ਸੱਚਖੰਡ ਵਾਪਸੀ


ਮਿਰਜ਼ਾ ਰਾਜਾ ਜੈ ਸਿੰਘ ਦੇ ਮਹਿਲ ਤੋਂ ਵਾਪਸ ਆਉਣ ਦੇ ਦੂਜੇ ਦਿਨ ਗੁਰੂ ਜੀ ਨੂੰ ਵੱਡਾ ਤਾਪ ਚੜ੍ਹ ਗਿਆ। ਨਾਲ ਹੀ ਆਪ ਦੇ ਚੀਚਕ ਨਿਕਲ ਆਈ।

ਚੀਚਕ ਵੀ ਬੜੀ ਭਾਰੀ ਸੀ। ਆਪ ਬੜੇ ਨਿਢਾਲ ਹੋ ਗਏ। ਕਮਜ਼ੋਰੀ ਬਹੁਤ ਵਧ ਗਈ। ਇਹ ਵੇਖ ਕੇ ਸੰਗਤ ਡੋਲ ਗਈ।

ਪਰ ਗੁਰੂ ਜੀ ਨੇ ਸਭਨਾਂ ਨੂੰ ਧੀਰਜ ਦਿੱਤੀ। ਅਕਾਲ ਪੁਰਖ ਦਾ ਭਾਣਾ ਸੱਤ ਕਰਕੇ ਮੰਨਣ ਦਾ ਉਪਦੇਸ਼ ਦਿਤਾ ਅਤੇ ਨਾਮ ਜਪਣ ਦੀ ਪ੍ਰੇਰਨਾ ਕੀਤੀ।

ਸੰਗਤ ਵਿੱਚੋਂ ਕੁਝ ਮੁਖੀ ਗੁਰਸਿੱਖਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ, 'ਸੱਚੇ ਪਾਤਸ਼ਾਹ ਜੀਉ! ਔਰੰਗਜ਼ੇਬ ਨੇ ਭਾਵੇਂ ਰਾਮਰਾਇ ਦੀ ਅਰਜ਼ੀ ਖ਼ਾਰਜ ਕਰ ਦਿਤੀ ਹੈ ਪਰ ਅੰਦਰੋਂ ਉਹ ਉਸੇ ਨੂੰ ਗੁਰੂ ਥਾਪਣ ਦਾ ਚਾਹਵਾਨ ਹੈ ਕਿਉਂਕਿ ਰਾਮਰਾਇ ਉਸ ਦਾ ਤਾਬੇਦਾਰ ਹੈ। ਉਧਰ ਪੰਜਾਬ ਵਿਚ ਧੀਰ ਮੱਲੀਏ ਸੋਢੀ ਗੁਰਗੱਦੀ ਦੇ ਦਾਅਵੇ ਦਾਰ ਬਣੀ ਬੈਠੇ ਹਨ।

ਆਪ ਦੇ ਜੋਤੀ ਜੋਤ ਸਮਾਉਣ ਦੀ ਖ਼ਬਰ ਲਗਦਿਆਂ ਹੀ ਸਾਰੇ ਗੁਰੂ ਬਣ ਬਹਿਣਗੇ। ਰਾਮ ਰੌਲਾ ਜਿਹਾ ਪੈ ਜਾਵੇਗਾ। ਸੰਗਤਾਂ ਨੂੰ ਸਹੀ ਸੇਧ ਤੇ ਅਗਵਾਈ ਕੌਣ ਦੇਵੇਗਾ? ਸਿੱਖੀ ਦਾ ਬੂਟਾ ਯੋਗ ਮਾਲੀ ਖੁੱੱਣੋਂ ਮੁਰਝਾ ਜਾਵੇਗਾ। ਮਿਹਰਾਂ ਦੇ ਸਾਈਂ ਜੀਉ! ਮਿਹਰ ਕਰੋ ਤੇ ਆਪਣੀ ਥਾਂ ਕੋਈ ਆਪਣੇ ਜੈਸਾ ਨੀਯਤ ਕਰ ਜਾਉ'।

ਗੁਰੂ ਜੀ ਨੇ ਸੰਗਤਾਂ ਨੂੰ ਫੇਰ ਧੀਰਜ ਦਿਤੀ ਅਤੇ ਬਚਨ ਕੀਤਾ, 'ਤੁਸੀਂ ਚਿੰਤਾਵਾਨ ਨਾ ਹੋਵੋ। ਗੁਰੂ ਨਾਨਕ ਦੇਵ ਜੀ ਦਾ ਲਾਇਆ ਗੁਰਸਿੱਖੀ ਦਾ ਬੂਟਾ ਸਦਾ ਹਰਿਆ ਭਰਿਆ ਰਹੇਗਾ ਤੇ ਵਧੇ ਫੁਲੇਗਾ'।

ਇਹ ਕਹਿ ਕੇ ਆਪ ਨੇ ਨਰੇਲ ਤੇ ਪੰਜ ਪੈਸੇ ਮੰਗਵਾਏ। ਇਨ੍ਹਾਂ ਨੂੰ ਹੱਥ ਵਿਚ ਲੈ ਕੇ ਆਪ ਨੇ ਲੇਟੇ ਲੇਟੇ ਹੀ ਬਾਂਹ ਉੱਚੀ ਕੀਤੀ ਤੇ ਹੱਥ ਨੂੰ ਤਿੰਨ ਵਾਰ ਗੋਲ ਭੁਆਇਆ ਅਤੇ ਫ਼ੁਰਮਾਇਆ, 'ਬਾਬਾ ਬਕਾਲੇ!'

ਗੁਰੂ ਜੀ ਦਾ ਭਾਵ ਇਹ ਸੀ ਕਿ ਅਸੀਂ ਜਿਨ੍ਹਾਂ ਨੂੰ ਗੁਰੂ ਥਾਪ ਰਹੇ ਹਾਂ, ਉਹ ਬਾਬਾ ਬਕਾਲਾ ਵਿਖੇ ਨਿਵਾਸ ਰਖਦੇ ਹਨ।

ਇਹ ਨਰੇਲ ਤੇ ਪੰਜ ਪੈਸੇ ਉਨ੍ਹਾਂ ਨਮਿੱਤ ਹਨ।

ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਚੇਤ ਸੁਦੀ 14 ਸੰਮਤ 1721 ਮੁਤਾਬਿਕ 30 ਮਾਰਚ 1664 ਈ: ਵਾਲੇ ਦਿਨ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ।

ਆਪ ਜੀ ਦੀ ਪਾਵਨ ਦੇਹ ਦਾ ਸਸਕਾਰ ਜਮਨਾ ਦੇ ਕੰਢੇ, ਪਿੰਡ ਭੋਗਲ ਲਾਗੇ ਕੀਤਾ ਗਿਆ। ਆਪ ਦੀ ਭਸਮ ਦਿੱਲੀ ਤੋਂ ਕੀਰਤਪੁਰ ਲਿਜਾਈ ਗਈ ਤੇ ਪਾਤਾਲਪੁਰੀ ਵਿਚ ਰਖੀ ਗਈ।

Disclaimer Privacy Policy Contact us About us