ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ


ਗੁਰੂ ਹਰਗੋਬਿੰਦ ਸਾਹਿਬ ਜੀ (5 ਜੁਲਾਈ 1595 – 19 ਮਾਰਚ 1644) ਸਿੱਖਾਂ ਦੇ ਛੇਵੇਂ ਗੁਰੂ ਸਨ ਅਤੇ 25 ਮਈ 1606 ਨੂੰ, ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੇ ਨਕਸ਼ੇ ਕਦਮ ਉੱਤੇ ਚਲਦੇ ਹੋਏ, ਗੁਰੂ ਬਣੇ। ਇਹਨਾਂ ਨੂੰ ਸੱਚਾ ਪਾਤਸ਼ਾਹ("True Emperor") ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।


ਸ਼ੁਰੂਆਤੀ ਜੀਵਨ


ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 19 ਜੂਨ ਸੰਨ 1595 ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਪਿੰਡ ਗੁਰੂ ਕੀ ਵਡਾਲੀ ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ । ਇਸ ਖੁਸ਼ੀ ਵਿਚ ਗੁਰੂ ਸਾਹਿਬ ਨੇ ਛੇ ਹਰਟਾਂ ਵਾਲਾ ਖੂਹ ਲਵਾਇਆ। ਹੁਣ ਇਸ ਪਾਵਨ ਅਸਥਾਨ ਦਾ ਨਾਂ ਛੇਹਰਟਾ ਸਾਹਿਬ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਪੁੱਤਰ ਦੀ ਦਾਤ ਆ ਜਾਣ ਕਾਰਨ ਪ੍ਰਿਥੀ ਚੰਦ ਨੂੰ ਬਹੁਤ ਦੁੱਖ ਹੋਇਆ। ਉਸ ਨੇ ਸਾਹਿਬਜ਼ਾਦੇ ਨੂੰ ਖ਼ਤਮ ਕਰਨ ਲਈ ਫੱਤੋ ਦਾਈ ਰਾਹੀਂ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ; ਫਿਰ ਸੱਪ ਲੜਾਉਣ ਦਾ ਛੜਯੰਤਰ ਵੀ ਰਚਿਆ ਪਰ ਸਫ਼ਲ ਨਾ ਹੋ ਸਕਿਆ। ਫਿਰ ਚੀਚਕ ਨਿਕਲ ਆਈ। ਠੀਕ ਹੋ ਜਾਣ ਬਾਅਦ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਸ਼ਬਦ ਉਚਾਰਨ ਕੀਤਾ:

ਸਦਾ ਸਦਾ ਹਰਿ ਜਾਪੇ॥ ਪ੍ਰਭ ਬਾਲਕ ਰਾਖੇ ਆਪੇ॥ (ਪੰਨਾ 627)
ਸੀਤਲਾ ਤੇ ਰਖਿਆ ਬਿਹਾਰੀ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ॥ (ਪੰਨਾ 200)

(ਗੁਰੂ) ਹਰਿਗੋਬਿੰਦ ਜੀ ਛੇ ਸਾਲ ਦੇ ਹੋਏ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, "ਬਾਬਾ ਜੀ! ਤੁਸੀਂ ਫੱਟੀ ਤੇ ਪੈਂਤੀ ਆਪਣੇ ਹੱਥੀਂ ਲਿਖ ਕੇ ਸਾਹਿਬਜ਼ਾਦੇ ਨੂੰ ਦਿਉ।" ਬਾਬਾ ਜੀ ਨੇ ਪੰਜ ਗੁਰੂ ਸਾਹਿਬਾਨ ਦਾ ਧਿਆਨ ਧਰ ਕੇ ਅਰਦਾਸ ਕਰ ਕੇ ਫੱਟੀ ਤੇ ਪੈਂਤੀ ਲਿਖ ਕੇ ਦਿੱਤੀ।

