ਫ਼ੌਜੀ ਦਸਤਾ ਤਿਆਰ ਕਰਨਾ


ਗੁਰੂ ਜੀ ਨੇ ਬਵੰਜਾ ਚੁਣੇ ਹੋਏ ਚੁਸਤ ਤੇ ਬਲਵਾਨ ਗਭਰੂਆਂ ਦਾ ਇਕ ਦਲ ਕਾਇਮ ਕੀਤਾ। ਇਨ੍ਹਾਂ ਗਭਰੂਆਂ ਨੂੰ ਆਲ੍ਹਾ ਕਿਸਮ ਦੀ ਸਿਖਲਾਈ ਦਿੱਤੀ ਗਈ।

ਇਹ ਦਲ ਹਰ ਸਮੇਂ ਗੁਰੂ ਜੀ ਦੀ ਅਰਦਲ ਵਿੱਚ ਰਹਿੰਦਾ ਸੀ। ਇਹ ਦਲ ਭਵਿੱਖ ਦੀ ਸਿੱਖ ਸੈਨਾ ਦਾ ਮੁੱਢ ਬਣਿਆ।

ਇਸ ਵਲ ਵੇਖ ਕੇ ਅਤੇ ਇਸ ਬਾਰੇ ਸੁਣ ਕੇ ਮਾਝੇ, ਮਾਲਵੇ ਅਤੇ ਦੁਆਬੇ ਨਿਚੋਂ ਛੈਲ ਗਭਰੂਆਂ ਦੀਆਂ ਵਹੀਰਾਂ ਗੁਰੂ ਦਰਬਾਰ ਵਿੱਚ ਪਹੁੰਚਣ ਲੱਗੀਆਂ ਕਿ ਸਾਨੂੰ ਵੀ ਗੁਰੂ ਜੀ ਆਪਣੀ ਅਰਦਲ ਵਿੱਚ ਲੈਣ।

ਇਨ੍ਹਾਂ ਗਭਰੂਆਂ ਦੀ ਗਿਣਤੀ ਪੰਜ ਸੌ ਤੋਂ ਵੱਧ ਸੀ। ਇਹਨਾਂ ਗਭਰੂਆਂ ਨੇ ਕੌਮ ਅਤੇ ਧਰਮ ਦੀ ਖ਼ਾਤਰ ਗੁਰੂ ਜੀ ਦੇ ਹੁਕਮ ਤੇ ਮਰ ਮਿਟਣ ਦਾ ਪ੍ਰਣ ਕੀਤਾ।

ਉਨ੍ਹਾਂ ਨੇ ਐਲਾਨ ਕੀਤਾ ਕਿ ਕੋਈ ਤਨਖ਼ਾਹ ਨਹੀਂ ਲੈਣਗੇ। ਉਨ੍ਹਾਂ ਨੇ ਆਪਣਾ ਜੀਵਨ ਗੁਰੂ ਚਰਨਾਂ ਵਿੱਚ ਅਰਪਨ ਕਰ ਦਿੱਤਾ। ਗੁਰੂ ਜੀ ਨੇ ਉਨ੍ਹਾਂ ਨੂੰ ਸ਼ਸਤਰ ਤੇ ਘੋੜੇ ਦਿਤੇ। ਉਨ੍ਹਾਂ ਦੇ ਰਹਿਣ ਲਈ ਪ੍ਰਬੰਧ ਕੀਤਾ। ਇਸ ਪ੍ਰਕਾਰ ਸਿੱਖ ਜਵਾਨਾਂ ਦੀ ਇਕ ਛੋਟੀ ਜਿਹੀ ਸੈਨਾ ਤਿਆਰ ਹੋ ਗਈ।

ਗੁਰੂ ਜੀ ਨੇ ਇਕ ਵੱਡਾ ਸਾਰਾ ਨਗਾਰਾ ਤਿਆਰ ਕਰਵਾਇਆ। ਨਿਸ਼ਾਨ ਸਾਹਿਬ ਝੁਲਿਆ। ਤੀਸਰੇ ਪਹਿਰ ਗਭਰੂ ਕਸਰਤਾਂ ਕਰਦੇ।

ਸ਼ਿਕਾਰ ਜਾਣ ਤੋਂ ਪਹਿਲਾਂ ਨਗਾਰਾ ਵਜਾਇਆ ਜਾਂਦਾ। ਇਸ ਦੀ ਗੂੰਜ ਰਗਾਂ ਵਿਚ ਜੋਸ਼ ਭਰ ਦਿੰਦੀ। ਗਭਰੂ ਜੈਕਾਰੇ ਬੁਲਾਉਂਦੇ ਹੋਏ ਘੋੜਿਆਂ ਤੇ ਸ਼ਿਕਾਰ ਕਰਨ ਨਿਕਲ ਪੈਂਦੇ।

Disclaimer Privacy Policy Contact us About us