ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ


ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਸਿੱਖ ਸੰਪ੍ਰਦਾਇ ਨੂੰ ਸੈਨਿਕ ਸੰਗਠਨ ਦਾ ਰੂਪ ਦੇਣ ਦਾ ਜੋ ਨਿਰਣਾ ਕਰ ਲਿਆ ਸੀ, ਆਪ ਉਸ ਨੂੰ ਪੂਰਾ ਕਰਨ ਵਲ ਲੱਗ ਗਏ।

ਅੰਮ੍ਰਿਤਸਰ ਆਪ ਦੀਆਂ ਸਰਗਰਮੀਆਂ ਦਾ ਵੱਡਾ ਗੜ੍ਹ ਸੀ। ਇਸ ਨੂੰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ ਆਪ ਨੇ ਇਕ ਕਿਲੇ ਦੀ ਉਸਾਰੀ ਕਰਵਾਈ ਜਿਸ ਦਾ ਨਾਂ ‘ਲੋਹਗੜ੍ਹ' ਰੱਖਿਆ ਗਿਆ। ਇਸ ਕਿਲ੍ਹੇ ਵਿੱਚ ਸ਼ਸਤਰਾਂ ਦਾ ਭੰਡਾਰ ਕੀਤਾ ਗਿਆ।

ਫਿਰ ਆਪ ਨੇ ਸੰਮਤ ੧੬੬੬ ਭਾਵ ਸੰਨ 1609 ਈ: ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨੀ ਡਿਉੜੀ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਰਾਇਆ।

ਅੰਮ੍ਰਿਤ ਵੇਲੇ ਦੇ ਕਥਾ ਕੀਰਤਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਸਤਿਗੁਰਾਂ ਦਾ ਦਰਬਾਰ ਸਜਦਾ। ਇਥੇ ਆਪ ਪਹਿਲਾਂ ਸੰਗਤਾਂ ਨੂੰ ਧਰਮ ਸਿਖਿਆ ਅਤੇ ਸਿੱਖੀ ਰਹਿਤ ਮਰਿਆਦਾ ਬਾਰੇ ਉਪਦੇਸ਼ ਦਿੰਦੇ ਅਤੇ ਧਰਮ ਸੰਬੰਧੀ ਮਸਲਿਆਂ ਦੀ ਚਰਚਾ ਕਰਦੇ।

ਫਿਰ ਦੁਪਹਿਰ ਸਮੇਂ ਲੰਗਰ ਤੋਂ ਬਾਅਦ ਇਥੇ ਸੰਗਤਾਂ ਮੁੜ ਇਕੱਤਰ ਹੁੰਦੀਆਂ। ਉਸ ਸਮੇਂ ਇਥੇ ਬੀਰ ਰਸੀ ਵਾਰਾਂ ਦਾ ਗਾਇਨ ਹੁੰਦਾ ਅਤੇ ਸਰੀਰਕ ਕਸਰਤ ਤੇ ਸ਼ਸਤਰਾਂ ਦੀ ਸਿਖਲਾਈ ਆਦਿ ਦਾ ਕਾਰਜ ਕਰਮ ਚਲਦਾ।

ਸਿੱਖ ਗਭਰੂਆਂ ਵਿੱਚ ਸ਼ਸਤਰ ਚਲਾਉਣ ਅਤੇ ਘੋਲ ਕੁਸ਼ਤੀਆਂ ਦੇ ਮੁਕਾਬਲੇ ਹੁੰਦੇ। ਗੁਰੂ ਜੀ ਆਪ ਗਭਰੂਆਂ ਦੀ ਹੌਂਸਲਾ ਅਫ਼ਜਾਈ ਕਰਦੇ।

ਸ੍ਰੀ ਅਕਾਲ ਤਖ਼ਤ ਸਾਹਿਬ ਬੈਠ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਬਾਹਰੋਂ ਆਏ ਸਿੱਖਾਂ ਨਾਲ ਉਨ੍ਹਾਂ ਦੇ ਇਲਾਕਿਆਂ ਵਿਚਲੇ ਹਾਲਾਤ ਬਾਰੇ ਵਿਚਾਰ ਕਰਦੇ।

ਲੋਕਾਂ ਦੀਆਂ ਔਕੜਾਂ ਸੁਣ ਕੇ ਹਲ ਸੁਝਾਉਂਦੇ। ਉਨ੍ਹਾਂ ਦੇ ਝਗੜਿਆਂ ਦਾ ਨਿਬੇੜਾ ਕਰਦੇ। ਸਿੱਖਾਂ ਨੂੰ ਹੁਕਮ ਸੀ ਕਿ ਆਪ ਆਪਸੀ ਝਗੜਿਆਂ ਨੂੰ ਸਰਕਾਰੀ ਕਚਹਿਰਿਆਂ ਵਿੱਚ ਨਹੀਂ ਲੈ ਜਾਣਾ, ਆਪਸ ਵਿੱਚ ਬੈਠ ਕੇ ਨਿਬੇੜਾ ਕਰ ਲੈਣ।

ਇਸ ਨਾਲ ਇਕ ਸੁੰਦਰ ਪਰੰਪਰਾ ਕਾਇਮ ਹੋ ਗਈ। ਸਿੱਖਾਂ ਦਾ ਸਮਾਂ ਧਨ, ਇੱਜ਼ਤ ਸਭ ਦਾ ਬਚਾਅ ਹੋ ਜਾਂਦਾ। ਉਹ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਕੇ ਫ਼ੈਸਲੇ ਕਰ ਲੈਂਦੇ ਤੇ ਖ਼ੁਸ਼ ਖ਼ੁਸ਼ ਘਰਾਂ ਨੂੰ ਪਰਤਦੇ।

Disclaimer Privacy Policy Contact us About us