ਪਟਰਾਣੀ ਦੀ ਪਛਾਣ ਕਰਨੀ


ਔਰੰਗਜ਼ੇਬ ਗੁਰੂ ਜੀ ਦੀ ਸੂਝ ਸਿਆਣਪ ਤੇ ਪੀਰੀ ਦੀ ਤਾਕਤ ਦੀ ਪਰਖ ਕਰਨਾ ਚਾਹੁੰਦਾ ਸੀ। ਉਹ ਵੇਖਣਾ ਚਾਹੁੰਦਾ ਸੀ ਕਿ ਗੁਰੂ ਨਾਨਕ ਜਿਹੇ ਉੱਚੇ ਪੀਰ ਦੀ ਗੱਦੀ ਤੇ ਬੈਠੇ ਇਸ ਅੰਞਾਣ ਉਮਰ ਦੇ ਬਾਲਕ ਅੰਦਰ ਕੋਈ ਦੈਵੀ ਜਾਂ ਕਰਾਮਾਤੀ ਸ਼ਕਤੀ ਵੀ ਹੈ ਜਾਂ ਨਹੀਂ॥

ਉਸ ਨੇ ਰਾਜਾ ਜੈ ਸਿੰਘ ਨੂੰ ਇਹ ਪਰਖ ਕਰਨ ਲਈ ਕਿਹਾ।

ਰਾਜਾ ਜੈ ਸਿੰਘ ਬੜਾ ਚਤਰ ਤੇ ਨੀਤੀਵਾਨ ਇਨਸਾਨ ਸੀ। ਉਸ ਨੇ ਇਕ ਢੰਗ ਸੋਚਿਆ। ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੇਰੀ ਪਟਰਾਣੀ ਤੇ ਬਾਕੀ ਸਾਰਾ ਪਰਿਵਾਰ ਆਪ ਜੀ ਦੇ ਦਰਸ਼ਨਾਂ ਦਾ ਅਭਿਲਾਖੀ ਹੈ। ਆਪ ਮੇਰੇ ਮਹਿਲ ਵਿਚ ਚਰਨ ਪਾਉਣ ਦੀ ਕ੍ਰਿਪਾਲਤਾ ਕਰੋ।

ਜਦੋਂ ਗੁਰੂ ਜੀ ਰਾਜੇ ਦੇ ਮਹਿਲ ਵਿਚ ਪਹੁੰਚੇ ਤਾਂ ਉਸ ਦੇ ਪਰਿਵਾਰ ਦੀਆਂ ਇਸਤ੍ਰੀਆਂ ਝੁਰਮਟ ਪਾ ਕੇ ਗੁਰੂ ਜੀ ਦੇ ਦੁਆਲੇ ਆ ਜੁੜੀਆਂ।

ਉਨ੍ਹਾਂ ਇਸਤ੍ਰੀਆਂ ਵਿਚ ਪਟਰਾਣੀ ਵੀ ਸੀ, ਛੋਟੀਆ ਰਾਣੀਆਂ ਵੀ ਸਨ ਅਤੇ ਹੋਰ ਰਾਜਕੁਮਾਰੀਆਂ ਵੀ ਸਨ। ਸਭਨਾਂ ਨੇ ਇਕੋ ਜਿਹਾ ਪਹਿਰਾਵਾ ਪਹਿਨਿਆ ਹੋਇਆ ਸੀ। ਰਾਣੀਆਂ ਵਿਚੋਂ ਕਿਸੇ ਨੇ ਗੁਰੂ ਜੀ ਨੂੰ ਪਟਰਾਣੀ ਨੂੰ ਪਛਾਨਣ ਲਈ ਬੇਨਤੀ ਕੀਤੀ।