ਇਸ ਤਰ੍ਹਾਂ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਸਾਹਿਬਜ਼ਾਦੇ ਨੂੰ ਸ਼ਾਸਤਰ ਅਤੇ ਸ਼ਸਤਰ ਵਿਦਿਆ, ਘੋੜ-ਸਵਾਰੀ, ਤੀਰ-ਅੰਦਾਜ਼ੀ , ਨਿਸ਼ਾਨਾਬਾਜ਼ੀ, ਰਾਜਨੀਤੀ, ਰਣਨੀਤੀ ਦੀ ਸਿਖਿਆ ਦਿਵਾਈ ਗਈ।

ਸਾਹਿਬ ਸ੍ਰੀ ਹਰਿਗੋਬਿੰਦ ਜੀ ਬਹੁਤ ਸੁੰਦਰ ਸਜੀਲੇ, ਖ਼ੂਬਸੂਰਤ, ਫੁਰਤੀਲੇ ਤੇ ਦਿਲਕਸ਼ ਸ਼ਖ਼ਸੀਅਤ ਦੇ ਮਾਲਕ ਸਨ। 11 ਕੁ ਸਾਲਾਂ ਦੇ ਸਨ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਹੋ ਜਾਣ ਕਾਰਨ ਗੁਰਿਆਈ ਦਾ ਕਾਰਜ-ਭਾਰ ਆਪ ਜੀ ਦੇ ਮੋਢਿਆਂ ਤੇ ਪੈ ਗਿਆ।


ਗੁਰਿਆਈ ਦੀ ਰਸਮ ਵੇਲੇ ਆਪ ਜੀ ਨੇ ਬਾਬਾ ਬੁਢਾ ਜੀ ਨੂੰ ਕਿਹਾ, "ਬਾਬਾ ਜੀ, ਆਹ ਚੀਜ਼ਾਂ ਸੇਲ੍ਹੀ ਟੋਪੀ ਆਦਿ ਤੋਸ਼ੇਖਾਨੇ ਵਿਚ ਰਖਵਾ ਦਿਉ; ਤੁਸੀਂ ਮੈਨੂੰ ਤਲਵਾਰ ਪਹਿਨਾਉ।" ਬਾਬਾ ਜੀ ਜਾਣਦੇ ਸਨ ਕਿ "ਬਡ ਜੋਧਾ ਬਹੁ ਪਰਉਪਕਾਰੀ" ਸ਼ਸਤਰਾਂ ਨਾਲ ਹੀ ਸੋਂਹਦਾ ਹੈ। ਉਨ੍ਹਾਂ ਨੇ ਸਾਹਿਬਜ਼ਾਦੇ ਨੂੰ ਦੋ ਤਲਵਾਰਾਂ ਮੀਰੀ ਦੀ ਅਤੇ ਪੀਰੀ ਦੀਆਂ ਪਹਿਨਾਈਆਂ।

ਸੁੰਦਰ ਤਿੱਲੇਦਾਰ ਜੜਤ ਵਾਲੀ, ਜਰੀ ਬਾਦਲੇ ਵਾਲੀ ਪੀਲੇ ਰੰਗ ਦੀ ਪੌਸ਼ਾਕ ਅਤੇ ਕੇਸਰੀ ਰੰਗ ਦੀ ਬਹੁਤ ਸੁੰਦਰ ਤਿੱਲੇਦਾਰ ਦਸਤਾਰ ਸਜਾਈ। ਕੇਸਰੀ ਬਾਣੇ ਵਿਚ ਸੁਸ਼ੋਭਿਤ ਸਾਹਿਬਜ਼ਾਦੇ ਨੂੰ ਕਲਗੀ ਬਾਬਾ ਜੀ ਨੇ ਸਜਾਈ।


