ਦਿੱਲੀ ਵਿਚ ਹੈਜ਼ੇ ਦਾ ਜ਼ੋਰ


ਇਨ੍ਹਾਂ ਦਿਨਾਂ ਵਿਚ ਐਸੀ ਹਵਾ ਫੈਲੀ ਕਿ ਘਰ ਘਰ ਵਿਚ ਹੈਜ਼ੇ ਦੀ ਬਿਮਾਰੀ ਨੇ ਜ਼ੋਰ ਕਰ ਦਿਤਾ। ਲੋਕੀ ਬਹੁਤ ਦੁਖੀ ਹੋਏ। ਕਈ ਦਵਾ ਦਾਰੂ ਕੀਤੇ ਪਰ ਬੀਮਾਰੀ ਜ਼ੋਰ ਫੜਦੀ ਜਾਂਦੀ ਸੀ।

ਗੁਰੂ ਦੇ ਪ੍ਰੇਮੀਆਂ ਨੇ ਗੁਰੂ ਜੀ ਦਾ ਚਰਨਾਂਮ੍ਰਿਤ ਰੋਗੀਆਂ ਨੂੰ ਦੇਣਾ ਸ਼ੁਰੂ ਕਰ ਦਿਤਾ। ਐਸੀ ਗੁਰੂ ਦੀ ਕ੍ਰਿਪਾ ਹੋਈ ਕਿ ਜਿਸ ਰੋਗੀ ਨੂੰ ਉਹ ਅੰਮ੍ਰਿਤ ਦਿਤਾ ਜਾਂਦਾ ਉਹ ਠੀਕ ਹੋ ਜਾਂਦਾ। ਇਸ ਤੇ ਸਾਰਾ ਸ਼ਹਿਰ ਹੀ ਗੁਰੂ ਜੀ ਦਾ ਚਰਨਾਂਮ੍ਰਿਤ ਲੈਣ ਲਈ ਆਉਣ ਲਗਾ।

ਇਸ ਤੇ ਭਾਈ ਗੁਰਬਖਸ਼ ਜੀ ਨੇ ਇਕ ਚੁਬਚੇ ਵਿਚ ਚਰਨਾਂਮ੍ਰਿਤ ਪਾ ਦਿਤਾ ਜਿਹੜਾ ਵੀ ਆਉਂਦਾ ਉਸ ਨੂੰ ਦੇ ਦਿਤਾ ਜਾਂਦਾ।

ਇਸ ਤਰ੍ਹਾਂ ਕਰਨ ਨਾਲ ਹੈਜ਼ੇ ਦਾ ਜੋਰ ਘਟ ਗਿਆ ਤੇ ਲੋਕੀਂ ਬਿਮਾਰੀ ਤੋਂ ਛੁਟਕਾਰਾ ਪਾਉਣ ਲਗੇ। ਇਸ ਤਰ੍ਹਾਂ ਗੁਰੂ ਜੀ ਦਾ ਜਸ ਹਰ ਥਾਂ ਹੋਣ ਲਗਾ।

ਇਕ ਦਿਨ ਰਾਮਰਾਇ ਨੇ ਬਾਦਸ਼ਾਹ ਦੀ ਕਚਹਿਰੀ ਵਿਚ ਗੁਰੂ ਜੀ ਦੀ ਕੀਰਤੀ ਸੁਣੀ ਤਾਂ ਈਰਖਾ ਨਾਲ ਸੜ ਬਲ ਗਿਆ।

ਕੁਝ ਕੁਬਚਨ ਬੋਲ ਕੇ ਆਪਣੇ ਮਨ ਦੀ ਤਸੱਲੀ ਕੀਤੀ। ਜਿਸ ਨੇ ਵੀ ਕੁਬਚਨ ਰਾਮਰਾਇ ਦੇ ਸੁਣੇ ਬੁਰਾ ਮਨਾਇਆ।

ਗੁਰੂ ਹਰਿਕ੍ਰਿਸ਼ਨ ਜੀ ਤਾਂ ਲੋਕਾਂ ਦੇ ਕਸ਼ਟ ਨਵਿਰਤ ਕਰ ਰਹੇ ਸਨ ਤੇ ਭੁਲੀ ਭਟਕੀ ਜਨਤਾ ਦੇ ਤਨ ਮਨ ਅਰੋਗ ਕਰ ਰਹੇ ਸਨ।

Disclaimer Privacy Policy Contact us About us