ਪ੍ਰਕਾਸ਼ ਅਤੇ ਪਾਲਣ ਪੋਸ਼ਣ


ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 7 ਜੁਲਾਈ ਸੰਨ 1656 ਈ: ਨੂੰ ਕੀਰਤਪੁਰ ਵਿਖੇ ਮਾਤਾ ਕ੍ਰਿਸ਼ਨ ਕੌਰ ਦੀ ਕੁਖੋਂ ਪੈਦਾ ਹੋਏ। ਆਪ ਜੀ ਦੇ ਪਿਤਾ ਜੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਸਨ।

ਬਾਲਕ ਦੇ ਜਨਮ ਸਮੇਂ ਹੀ ਗੁਰੂ ਹਰਿ ਰਾਇ ਜੀ ਨੇ ਬਚਨ ਕੀਤਾ ਸੀ ਕਿ ਇਹ ਜੋ ਕੁਝ ਕਰਨਗੇ ਉਹ ਹੋਰ ਕੋਈ ਨਹੀਂ ਕਰ ਸਕੇਗਾ।

ਗੁਰੂ ਹਰਿਕ੍ਰਿਸ਼ਨ ਜੀ ਬੜੇ ਸੁੰਦਰ ਮਨਮੋਹਿਕ ਬਾਲਕ ਸਨ। ਜਿਹੜਾ ਵੀ ਇਕ ਵਾਰ ਵੇਖਦਾ ਸੀ, ਦੁਬਾਰਾ ਵੇਖਣ ਲਈ ਉਤਾਵਲਾ ਹੋ ਜਾਂਦਾ ਸੀ। ਚਿਹਰੇ ਦਾ ਨੂਰ ਝੱਲਿਆ ਨਹੀਂ ਸੀ ਜਾਂਦਾ।

ਸਾਰੇ ਉਨ੍ਹਾਂ ਨੂੰ ਪ੍ਰਭੂ ਦਾ ਰੂਪ ਹੀ ਸਮਝਦੇ ਸਨ ਤੇ ਪਰਿਵਾਰ ਦੇ ਸਾਰੇ ਲੋਕ ਉਨ੍ਹਾਂ ਨੂੰ ਖਿਡਾਉਣ ਵਿਚ ਬਹੁਤ ਖ਼ੁਸ਼ੀ ਅਨੁਭਵ ਕਰਦੇ ਸਨ।

ਸਿੱਖ ਸੰਗਤਾਂ ਨੂੰ ਵੀ ਜਦ ਗੁਰੂ ਹਰਿਕ੍ਰਿਸ਼ਨ ਜੀ ਦੇ ਅਵਤਾਰ ਧਾਰਨ ਦਾ ਪਤਾ ਲੱਗਾ ਤਾਂ ਉਹ ਵੀ ਆਪਣੇ ਵਿੱਤ ਅਨੁਸਾਰ ਕਾਰ ਭੇਟਾ ਲੈ ਕੇ ਦਰਸ਼ਨਾਂ ਨੂੰ ਆਈਆਂ।

ਜਿਹੜਾ ਵੀ ਵੇਖਦਾ ਸੀ, ‘ਵਾਹ ਵਾਹ' ਕਹਿ ਉਠਦਾ ਸੀ ਤੇ ਉਸ ਦੀਆਂ ਭੁੱਖਾਂ ਲਹਿ ਜਾਂਦੀਆਂ ਸਨ।

ਗੁਰੂ ਹਰਿ ਰਾਇ ਸਾਹਿਬ ਬਾਲਕ ਗੁਰੂ ਦੀ ਪਰਵਰਿਸ਼ ਵੱਲ ਪੂਰਾ ਧਿਆਨ ਦੇ ਰਹੇ ਸੀ । ਉਹ ਇਸ ਬਾਲਕ ਦੀ ਇਲਾਂਹੀ ਜੋਤ ਨੂੰ ਜਾਣਦੇ ਸਨ।

