ਬਾਬਾ ਰਾਮਰਾਇ ਜੀ


ਉਨ੍ਹਾਂ ਦਿਨਾਂ ਵਿਚ ਹੀ ਔਰੰਗਜ਼ੇਬ ਨੇ ਗੁਰੂ ਹਰਿਰਾਇ ਸਾਹਿਬ ਨੂੰ ਇਕ ਪੱਤਰ ਭੇਜਿਆ ਕਿ ਉਹ ਉਨ੍ਹਾਂ ਨੂੰ ਮਿਲਣ ਵਾਸਤੇ ਦਿੱਲੀ ਆਉਣ।

ਗੁਰੂ ਹਰਿਰਾਇ ਜੀ ਨੇ ਔਰੰਗਜ਼ੇਬ ਦੀ ਚਿੱਠੀ ਦਾ ਉੱਤਰ ਦੇ ਦਿੱਤਾ। ਇਸ ਚਿੱਠੀ ਵਿਚ ਉਨ੍ਹਾਂ ਲਿਖਿਆ ਕਿ ਉਹ ਤਾਂ ਗੁਰੂ ਘਰ ਦੇ ਫਕੀਰ ਹਨ ਅਤੇ ਸਾਧੂ ਸੰਤਾਂ ਨੂੰ ਬਾਦਸ਼ਾਹਾਂ ਨੂੰ ਮਿਲਣ ਦੀ ਕੋਈ ਲੋੜ ਨਹੀਂ ਹੈ। ਸਾਨੂੰ ਕਿਸੇ ਧਨ ਜਾਂ ਜਾਗੀਰ ਦੀ ਲੋੜ ਨਹੀਂ।

ਜਦ ਔਰੰਗਜ਼ੇਬ ਨੇ ਇਹ ਚਿੱਠੀ ਪੜ੍ਹੀ ਤਾਂ ਉਹ ਬੜੇ ਰੋਹ ਵਿਚ ਆ ਗਿਆ। ਉਸ ਨੇ ਦਰਬਾਰ ਵਿਚ ਕਿਹਾ ਕਿ ਜੇ ਇਹ ਮੇਰਾ ਹੁਕਮ ਨਹੀਂ ਮੰਨਦੇ ਤਾਂ ਇਨ੍ਹਾਂ ਨੂੰ ਫੋਰਨ ਦਿੱਲੀ ਦਰਬਾਰ ਵਿਚ ਹਾਜ਼ਰ ਹੋਣ ਲਈ ਕਿਹਾ ਜਾਵੇ।

ਔਰੰਗਜ਼ੇਬ ਦੀ ਦੂਸਰੀ ਚਿੱਠੀ ਮਿਲਣ ਉਤੇ ਗੁਰੂ ਜੀ ਨੇ ਇਹ ਫੈਸਲਾ ਕੀਤਾ ਕਿ ਔਰੰਗਜ਼ੇਬ ਦੀ ਤਸੱਲੀ ਕਰਵਾਉਣ ਲਈ ਆਪਣੇ ਵੱਡੇ ਸਪੁੱਤਰ ਰਾਮਰਾਇ ਨੂੰ ਹੀ ਭੇਜ ਦਿੱਤਾ ਜਾਵੇ।

ਰਾਮਰਾਇ ਜੀ ਦੀ ਉਸ ਵੇਲੇ ਉਮਰ 11 ਸਾਲ ਦੀ ਸੀ। ਉਨ੍ਹਾਂ ਨੇ ਚੰਗੀ ਵਿਦਿਆ ਪ੍ਰਾਪਤ ਕੀਤੀ ਹੋਈ ਸੀ ਅਤੇ ਅਨੇਕਾਂ ਸ਼ਕਤੀਆਂ ਦਾ ਮਾਲਕ ਸੀ।

ਗੁਰੂ ਜੀ ਨੇ ਉਸ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ, 'ਪੁਤੱਰ! ਤੂੰ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਜਾਣਾ ਹੈ। ਕਿਸੇ ਪ੍ਰਕਾਰ ਦਾ ਡਰ ਖ਼ੌਫ਼ ਨਹੀਂ ਰੱਖਣਾ ਅਤੇ ਨਾ ਕਿਸੇ ਗੱਲੋਂ ਘਬਰਾਉਣਾ ਹੈ। ਮੈਂ ਹਰ ਵੇਲੇ ਤੇਰੇ ਅੰਗ ਸੰਗ ਹੀ ਰਹਾਂਗਾ।