ਕਾਰਜ


ਅੰਮ੍ਰਿਤਸਰ ਸਿਖਾਂ ਦਾ ਕੇਂਦਰੀ ਅਸਥਾਨ ਸੀ। ਗੁਰੂ ਹਰਗੋਬਿੰਦ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਮ੍ਹਣੇ 1609 ਵਿੱਚ ਸ੍ਰੀ ਅਕਾਲ ਤਖਤ ਦੀ ਉਸਾਰੀ ਕੀਤੀ ਅਤੇ ਸੂਰਮਿਆ ਵਿੱਚ ਬੀਰ-ਰਸ ਭਰਨ ਲਈ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਪਹਿਲੇ ਢਾਡੀ ਦਾ ਨਾਮ ਅਬਦੁੱਲਾ ਸੀ।

ਗੁਰੂ ਹਰਗੋਬਿੰਦ ਜੀ ਨੇ ਸਿੱਖ-ਧਰਮ ਦੇ ਪਰਚਾਰ ਵਿੱਚ ਵੀ ਵਿਸ਼ੇਸ ਧਿਆਨ ਦਿੱਤਾ ਅਤੇ ਇੱਕ ਚੰਗੀ ਜੱਥੇ ਬੰਦੀ ਦੀ ਸਤਾਪਨਾ ਕੀਤੀ। 1612-13 ਵਿੱਚ ਦੁਆਬੇ ਅਤੇ ਮਾਲਵੇ ਵਿੱਚ ਸਿੱਖੀ ਦਾ ਪਰਚਾਰ ਕੀਤਾ ਅਤੇ ਇਸੇ ਸਮੇਂ ਗੁਰੂ ਸਾਹਿਬ ਦੀ ਪਾਰਖੂ ਅੱਖ ਨੇ ਪੈਂਦੇ ਖਾਂ ਤੇ ਖ਼ਾਸ ਮਿਹਰ ਕੀਤੀ। 1613 ਵਿੱਚ ਬਾਬਾ ਗੁਰ ਦਿਤਾ ਜੀ ਦਾ ਜਨਮ ਡਰੌਲੀ ਵਿੱਚ ਹੋਇਆ।

ਇੱਥੇ ਹੀ ਸਾਧੂ ਨਾਮ ਦਾ ਇੱਕ ਸਰਵਰੀਆ ਗੁਰੂ ਸਾਹਿਬ ਜੀ ਦਾ ਸਿੱਖ ਬਣਿਆ ਜਿਸਦੇ ਘਰ ‘ਭਾਈ ਰੂਪ ਚੰਦ’ ਦਾ ਜਨਮ ਹੋਇਆ। ਅੰਮ੍ਰਿਤਸਰ ਦੀ ਤਰੱਕੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਸੰਗਤਾਂ ਦੇ ਪਾਣੀ ਲਈ ਰਾਮਸਰ ਅਤੇ ਬਿਬੇਕਸਰ ਨਾਮ ਦੇ ਸਰੋਵਰ ਬਣਵਾਏ ਅਤੇ ਅੰਮ੍ਰਿਤਸਰ ਦੀ ਰੱਖਿਆ ਲਈ ਲੋਹਗੜ੍ਹ ਦਾ ਕਿਲਾ ਬਣਵਾਇਆ।

