ਪੰਡਤ ਲਾਲ ਚੰਦ ਨੇ ਗੀਤਾ ਦੇ ਅਰਥ ਸੁਣਨੇ


ਚਲਦੇ ਚਲਦੇ ਰਾਹ ਵਿਚ ਸਤਿਗੁਰਾਂ ਨੇ ਇਕ ਪਿੰਡ ਕੋਲ ਡੇਰਾ ਕੀਤਾ। ਉਸ ਪਿੰਡ ਵਿਚ ਇਕ ਬੜਾ ਹੰਕਾਰੀ ਬ੍ਰਾਹਮਣ ਰਹਿੰਦਾ ਸੀ। ਉਸ ਦਾ ਨਾਂ ਲਾਲ ਚੰਦ ਸੀ।

ਉਹ ਗੁਰੂ ਸਾਹਿਬ ਦੇ ਕੋਲੋਂ ਲੰਘਿਆ। ਡੇਰੇ ਦੀ ਸੱਜ ਧੱਜ ਵੇਖ ਕੇ ਉਸ ਨੇ ਇਕ ਸਿੱਖ ਕੋਲੋਂ ਪੁੱਛਿਆ, 'ਕਿਉ ਜੀ, ਇਥੇ ਕਿਹੜਾ ਰਾਜ ਕੁਮਾਰ ਉਤਰਿਆ ਹੋਇਆ ਹੈ?'

ਸਿੱਖ ਨੇ ਉੱਤਰ ਦਿੱਤਾ, 'ਜੀ, ਰਾਜ ਕੁਮਾਰ ਕੋਈ ਨਹੀਂ, ਇਹ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦਾ ਡੇਰਾ ਹੈ'।

ਪੰਡਤ ਖੁੰਦਕ ਨਾਲ ਕਹਿਣ ਲੱਗਾ, 'ਐਡਾ ਵੱਡਾ ਨਾਂ! ਹਰਿ ਵੀ ਤੇ ਕ੍ਰਿਸ਼ਨ ਵੀ! ਕ੍ਰਿਸ਼ਨ ਮਹਾਰਾਜ ਤਾਂ ਬ੍ਰਹਮ ਗਿਆਨੀ ਸੀ।

ਉਨ੍ਹਾਂ ਨੇ ਮਹਾਨ ਗੀਤਾ ਰਚੀ ਸੀ। ਤੁਹਾਡੇ ਗੁਰੂ ਮੈਨੂੰ ਗੀਤਾ ਦੇ ਅਰਥ ਹੀ ਕਰ ਕੇ ਦਸ ਦੇਣ'। ਸਿੱਖ ਪੰਡਤ ਹੁਰਾਂ ਨੂੰ ਗੁਰੂ ਸਾਹਿਬ ਦੇ ਹਜ਼ੂਰ ਲੈ ਗਿਆ ਤੇ ਸਾਰੀ ਗੱਲ ਦਸੀ।

ਗੁਰੂ ਜੀ ਕਹਿਣ ਲੱਗੇ, 'ਅਸੀਂ ਤਾਂ ਕਰਤਾਰ ਦੇ ਸੇਵਕ ਹਾਂ! ਵੱਡੇ ਬਣ ਕੇ ਬਹਿਣਾ ਅਸੀਂ ਨਹੀਂ ਜਾਣਦੇ। ਸਾਡੇ ਨਾਲ ਸ਼ਾਸਤਰਾਰਥ ਤੁਸੀਂ ਮਗਰੋਂ ਕਰ ਲੈਣਾ, ਪਹਿਲਾਂ ਤੁਸੀਂ ਅਪਣੀ ਮਰਜ਼ੀ ਤੇ ਪਸੰਦ ਦਾ ਕੋਈ ਸਿੱਖ ਪਿੰਡ ਤੋਂ ਲੈ ਆੳ, ਉਹ ਤੁਹਾਨੂੰ ਗੀਤਾ ਦੇ ਅਰਥ ਕਰ ਕੇ ਦਸ ਦੇਵੇਗਾ'।

ਪੰਡਤ ਗੁੱਸੇ ਤੇ ਹੰਕਾਰ ਦਾ ਭਰਿਆ ਹੋਇਆ ਪਿੰਡ ਨੂੰ ਗਿਆ ਤੇ ਗੁਰੂ ਸਾਹਿਬ ਨੂੰ ਠਿੱਠ ਕਰਨ ਦੀ ਨੀਯਤ ਨਾਲ ਉਥੋਂ ਇਕ ਕਾਲੇ ਭੁਜੰਗ ਝੀਊਰ ਨੂੰ ਫੜ ਕੇ ਲੈ ਆਇਆ।

