ਕਾਸਮ ਬੇਗ ਦਾ ਜਹਾਂਗੀਰ ਨੂੰ ਖਤ


ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਸੈਨਿਕ ਤਿਆਰੀਆਂ ਦੀ ਸੋਅ ਲਾਹੌਰ ਦੇ ਸੂਬੇਦਾਰ ਕਾਸਮ ਬੇਗ ਨੂੰ ਲੱਗੀ ਤਾਂ ਉਹ ਬੜਾ ਘਬਰਾਇਆ।

ਗੁਰੂ ਘਰ ਦੇ ਪੁਰਾਣੇ ਦੋਖੀ ਚੰਦੂ ਲਾਲ ਤੇ ਪ੍ਰਿਥੀਏ ਦਾ ਪੁੱਤਰ ਮਿਹਰਬਾਣ ਵੀ ਬੜੇ ਔਖੇ ਸਨ। ਉਹ ਸੂਬੇਦਾਰ ਕਾਸਮ ਬੇਗ ਨੂੰ ਗੁਰੂ ਦਰਬਾਰ ਬਾਰੇ ਬੜੀਆਂ ਵਧਾ ਚੜ੍ਹਾ ਕੇ ਗੱਲਾਂ ਦੱਸਦੇ ਜਿਸ ਤੋਂ ਉਸ ਦੀ ਨੀਂਦਰ ਹਰਾਮ ਹੋ ਗਈ।

ਕਾਸਮ ਬੇਗ ਐਸ਼ ਪ੍ਰਸਤ ਤੇ ਆਰਾਮ ਪਸੰਦ ਬੰਦਾ ਸੀ। ਜੰਗਾਂ ਯੁੱਧਾਂ ਤੋਂ ਬੜਾ ਤ੍ਰਹਿੰਦਾ ਸੀ। ਫਿਰ ਗੁਰੂ ਜੀ ਦੀ ਅਧਿਆਤਮਕ ਸ਼ਕਤੀ ਬਾਰੇ ਵੀ ਉਸ ਨੇ ਬੜਾ ਕੁਝ ਸੁਣਿਆ ਸੀ। ਇਸ ਲਈ ਉਹ ਉਹਨਾਂ ਨਾਲ ਭਿੜਨ ਤੋਂ ਕੰਨੀ ਕਤਰਾਉਂਦਾ ਸੀ।

ਇਧਰ ਚੰਦੂ ਲਾਲ ਵੀ ਦਿਲ ਵਿੱਚ ਬੜਾ ਭੈਭੀਤ ਰਹਿੰਦਾ ਸੀ। ਉਸ ਨੇ ਜਿਸ ਤਰ੍ਹਾਂ ਅਣ ਮਨੁੱਖੀ ਤਸੀਹੇ ਦੇ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ, ਉਨ੍ਹਾਂ ਨੂੰ ਯਾਦ ਕਰਕੇ ਉਹ ਹਰ ਵੇਲੇ ਕੰਬਦਾ ਰਹਿੰਦਾ ਸੀ।

ਉਸ ਨੇ ਕਾਸਮ ਬੇਗ ਨੂੰ ਪ੍ਰੇਰਿਆ ਕਿ ਉਹ ਬਾਦਸ਼ਾਹ ਜਹਾਂਗੀਰ ਨੂੰ ਸ੍ਰੀ ਹਰਿਗੋਬਿੰਦ ਜੀ ਦੀ ਵੱਧਦੀ ਹੋਈ ਸ਼ਕਤੀ ਤੋਂ ਜਾਣੂ ਕਰਵਾਏ ਤੇ ਉਸ ਨੂੰ ਹੁਣੇ ਹੀ ਇਸ ਨੂੰ ਦਬਾ ਦੇਣ ਲਈ ਪ੍ਰੇਰੇ।

ਕਾਸਮ ਬੇਗ ਨੇ ਜਹਾਂਗੀਰ ਨੂੰ ਗੁਰੂ ਜੀ ਦੀਆਂ ਫ਼ੌਜੀ ਤਿਆਰੀਆਂ ਬਾਰੇ ਬੜੀਆਂ ਵਧਾ ਚੜ੍ਹਾ ਕੇ ਖ਼ਬਰਾਂ ਪੁਚਾਉਣੀਆਂ ਸ਼ੁਰੂ ਕੀਤੀਆਂ ਅਤੇ ਲਿਖਿਆ ਕਿ ਗੁਰੂ ਜੀ ਨੇ ਚੋਰਾਂ, ਡਾਕੂਆਂ ਤੇ ਧਾੜਵੀਆਂ ਦੀ ਤਕੜੀ ਫ਼ੌਜ ਜੋੜ ਲਈ ਹੈ, ਦਰਬਾਰ ਸਾਹਿਬ ਵਿੱਚ ਸ਼ਾਹੀ ਤਖ਼ਤ ਬਣਾ ਲਿਆ ਹੈ, ਉਸ ਜਗ੍ਹਾਂ ਕਲਗੀ ਸਜਾ ਕੇ ਬੈਠਦਾ ਹੈ ਤੇ ਬਾਦਸ਼ਾਹਾਂ ਵਾਂਗ ਦਰਬਾਰ ਲਗਾਉਂਦਾ ਹੈ।

ਲੋਕਾਂ ਕੋਲੋਂ ਆਪਣੇ ਆਪ ਨੂੰ ‘ਸੱਚਾ ਪਾਤਸ਼ਾਹ' ਅਖਵਾਉਂਦਾ ਹੈ, ਲੋਕਾਂ ਦੇ ਮੁਕੱਦਮੇ ਸੁਣਦਾ ਹੈ ਤੇ ਆਪ ਫ਼ੈਸਲੇ ਕਰਦਾ ਹੈ, ਦੋਸ਼ਿਆਂ ਨੂੰ ਦੰਡ ਦਿੰਦਾ ਹੈ।

ਜਾਣੋ ਮੁਕਾਬਲੇ ਦੀ ਬਾਦਸ਼ਾਹਤ ਕਾਇਮ ਕਰ ਲਈ ਹੋਵੇ। ਅੰਮ੍ਰਿਤਸਰ ਵਿੱਚ ਲੋਹਗੜ੍ਹ ਨਾਂ ਦਾ ਪੱਕਾ ਕਿਲ੍ਹਾ ਬਣਵਾ ਲਿਤਾ ਹੈ ਤੇ ਆਪਣੇ ਬਾਪ ਅਰਜਨ ਦੇਵ ਦੀ ਸ਼ਹੀਦੀ ਦਾ ਬਦਲਾ ਲੈਣ ਦੀ ਤਿਆਰੀ ਕਰ ਰਿਹਾ ਹੈ।

ਜੇ ਸਰਕਾਰ ਨੇ ਸਮਾਂ ਰਹਿੰਦੇ ਇਸ ਦਾ ਪ੍ਰਬੰਧ ਨਾ ਕੀਤਾ ਤਾਂ ਉਹਦੀ ਸ਼ਕਤੀ ਬੜੀ ਵਧ ਜਾਏਗੀ। ਫਿਰ ਉਸ ਨੂੰ ਸੋਧਣਾ ਮੁਸ਼ਕਲ ਹੋ ਜਾਏਗਾ ਤੇ ਸਰਕਾਰ ਲਈ ਗੰਭੀਰ ਖ਼ਤਰਾ ਉਤਪੰਨ ਹੋ ਜਾਏਗਾ'।

Disclaimer Privacy Policy Contact us About us