ਔਰੰਗਜ਼ੇਬ ਜੋ ਵੀ ਤੈਨੂੰ ਪੁੱਛੇ ਉਸਦਾ ਸਚੋ-ਸੱਚ ਉੱਤਰ ਦੇਣਾ ਹੈ। ਕਿਸੇ ਪ੍ਰਕਾਰ ਦਾ ਲੁਕਾਅ ਨਹੀਂ ਰੱਖਣਾ, ਪਰ ਔਰੰਗਜ਼ੇਬ ਦੇ ਕਹਿਣ ਤੇ ਕਿਸੇ ਪ੍ਰਕਾਰ ਦੀ ਕਰਾਮਾਤ ਨਹੀਂ ਵਿਖਾਉਣੀ। ਗੁਰੂ ਘਰ ਵਿਚ ਕਰਾਮਾਤ ਦਾ ਕੋਈ ਸਥਾਨ ਨਹੀਂ ਹੈ'।

ਆਪਣੇ ਪਿਤਾ ਜੀ ਦਾ ਹੁਕਮ ਮੰਨ ਕੇ ਬਾਬਾ ਰਾਮਰਾਇ ਨੇ ਦਿੱਲੀ ਜਾਣਾ ਪ੍ਰਵਾਨ ਕਰ ਲਿਆ। ਗੁਰੂ ਜੀ ਨੇ ਉਸ ਨਾਲ ਭਾਈ ਤਾਰਾ ਅਤੇ ਭਾਈ ਗੁਰਦਾਸ ਨੂੰ ਭੇਜਿਆ। 25 ਸਵਾਰ ਅਤੇ 50 ਬੰਦੇ ਹੋਰ ਨਾਲ ਦਿੱਤੇ।

ਬਾਬਾ ਰਾਮਰਾਇ ਜੀ ਰੋਪੜ, ਖਰੜ, ਘੜੂੰਏ, ਸ਼ਾਹਬਾਦ, ਥਾਨੇਸਰ ਅਤੇ ਪਾਨੀਪਤ ਹੁੰਦੇ ਹੋਏ ਦਿੱਲੀ ਪੁੱਜੇ। ਉਥੇ ਜਾ ਕੇ ਉਨ੍ਹਾਂ ਮਜਨੂੰ ਟਿਲੇ ਵਿਖੇ ਨਿਵਾਸ ਕੀਤਾ। ਡੇਰੇ ਪਹੁੰਚ ਕੇ ਔਰੰਗਜ਼ੇਬ ਨੂੰ ਖ਼ਬਰ ਪਹੁੰਚਾ ਦਿੱਤੀ ਗਈ।

ਸਮਾਂ ਮਿਲਣ ਤੇ ਔਰੰਗਜ਼ੇਬ ਨੇ ਬਾਬਾ ਰਾਮਰਾਇ ਜੀ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਬੁਲਾ ਲਿਆ।

ਜਦ ਔਰੰਗਜ਼ੇਬ ਨੇ ਬਾਬਾ ਜੀ ਦੇ ਚਿਹਰੇ ਵੱਲ ਵੇਖਿਆ ਤਾਂ ਉਹ ਬਹੁਤ ਪ੍ਰਭਾਵਿਤ ਹੋਇਆ। ਦਰਬਾਰ ਵਿਚ ਉਨ੍ਹਾਂ ਨੂੰ ਉੱਚੀ ਥਾਂ ਵਧੀਆ ਆਸਣ ਪ੍ਰਦਾਨ ਕੀਤਾ।

ਉਨ੍ਹਾਂ ਦੇ ਦੋ ਸਾਥੀਆਂ ਭਾਈ ਗੁਰਦਾਸ ਅਤੇ ਭਾਈ ਤਾਰਾ ਨੂੰ ਵੀ ਨਾਲ ਬੈਠਣ ਦੀ ਆਗਿਆ ਦੇ ਦਿੱਤੀ।

ਔਰੰਗਜ਼ੇਬ ਨੇ ਕਈ ਪ੍ਰਕਾਰ ਦੇ ਸਵਾਲ ਪੁੱਛਣੇ ਆਰੰਭ ਕੀਤੇ ਅਤੇ ਬਾਬਾ ਰਾਮਰਾਇ ਜੀ ਹਰ ਸਵਾਲ ਦਾ ਉੱਤਰ ਬੜੀ ਸਿਆਣਪ ਅਤੇ ਚਤੁਰਾਈ ਨਾਲ ਦਿੰਦੇ ਰਹੇ।