ਗਵਾਲੀਅਰ ਦੇ ਕਿਲੇ 'ਚੋਂ ਰਿਹਾਅ ਹੋਣ ਅਤੇ ਜਹਾਂਗੀਰ ਵੱਲੋਂ ਨਜ਼ਰਬੰਦ ਕੀਤੇ ਗਏ 52 ਪਹਾੜੀ ਰਾਜਿਆਂ ਦੀ ਰਿਹਾਈ ਕਰਵਾਉਣ ਉਪ੍ਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਵਾਲੇ ਦਿਨ ਨੂੰ ਅਸੀਂ ਬੰਦੀ ਛੋੜ ਦਿਵਸ ਦਾ ਨਾਮ ਦੇ ਕੇ ਹਰ ਸਾਲ ਬੰਦੀ ਛੋੜ ਦਿਵਸ ਮਨਾਉਂਦੇ ਹਾਂ। ਹਰ ਸਿੱਖ ਨੂੰ ਸ਼ਬਦ ਗੁਰੂ ਦਾ ਗਿਆਨ ਦੇ ਕੇ ਕਰਮਕਾਂਡਾਂ, ਵਹਿਮਾਂ, ਭਰਮਾਂ ਦੀ ਕੈਦ ਵਿੱਚੋਂ ਵੀ ਮੁਕਤ ਕਰਵਾਇਆ ਸੀ, ਤਾਂ ਕੀ ਤੁਸੀਂ ਨਹੀਂ ਚਾਹੁੰਦੇ ਕਿ ਗੁਰੂ ਦੇ ਗਿਆਨ ਦੀ ਵਰਤੋਂ ਕਰ ਕੇ ਕਰਮਕਾਂਡਾਂ, ਵਹਿਮਾਂ, ਭਰਮਾਂ ਦੀ ਇਸ ਕੈਦ ਵਿੱਚੋਂ ਵੀ ਮੁਕਤ ਹੋਣਾ ਹੈ।

ਅੰਮ੍ਰਿਤਸਰ ਪੁੱਜਣ ਉਪਰੰਤ ਫਿਰ ਨਿੱਤ ਕਰਮ ਸ਼ੁਰੂ ਕਰ ਦਿੱਤੇ। ਅਕਾਲ ਬੁੰਗੇ ਦੇ ਲਾਗੇ ਖੂਹ ਤੇ ਬਾਗ਼ ਲਗਵਾਇਆ। ਅੰਮ੍ਰਿਤਸਰ ਸ਼ਹਿਰ ਦੇ ਦੁਆਲੇ ਪੱਕੀ ਫਸੀਲ ਉਸਾਰੀ ਗਈ। ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਧੀ ਕੌਲਾਂ ਜੋ ਸਾਈਂ ਮੀਆਂ ਮੀਰ ਜੀ ਦੀ ਮੁਰੀਦ ਬਣ ਗਈ ਸੀ ਅਤੇ ਰਾਤ-ਦਿਨ ਖ਼ੁਦਾ ਦੀ ਬੰਦਗੀ ਵਿਚ ਲੱਗੀ ਰਹਿੰਦੀ ਸੀ, ਨੂੰ ਕਾਫ਼ਰ ਹੋ ਗਈ ਸਮਝ ਕੇ ਪਿਤਾ ਨੇ ਸਖ਼ਤ ਨਾਰਾਜ਼ਗੀ ਦਰਸਾਈ ਅਤੇ ਕਤਲ ਕਰ ਦੇਣ ਦਾ ਡਰਾਵਾ ਵੀ ਦਿੱਤਾ। ਸਾਈਂ ਮੀਆਂ ਮੀਰ ਜੀ ਦੀ ਬੇਨਤੀ ਨੂੰ ਮੰਨ ਕੇ ਗੁਰੂ ਜੀ ਨੇ ਕੌਲਾਂ ਨੂੰ ਪਨਾਹ ਬਖਸ਼ੀ ਅਤੇ ਇਕ ਵੇਰ ਉਸ ਵੱਲੋਂ ਕਿਸੇ ਸਦੀਵੀ ਯਾਦਗਾਰ ਦੀ ਇੱਛਾ ਜ਼ਾਹਰ ਕੀਤੇ ਜਾਣ ਉਂਤੇ ਗੁਰੂ ਜੀ ਨੇ ਸੰਮਤ 1681 ਵਿਚ ਇਕ ਤਾਲ ਬਣਾਉਣਾ ਆਰੰਭਿਆ ਜੋ ਸੰਮਤ 1684 ਵਿਚ ਮੁਕੰਮਲ ਹੋਇਆ।

