਬਾਅਦ ਪਹਿਨਣ ਵਾਸਤੇ ਨਵੇਂ ਵਸਤਰ ਮਿਲਣਗੇ।

ਸਿੱਖਾਂ ਨੂੰ ਹੋਰ ਕੀ ਚਾਹੀਦਾ ਸੀ। ਉਹ ਦੇਵੇ ਵੇਲੇ ਕੀਰਤਨ ਸੁਣਦੇ ਸਨ, ਦਿਨ ਦੇ ਸਮੇਂ ਸ਼ਸਤਰ ਚਲਾਉਣ ਦੀ ਮਸ਼ਕ ਕਰਦੇ ਸਨ, ਕਸਰਤਾਂ ਕਰਦੇ ਸਨ ਅਤੇ ਅੱਗੇ ਨਾਲੋਂ ਵੀ ਨਵੇਂ ਨਰੋਏ ਹੋ ਰਹੇ ਸਨ।

ਉਨ੍ਹਾਂ ਨੂੰ ਕਿਸੇ ਦਾ ਭੈਅ ਜਾਂ ਡਰ ਨਹੀਂ ਸੀ। ਉਨ੍ਹਾ ਦਾ ਗੁਰੂ ਉਨ੍ਹਾਂ ਦੇ ਨਾਲ ਸੀ। ਗੁਰੂ ਦੇ ਨਾਲ ਉਹ ਸ਼ਿਕਾਰ ਖੇਡਣ ਵੀ ਜਾਂਦੇ।

Disclaimer Privacy Policy Contact us About us