ਜਦ ਥੋੜਾ ਵੱਡਾ ਹੋਇਆ ਤਾਂ ਬੜਾ ਤੇਜ਼ ਦਿਮਾਗ ਹੋਣ ਕਰਕੇ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਸਨ। ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸਭ ਨੂੰ ਹੈਰਾਨ ਕਰਦੀਆਂ ਸਨ।

ਜਦ ਇਕ ਸਾਲ ਦੇ ਹੋਏ ਤਾਂ ਤੁਰਨ ਲੱਗ ਗਏ ਅਤੇ ਆਪ ਦਰਬਾਰ ਵਿਚ ਜਾ ਕੇ ਚੌਂਕੜਾ ਮਾਰ ਕੇ ਕੀਰਤਨ ਸੁਣਦੇ।

ਜਦ ਤਿੰਨ ਸਾਲ ਦੇ ਹੋਏ ਤਾਂ ਗੁਰੂ ਹਰਿ ਰਾਇ ਜੀ ਨੇ ਉਨ੍ਹਾਂ ਦੀ ਪੜ੍ਹਾਈ ਦਾ ਇੰਤਜ਼ਾਮ ਕਰ ਦਿੱਤਾ। ਪਰ ਆਪ ਤਾਂ ਧੁਰੋਂ ਹੀ ਪੜ੍ਹ ਕੇ ਆਏ ਸਨ ।

ਬੜੀ ਛੇਤੀ ਹੀ ਪੜ੍ਹਨਾ ਲਿਖਣਾ ਸਿੱਖ ਲਿਆ। ਛੇਤੀ ਆਪ ਜੀ ਪਾਠ ਕਰਨ ਲੱਗ ਗਏ। ਬੜੀ ਮਿੱਠੀ ਸੁਰ ਵਿਚ ਪਾਠ ਕਰਦੇ।

ਆਪ ਜੀ ਦੀ ਆਵਾਜ਼ ਏਨੀ ਮਿੱਠੀ ਸੀ ਕਿ ਜਦ ਪਾਠ ਸੁਰ ਵਿਚ ਕਰਦੇ ਤਾਂ ਸਿੱਖ ਸੰਗਤਾਂ ਆਪ ਜੀ ਦਾ ਪਾਠ ਸੁਣਨ ਲਈ ਲਾਗੇ ਆ ਬੈਠਦੀਆਂ।

ਕਈ ਵਾਰ ਚੌਂਕੜਾ ਮਾਰ ਕੇ ਸਮਾਧੀ ਲਾ ਕੇ ਬੈਠ ਜਾਂਦੇ ਅਤੇ ਕਾਫ਼ੀ ਸਮੇਂ ਤੱਕ ਉਨ੍ਹਾਂ ਦੀ ਸਮਾਧੀ ਲੱਗੀ ਰਹਿੰਦੀ। ਆਪ ਜੀ ਆਪਣੇ ਪਿਤਾ ਜੀ ਗੁਰੂ ਹਰਿ ਰਾਇ ਸਾਹਿਬ ਜੀ ਨਾਲ ਬਹੁਤ ਪਿਆਰ ਕਰਦੇ ਸਨ।

ਜਦ ਵੀ ਗੁਰੂ ਜੀ ਵਿਹਲੇ ਹੁੰਦੇ ਤਾਂ ਉਨ੍ਹਾਂ ਪਾਸ ਆ ਬੈਠਦੇ ਅਤੇ ਬੜੀਆਂ ਰਹੱਸਮਈ ਗੱਲਾਂ ਪੁੱਛਦੇ ਰਹਿੰਦੇ।

ਕਈ ਵਾਰ ਦੂਰ ਦੂਰ ਤੋਂ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਤਾਂ ਆਪ ਵੀ ਪ੍ਰੇਮੀਆਂ ਦੀਆਂ ਗਲ੍ਹਾਂ ਸੁਣਦੇ। ਉਹ ਹਮੇਸ਼ਾ ਆਪਣੇ ਪਿਤਾ ਜੀ ਨੂੰ ਸਾਖੀਆਂ ਸਣਾਉਣ ਵਾਸਤੇ ਕਹਿੰਦੇ ਰਹਿੰਦੇ।