ਇਸ ਸਰੋਵਰ ਨੂੰ ਗੁਰੂ ਸਾਹਿਬ ਨੇ ਕੌਲਸਰ ਦਾ ਨਾਮ ਦਿੱਤਾ, ਜੋ ਗੁਰਦੁਆਰਾ ਬਾਬਾ ਅਟੱਲ ਸਾਹਿਬ ਜੀ ਦੇ ਪਾਸ ਹੀ ਵਾਕਿਆ ਹੈ। ਇੰਜ ਹੀ ਗੁਰੂ ਸਾਹਿਬ ਨੇ ਰਾਮਸਰ ਸਾਹਿਬ ਦੇ ਨਜ਼ਦੀਕ ਬਿਬੇਕਸਰ ਸਾਹਿਬ ਦੀ ਉਸਾਰੀ ਸੰਮਤ 1685 ਵਿਚ ਕਰਵਾਈ। ਇੰਜ ਹੀ ਗੁਰੂ ਸਾਹਿਬ ਨੇ ਰਾਮਸਰ ਸਾਹਿਬ ਦੇ ਨਜ਼ਦੀਕ ਬਿਬੇਕਸਰ ਸਾਹਿਬ ਦੀ ਉਸਾਰੀ ਸੰਮਤ 1685 ਵਿਚ ਕਰਵਾਈ। ਇਸ ਤਰ੍ਹਾਂ ਅੰਮ੍ਰਿਤਸਰ ਪੰਜਾਂ ਸਰੋਵਰਾਂ ਦਾ ਪਵਿੱਤਰ ਸ਼ਹਿਰ ਬਣ ਗਿਆ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ-ਕਾਲ ਵਿਚ ਚਾਰ ਯੁੱਧ ਲੜੇ; ਪਹਿਲਾ ਅੰਮ੍ਰਿਤਸਰ 1628 ਈ. ਵਿਚ, ਦੂਜਾ 1630 ਈ. ਵਿਚ ਸ੍ਰੀ ਹਰਿਗੋਬਿੰਦਪੁਰ, ਤੀਜਾ 1632 ਈ. ਵਿਚ ਗੁਰੂਸਰ ਮਹਿਰਾਜ ਦੇ ਸਥਾਨ ਤੇ ਅਤੇ ਚੌਥਾ ਕਰਤਾਰਪੁਰ ਨਗਰ ਵਿਚ 1634 ਨੂੰ। ਚਾਰੇ ਯੁੱਧਾਂ ਵਿਚ ਗੁਰੂ ਜੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

ਜੀਵਨ-ਕਾਲ ਦੇ ਅੰਤਲੇ ਵਰ੍ਹਿਆਂ ਵਿਚ ਕੀਰਤਪੁਰ ਨਗਰ ਵਸਾਇਆ। ਆਪ ਜੀਵਨ ਦੇ ਅੰਤਲੇ ਸੁਆਸਾਂ ਤਕ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ। ਭੁੱਲਿਆਂ-ਭਟਕਿਆਂ ਨੂੰ ਸਤਿਗੁਰੂ, ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਰਾਹ ਤੇ ਪਾਉਂਦੇ ਰਹੇ। ਆਪ ਜੀ ਖ਼ੁਦ ਨਾਮ-ਬਾਣੀ ਦੇ ਰਸੀਏ, ਸ਼ੁੱਧ ਬਾਣੀ ਪੜ੍ਹਨ-ਸੁਣਨ ਦੇ ਤੀਬਰ ਇੱਛਾਵਾਨ ਤੇ ਮਹਾਨ ਚਿੰਤਕ ਸਨ।

ਗੁਰਿਆਈ ਦੀ ਗੱਦੀ ਤੇ ਬੈਠਣ ਲੱਗਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ ਜਿਨ੍ਹਾਂ ਵਿਚ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਸ ਦਾ ਵਰਣਨ ਢਾਡੀ ਅਬਦੁਲਾ ਨੇ ਇਸ ਤਰ੍ਹਾਂ ਕੀਤਾ ਹੈ:

ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰੀ ਦੀ।

ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ-ਬਲ ਤੇ ਰਾਜ-ਬਲ ਇਕੱਠੇ ਕੰਮ ਕਰਨਗੇ। ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਇਨ੍ਹਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਿਮਰਨ ਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ।

ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ। ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡਾ ਧਰਮ ਤੇ ਰਾਜਨੀਤੀ ਇਕ ਹੋਣਗੇ ਪਰ ਇਕ ਸ਼ਕਤੀ ਦੂਸਰੇ ਦੇ ਅਧੀਨ ਨਹੀਂ ਹੋਵੇਗੀ ਸਗੋਂ ਦੋਵੇਂ ਆਪਣੀ-ਆਪਣੀ ਥਾਂ ਸੰਭਾਲਦੀਆਂ ਮਿਲ ਕੇ ਚੱਲਣਗੀਆਂ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸੰਸਾਰ ਨੂੰ ਨਵਾਂ ਸਿਧਾਂਤ ਦਿੱਤਾ ਕਿ ਧਰਮ ਤੇ ਰਾਜਨੀਤੀ ਮਿਲ ਕੇ ਚੱਲਣ।

ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਨੂੰ ਬਾਦਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ। ਆਪ ਪੰਜ ਸ਼ਸਤਰ ਪਹਿਨ ਕੇ ਸੀਸ ਉੱਪਰ ਬਾਦਸ਼ਾਹਾਂ ਵਾਂਗ ਕਲਗੀ ਸਜਾ ਕੇ ਗੁਰ-ਗੱਦੀ ਉੱਪਰ ਬੈਠਦੇ। ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਇਸ ਤੋਂ ਬਾਅਦ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਸਾਹਮਣੇ ਅਕਾਲ ਤਖ਼ਤ ਦੀ ਰਚਨਾ ਕੀਤੀ। ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਦੋਹਾਂ ਦਾ ਆਪਣਾ-ਆਪਣਾ ਮਹੱਤਵ ਹੈ।

ਹਰਿਮੰਦਰ ਸਾਹਿਬ ਸਿੱਖੀ ਦਾ ਧਾਰਮਿਕ ਚਿੰਨ੍ਹ ਹੈ ਤਾਂ ਅਕਾਲ ਤਖ਼ਤ ਰਾਜਨੀਤੀ ਦਾ ਪ੍ਰਤੱਖ ਪ੍ਰਮਾਣ। ਇਸ ਤਰ੍ਹਾਂ ਸਿੱਖ ਧਰਮ ਦੇ ਕੇਂਦਰੀ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਹੀ ਰਾਜ-ਸ਼ਕਤੀ ਦਾ ਪ੍ਰਤੀਕ, ਜੁਗੋ-ਜੁਗ ਅਟੱਲ, ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਨੂੰ ਬਖ਼ਸ਼ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਕੇਸਰੀ ਨਿਸ਼ਾਨ ਸਾਹਿਬ, ਜਿਵੇਂ ਸੁਚੇਤ ਪਹਿਰੇਦਾਰ ਖੜੋਤੇ ਹੋਣ।


ਜਹਾਂਗੀਰ ਦੀ ਕੈਦ


ਗੁਰੂ ਸਾਹਿਬ ਦਾ ਤਖ਼ਤ ਬਣਾਉਣਾ, ਇਨਸਾਫ਼ ਕਰਨੇ, ਫ਼ੌਜੀ ਜੰਗੀ ਸਾਮਾਨ ਇਕੱਠਾ ਕਰਨਾ ਆਦਿ ਤੋਂ ਹਕੂਮਤ ਨੂੰ ਡਰ ਭਾਸਣ ਲੱਗਾ। ਉਹ ਗੁਰੂ ਸਾਹਿਬ ਨੂੰ ਕਿਸੇ ਬਹਾਨੇ ਗ੍ਰਿਫ਼ਤਾਰ ਕਰਨ ਦੇ ਮੌਕੇ ਲੱਭਣ ਲੱਗੇ।