ਝੀਊਰ ਲਿਪਟ ਮੂਰਖ ਤੇ ਬਿਲਕੁਲ ਅਨਪੜ੍ਹ ਸੀ। ਗੁਰੂ ਸਾਹਿਬ ਨੇ ਪ੍ਰੇਮ ਨਾਲ ਉਸ ਨੂੰ ਆਪਣੇ ਕੋਲ ਬਿਠਾਇਆ ਤੇ ਉਸ ਦੀ ਪਿੱਠ ਉਪਰ ਥਾਪੀ ਦਿੱਤੀ।

ਗੁਰੂ ਜੀ ਦੇ ਕਰ ਕਮਲਾਂ ਦੀ ਜਾਧੂ ਛੂਹ ਨਾਲ ਝੀਊਰ ਦੇ ਗਿਆਨ ਦੇ ਕਪਾਟ ਖੁਲ੍ਹ ਗਏ। ਉਸ ਨੇ ਗੀਤਾ ਦਾ ਸ਼ੁਧ ਪਾਠ ਉਚਾਰਨ ਸ਼ੁਰੂ ਕਰ ਦਿੱਤਾ।

ਫਿਰ ਉਸ ਨੇ ਪੰਡਤ ਨੂੰ ਆਖਿਆ, 'ਪੰਡਤ ਜੀ! ਹੁਣ ਤੁਸੀਂ ਜਿਸ ਸਲੋਕ ਦੇ ਚਾਹੋ ਅਰਥ ਪੁੱਛ ਲਵੋ!'

ਪੰਡਤ ਲਾਲ ਚੰਦ ਜਿਸ ਨੂੰ ਆਪਣੀ ਵਿਦਿਆ ਤੇ ਗਿਆਨ ਦਾ ਭਾਰਾ ਹੰਕਾਰ ਸੀ, ਇਹ ਕੌਤਕ ਵੇਖ ਕੇ ਅਸਚਰਜ ਰਹਿ ਗਿਆ। ਉਸ ਨੇ ਡਰਦਿਆਂ ਡਰਦਿਆਂ ਝੀਊਰ ਪਾਸੋਂ ਕੁਝ ਪ੍ਰਸ਼ਨ ਪੁੱਛੇ।

ਗੁਰੂ ਜੀ ਦੀ ਮਿਹਰ ਨਾਲ ਉਸ ਨੇ ਬੜੇ ਸੁੰਦਰ ਤੇ ਤਰਕਸ਼ੀਲ ਉੱਤਰ ਦਿੱਤੇ। ਪੰਡਤ ਹੁਰਾਂ ਦਾ ਅਭਿਮਾਨ ਟੁੱਟ ਗਿਆ। ਨਿਮਾਣੇ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਢਹਿ ਪਏ।

ਗੁਰੂ ਜੀ ਨੇ ਪਿੱਠ ਪਲੋਸ ਕੇ ਕਿਹਾ, 'ਪੰਡਤ ਜੀ! ਵੱਡਾ ਵਿਦਵਾਨ ਆਪਣੀ ਵਿਦਿਆ ਦਾ ਕਦੀ ਗੁਮਾਨ ਨਹੀਂ ਕਰਦਾ।

ਵਿਦਿਆ ਤਾਂ ਸਗੋਂ ਨਿੰਮ੍ਰਤਾ ਸਿਖਾਉਂਦੀ ਹੈ। ਸੋ ਮਨ ਦਾ ਗਰਬ ਤਿਆਗ ਕੇ ਅਕਾਲ ਪੁਰਖ ਦਾ ਸਿਮਰਨ ਕਰੋ ਤੇ ਅਪਣੀ ਵਿਦਿਆ ਦੁਆਰਾ ਲੋਕਾਂ ਦਾ ਭਲਾ ਕਰੋ'।

ਪੰਡਤ ਜੀ ਨੇ ਗੁਰੂ ਜੀ ਦੀ ਸਿੱਖਿਆ ਨੂੰ ਮਨ ਵਿਚ ਧਾਰਨ ਕੀਤਾ ਤੇ ਗੁਰੂ ਘਰ ਦਾ ਸਿੱਖ ਬਣ ਗਿਆ।

Disclaimer Privacy Policy Contact us About us