ਗੁਰੂ ਜੀ ਨੇ ਆਪਣੇ ਹੱਥ ਵਾਲੀ ਸੋਟੀ ਵਾਰੀ ਵਾਰੀ ਹਰ ਇਕ ਇਸਤ੍ਰੀ ਦੇ ਸਿਰ ਤੇ ਰਖੀ ਨਾਲ ਹੀ ਗਹੁ ਨਾਲ ਉਸ ਦੇ ਚਿਹਰੇ ਵਲ ਵੇਖਦੇ ਗਏ।

'ਇਹ ਵੀ ਨਹੀਂ... ਇਹ ਵੀ ਨਹੀਂ...'। ਆਪ ਕਹਿੰਦੇ ਗਏ।

ਜਦੋਂ ਆਪ ਨੇ ਸੋਟੀ ਪਟਰਾਣੀ ਦੇ ਸਿਰ ਤੇ ਰਖੀ ਅਤੇ ਉਸ ਦੇ ਮੂੰਹ ਵਲ ਧਿਆਨ ਨਾਲ ਤਕਿਆ ਤਾਂ ਆਪ ਨੇ ਫ਼ੁਰਮਾਇਆ, 'ਇਹ ਹੈ ਤੁਹਾਡੀ ਪਟਰਾਣੀ'।

ਸਾਰੀਆਂ ਇਸਤ੍ਰੀਆਂ ਹੈਰਾਨ ਰਹਿ ਗਈਆਂ। ਉਨ੍ਹਾਂ ਦੇ ਮਨਾਂ ਵਿਚ ਗੁਰੂ ਜੀ ਲਈ ਸ਼ਰਧਾ ਉਤਪੰਨ ਹੋ ਗਏ। ਮਿਰਜ਼ਾ ਰਾਜਾ ਜੈ ਸਿੰਘ ਵੀ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ।

ਉਸ ਨੇ ਗੁਰੂ ਜੀ ਦੇ ਤੇਜ਼, ਸ਼ਕਤੀ ਅਤੇ ਬੁੱਧੀ ਬਲ ਦੀ ਬੜੀ ਮਹਿਮਾ ਕੀਤੀ ਜਿਸ ਤੋਂ ਉਸ ਨੂੰ ਯਕੀਨ ਹੋ ਗਿਆ ਕਿ ਗੁਰੂ ਹਰਿਰਾਇ ਸਾਹਿਬ ਜੀ ਦੀ ਗੁਰਗੱਦੀ ਲਈ ਚੋਣ ਬਿਲਕੁਲ ਠੀਕ ਸੀ।

ਰਾਮਰਾਇ ਵਿਚ ਬਾਦਸ਼ਾਹ ਨੂੰ ਕੋਈ ਐਸਾ ਗੁਣ ਨਜ਼ਰ ਨਹੀ ਸੀ ਆਇਆ ਸਿਵਾਏ ਇਸ ਦੇ ਕਿ ਉਹ ਗੱਲਾਂ ਬਣਾਉਣ ਵਿਚ ਬੜਾ ਚਾਤਰ ਸੀ।

ਔਰੰਗਜ਼ੇਬ ਨੇ ਰਾਮ ਰਾਇ ਦੀ ਦਰਖ਼ਾਸਤ ਰੱਦ ਕਰ ਦਿਤੀ ਅਤੇ ਫ਼ੈਸਲਾ ਦਿੰਦੇ ਹੋਏ ਕਿਹਾ ਕਿ ਹਕੂਮਤ ਕਿਸੇ ਨੂੰ ਗੂਰਿਆਈ ਨਹੀਂ ਦਿਲਾ ਸਕਦੀ। ਸਤਵੇਂ ਗੁਰੂ ਜੀ ਨੇ ਜੋ ਚੋਣ ਕੀਤੀ ਹੈ, ਹਕੁਮਤ ਕੋਲ ਉਸ ਨੂੰ ਬਦਲਣ ਦਾ ਕੋਈ ਇਖ਼ਤਿਆਰ ਨਹੀਂ ਹੈ।

Disclaimer Privacy Policy Contact us About us