ਜਹਾਂਗੀਰ ਨੂੰ ਗੁਰੂ ਸਾਹਿਬ ਜੀ ਦਾ ਹਰਮਨ ਪਿਆਰਾ ਹੋਣਾ ਪਸੰਦ ਨਾ ਆਇਆ। 1612 ਨੂੰ ਉਸਨੇ ਆਗਰੇ ਤੋਂ ਗੁਪਤ ਹੁਕਮ ਦੇਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨ ਦਾ ਹੁਕਮ ਦੇ ਦਿਤਾ ਜਿਥੇ ਹੋਰ ਰਾਜਸੀ ਕੈਦੀ ਰੱਖੇ ਹੋਏ ਸਨ।

ਗੁਰੂ ਸਾਹਿਬ ਜੀ ਦੇ ਦਰਸ਼ਨਾ ਲਈ ਸਿੱਖ ਦੂਰੋਂ ਨੇੜਿਉਂ ਗਵਾਲੀਅਰ ਪਹੁੰਚਦੇ ਪਰ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਾ ਕਰਨ ਦਿੱਤੇ ਜਾਂਦੇ। 1614 ਵਿੱਚ ਜਹਾਂਗੀਰ ਨੂੰ ਦਮੇ ਦਾ ਬੜਾ ਸਖ਼ਤ ਦੌਰਾ ਪਿਆ। ਆਖਿਰ ਉਸਨੇ ਫਕੀਰ ਮੀਆਂ ਮੀਰ ਦੇ ਕਹਿਣ ਤੇ ਰਹਾਈ ਦਾ ਹੁਕਮ ਦੇ ਦਿੱਤਾ। ਇਹ ਇਤਿਹਾਸਕ ਸਚਾਈ ਹੈ ਕਿ ਗੁਰੂ ਸਾਹਿਬ ਜੀ ਦੇ ਚੋਲੇ ਦੀਆਂ ਕਲੀਆਂ ਫੱੜ ਕੇ 52 ਰਾਜੇ ਵੀ ਜੇਲ ਵਿਚੋਂ ਰਿਹਾ ਹੋਏ ਸਨ। ਇਸੇ ਕਰ ਕੇ ਆਪ ਨੂੰ ਬੰਦੀ ਛੋੜ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ।


ਅੰਤਿਮ ਸਮਾਂ


ਗੁਰੂ ਸਾਹਿਬ ਜੀ ਨੇ ਹਰ ਪਾਸੇ ਸਿੱਖੀ ਦਾ ਪਰਚਾਰ ਕੀਤਾ ਅਤੇ ਆਮ ਜਨਤਾ ਨੂੰ ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਤੋਂ ਕਢਿਆ। 1635 ਵਿੱਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਅਤੇ ਜੋ ਧਾਰਮਿਕ ਪੱਖ ਤੋਂ ਤੰਗ ਦਿਲ ਨਹੀਂ ਸੀ।

ਸੋ 1644 ਤੱਕ ਅਮਨ ਸ਼ਾਂਤੀ ਦੇ ਸਮੇਂ ਸਿੱਖ ਧਰਮ ਦਾ ਪਰਚਾਰ ਜਾਰੀ ਰਿਹਾ। ਅੰਤ ਵੇਲਾ ਨੇੜੇ ਜਾਣਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ (ਪੁੱਤਰ ਬਾਬਾ ਗੁਰ ਦਿਤਾ ਜੀ) ਹਰਿ ਰਾਏ ਜੀ ਨੂੰ ਸੌਂਪੀ ਅਤੇ 3 ਮਾਰਚ 1644 ਨੂੰ 49 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ।


Disclaimer Privacy Policy Contact us About us