ਗੁਰੂ ਜੀ ਨੂੰ ਜਹਾਂਗੀਰ ਦਾ ਦਿੱਲੀ ਸਦਣਾ


ਜਹਾਂਗੀਰ ਇਨ੍ਹਾਂ ਖ਼ਬਰਾਂ ਨੂੰ ਸੁਣ ਕੇ ਬੜਾ ਫ਼ਿਕਰਮੰਦ ਹੋਇਆ। ਉਸਨੇ ਵਜ਼ੀਰ ਖਾਂ ਤੇ ਗੁੰਚਾ ਬੇਗ ਨੂੰ ਅੰਮ੍ਰਿਤਸਰ ਭੇਜਿਆ ਕਿ ਉਹ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਿਸੇ ਤਰ੍ਹਾਂ ਸਮਝਾ ਬੁਝਾ ਕੇ ਦਿੱਲੀ ਲੈ ਆਉਣ।

ਵਜੀਰ ਖਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬੜਾ ਸ਼ਰਧਾਲੂ ਸੀ ਅਤੇ ਦਿਲੋਂ ਉਨ੍ਹਾਂ ਦਾ ਸਿੱਖ ਸੀ। ਉਹ ਰੋਜ਼ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਕਰਦਾ ਸੀ ਅਤੇ ਇਸ ਤੋਂ ਬਗ਼ੈਰ ਕੁਝ ਮੁੰਹ ਵਿਚ ਨਹੀਂ ਸੀ ਪਾਂਦਾ।

ਉਹ ਬਾਦਸ਼ਾਹ ਪਾਸ ਵੀ ਕਈ ਵਾਰ ਗੁਰੂ ਜੀ ਦੀ ਉਪਮਾ ਤੇ ਉਨ੍ਹਾਂ ਦੇ ਅਧਿਆਤਮਕ ਬਲ ਦੀ ਚਰਚਾ ਕਰ ਚੁੱਕਾ ਸੀ। ਜਹਾਂਗੀਰ ਨੇ ਉਸ ਨੂੰ ਦਸਿਆ ਕਿ ਉਹ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਪਰ ਅੰਦਰੋਂ ਉਸ ਦੀ ਨੀਅਤ ਇਹ ਸੀ ਕਿ ਗੁਰੂ ਸਾਹਿਬ ਦਿੱਲੀ ਆਉਣ ਤਾਂ ਉਨ੍ਹਾਂ ਨੂੰ ਕੈਦ ਕਰ ਲਿਆ ਜਾਏ ਅਤੇ ਮੌਕਾ ਬਹਾਨਾ ਪਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ।

ਇਧਰ ਗੁਰੂ ਸਾਹਿਬ ਵੀ ਚਾਹੁੰਦੇ ਸਨ ਕਿ ਅਵਸਰ ਬਣੇ ਤਾਂ ਬਾਦਸ਼ਾਹ ਜਹਾਂਗੀਰ ਨੂੰ ਮਿਲਿਆ ਜਾਏ ਤੇ ਉਸ ਨਾਲ ਖੁਲ੍ਹੀਆਂ ਗੱਲਾਂ ਕੀਤੀਆਂ ਜਾਣ।

ਆਪ ਜੀ ਨੂੰ ਪੂਰਨ ਭਰੋਸਾ ਸੀ ਕਿ ਆਪਣੇ ਆਦਰਸ਼ ਦੇ ਸੱਚੇ ਹੋਣ ਕਰਕੇ ਉਹ ਜਹਾਂਗੀਰ ਦੇ ਦਿਲ ਵਿਚੋਂ ਸਾਰੇ ਭਰਮ ਭੁਲੇਖੇ ਦੂਰ ਕਰ ਦੇਣਗੇ ਤੇ ਉਸਨੂੰ ਸਿੱਧੇ ਰਾਹ ਤੇ ਲੈ ਆਉਣਗੇ।

ਵਜ਼ੀਰ ਖਾਂ ਅੰਮ੍ਰਿਤਸਰ ਪਹੁੰਚ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ। ਉਸ ਨੇ ਬਾਦਸ਼ਾਹ ਦੀ ਇੱਛਾ ਆਪ ਅੱਗੇ ਪ੍ਰਗਟ ਕੀਤੀ ਅਤੇ ਯਕੀਨ ਦਿਲਾਇਆ ਕਿ ਜਹਾਂਗੀਰ ਦੀ ਨੀਅਤ ਮਾੜੀ ਨਹੀਂ।

ਗੁਰੂ ਸਾਹਿਬ ਨੇ ਮੁਖੀ ਸਿੱਖਾਂ, ਆਪਣੇ ਮਹਿਲ ਅਤੇ ਮਾਤਾ ਗੰਗਾ ਜੀ ਨਾਲ ਸਲਾਹ ਕੀਤੀ ਅਤੇ ਦਿੱਲੀ ਜਾਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਅੰਮ੍ਰਿਤਸਰ ਦਾ ਸਾਰਾ ਪ੍ਰਬੰਧ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਸੌਂਪਿਆ ਅਤੇ ਆਪ ਤਿੰਨ ਸੌ ਸੂਰਮੇ ਸਿੱਖਾਂ ਨੂੰ ਨਾਲ ਲੈ ਕੇ ਦਿੱਲੀ ਵਲ ਚਲ ਪਏ।

ਰਸਤੇ ਵਿਚ ਆਪ ਤਰਨ ਤਾਰਨ, ਗੋਇੰਦਵਾਲ, ਦੁਆਬੇ ਅਤੇ ਮਾਲਵੇ ਵਿਚ ਹੁੰਦੇ ਹੋਏ ਦਿੱਲੀ ਪਹੁੰਚ ਗਏ। ਉਥੇ ਆਪ ਨੇ ਜਮਨਾ ਨਦੀ ਦੇ ਕੰਢੇ, ਮਜਨੂੰ ਟਿੱਲੇ ਕੋਲ ਇਕ ਬਾਗ ਵਿੱਚ ਡੇਰਾ ਕੀਤਾ।

ਗੁਰੂ ਸਾਹਿਬ ਨੇ ਦਿੱਲੀ ਆਉਣ ਦੀ ਖ਼ਬਰ ਸਾਰੇ ਨਗਰ ਵਿਚ ਫਿਰ ਗਈ। ਨਗਰ ਦਿਆਂ ਸਿੱਖ ਸੰਗਤਾਂ ਹੁਮ ਹੁਮਾ ਕੇ ਦਰਸ਼ਨਾਂ ਲਈ ਪਹੁੰਚਣ ਲੱਗੀਆਂ। ਉਨ੍ਹਾਂ ਨੇ ਆਪ ਜੀ ਦੇ ਪਿਤਾ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਦੁੱਖ ਤੇ ਸ਼ੋਕ ਪ੍ਰਗਟ ਕੀਤਾ।

ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਤੇ ਅਕਾਲ ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਉਪਦੇਸ਼ ਦਿੱਤਾ। ਵਜ਼ੀਰ ਖਾਂ ਤੇ ਗੁੰਚਾ ਬੇਗ ਬਾਦਸ਼ਾਹ ਨੂੰ ਖ਼ਬਰ ਕਰਨ ਗਏ।

Disclaimer Privacy Policy Contact us About us