ਗੁਰੂ ਹਰਿ ਰਾਇ ਜੀ ਉਨ੍ਹਾਂ ਨੂੰ ਬੜੀਆਂ ਰੌਚਕ ਅਤੇ ਸਿੱਖਿਆਦਾਇਕ ਸਾਖੀਆਂ ਸੁਣਾਉਂਦੇ।

ਇਕ ਵਾਰ ਦੀ ਗੱਲ ਹੈ ਕਿ ਇਕ ਸੱਪ ਜ਼ਖ਼ਮੀ ਹੋਇਆ ਪਿਆ ਸੀ ਤੇ ਉਸ ਨੂੰ ਕੀੜੀਆਂ ਚੰਬੜੀਆਂ ਸਨ।

ਬਾਲਕ ਗੁਰੂ ਹਰਿਕ੍ਰਿਸ਼ਨ ਜੀ ਕਹਿਣ ਲੱਗੇ, 'ਇਸ ਵਿਚਾਰੇ ਨੇ ਕੀ ਕਸੂਰ ਕੀਤਾ ਹੈ, ਇਸ ਨੂੰ ਕੀੜੀਆਂ ਏਨਾ ਦੁਖੀ ਕਰ ਰਹੀਆਂ ਹਨ?'

ਇਹ ਸੁਣ ਕੇ ਗੁਰੂ ਹਰਿ ਰਾਇ ਜੀ ਨੇ ਕਿਹਾ, 'ਇਹ ਸੱਪ ਪਿਛਲੇ ਜਨਮ ਵਿਚ ਇਕ ਪਖੰਡੀ ਮਹੰਤ ਸੀ, ਇਹ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾ ਧਨ ਲੁਟਦਾ ਰਹਿੰਦਾ ਸੀ। ਇਹ ਕਿਸੇ ਦੀ ਮਦਦ ਨਹੀਂ ਸੀ ਕਰਦਾ, ਸਗੋਂ ਦੁਖੀਆਂ ਨੂੰ ਹੋਰ ਦੁਖੀ ਕਰਦਾ ਸੀ। ਪਰਾਏ ਧਨ ਉਤੇ ਐਸ਼ ਕਰਦਾ ਸੀ। ਅੱਜ ਇਸਨੂੰ ਜਿਹੜੀਆਂ ਕੀੜੀਆਂ ਚੰਬੜੀਆਂ ਹਨ ਇਹ ਉਹੋ ਭੋਲੇ ਭਾਲੇ ਲੋਕ ਹਨ ਜਿਨ੍ਹਾਂ ਨੂੰ ਇਹ ਲੁਟਦਾ ਰਿਹਾ ਹੈ। ਅੱਜ ਇਹ ਕੀੜੀਆਂ ਬਣ ਕੇ ਇਸ ਦਾ ਮਾਸ ਨੋਚ ਰਹੀਆਂ ਹਨ। ਪਖੰਡੀ ਅਤੇ ਮਾੜੇ ਵਿਅਕਤੀ ਦਾ ਇਹੋ ਹਾਲ ਹੁੰਦਾ ਹੈ'।

ਜਦ ਗੁਰੂ ਹਰਿ ਰਾਇ ਜੀ ਬਾਹਰ ਲੰਮੀਆਂ ਯਾਤਰਾਵਾਂ ਤੇ ਜਾਂਦੇ ਸਨ ਤਾਂ ਬਾਲਕ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਉਨ੍ਹਾਂ ਦੇ ਨਾਲ ਜਾਣ ਦੀ ਜ਼ਿਦ ਕਰਦੇ। ਗੁਰੂ ਜੀ ਵੀ ਉਨ੍ਹਾਂ ਨੂੰ ਕਦੇ ਮਨ੍ਹਾਂ ਨਾ ਕਰਦੇ ਅਤੇ ਆਪਣੇ ਨਾਲ ਹੀ ਲੈ ਜਾਂਦੇ।

Disclaimer Privacy Policy Contact us About us