ਔਰੰਗਜ਼ੇਬ ਉਨ੍ਹਾਂ ਦੇ ਉੱਤਰਾਂ ਨੂੰ ਸੁਣ ਕੇ ਬਹੁਤ ਹੈਰਾਨ ਹੋਇਆ। ਉਸ ਨੂੰ ਪਤਾ ਲੱਗ ਗਿਆ ਕਿ ਬਾਬਾ ਰਾਮਰਾਇ ਗੈਬੀ ਸ਼ਕਤੀਆਂ ਦਾ ਮਾਲਕ ਹੈ, ਇਸ ਲਈ ਇਸ ਨੂੰ ਗੱਲਬਾਤ ਨਾਲ ਹਰਾਇਆ ਨਹੀਂ ਜਾ ਸਕਦਾ।

ਇਸ ਲਈ ਉਸ ਆਪਣਾ ਪੈਂਤੜਾ ਬਦਲਿਆ ਅਤੇ ਬਾਬਾ ਰਾਮਰਾਇ ਜੀ ਨੂੰ ਕੋਈ ਕਰਾਮਾਤ ਵਿਖਾਉਣ ਲਈ ਕਿਹਾ। ਸਿੱਖ ਇਤਿਹਾਸ ਵਿਚ ਇਨ੍ਹਾਂ ਕਰਾਮਾਤਾਂ ਦਾ ਵੇਰਵਾ ਦਿੱਤਾ ਗਿਆ ਹੈ।

ਔਰੰਗਜ਼ੇਬ ਦੇ ਹੁਕਮ ਨਾਲ ਇਕ ਮਰਿਆ ਹੋਇਆ ਬੱਕਰਾ ਲਿਆ ਕੇ ਰੱਖ ਦਿੱਤਾ ਗਿਆ। ਬਾਬਾ ਰਾਮਰਾਇ ਨੂੰ ਉਸਨੂੰ ਜਿਉਂਦਾ ਕਰਨ ਲਈ ਕਿਹਾ ਗਿਆ।

ਬਾਬਾ ਜੀ ਨੇ ਇਕ ਸੋਟੀ ਬੱਕਰੇ ਨੂੰ ਲਾਈ ਤਾਂ ਉਹ ਛਾਲਾਂ ਮਾਰਦਾ ਉੱਠ ਗਿਆ।

ਉਸ ਤੋਂ ਬਾਅਦ ਬਾਬਾ ਰਾਮਰਾਇ ਜੀ ਨੂੰ ਇਕ ਜ਼ਹਿਰੀਲੀ ਪੁਸ਼ਾਕ ਪਵਾਈ ਗਈ, ਪਰ ਬਾਬਾ ਜੀ ਉਤੇ ਉਸਦਾ ਕੋਈ ਅਸਰ ਨਾ ਹੋਇਆ।

ਫਿਰ ਔਰੰਗਜ਼ੇਬ ਨੇ ਪੁਛਿਆ ਕਿ ਉਸਦੇ ਮਹਲ ਦੇ ਹਰਮ ਵਿਚ ਕੀ ਹੋ ਰਿਹਾ ਹੈ ਤਾਂ ਰਾਮਰਾਇ ਨੇ ਸਭ ਕੁਝ ਕਹਿ ਸੁਣਾਇਆ।

ਜਦ ਔਰੰਗਜ਼ੇਬ ਨੇ ਅਹਿਲਕਾਰ ਨੂੰ ਭੇਜ ਕੇ ਹਰਮ ਤੋਂ ਇਹ ਪੁਸ਼ਟੀ ਕੀਤੀ ਤਾਂ ਸਭ ਕੁਝ ਕਹਿ ਸੁਣਾਇਆ।

ਫਿਰ ਔਰੰਗਜ਼ੇਬ ਦੇ ਹੁਕਮ ਅਨੁਸਾਰ ਇਕ ਪਾਲਕੀ ਦਰਬਾਰ ਦੇ ਬਾਹਰ ਰੱਖ ਦਿੱਤੀ ਗਈ ਤੇ ਬਾਬਾ ਰਾਮਰਾਇ ਨੂੰ ਕਿਹਾ ਗਿਆ ਕਿ ਉਸ ਪਾਲਕੀ ਵਿਚ ਬੈਠ ਕੇ ਕਹਾਰਾਂ ਤੋਂ ਬਗੈਰ ਅੰਦਰ ਆਉਣ।

ਬਾਬਾ ਰਾਮਰਾਇ ਜੀ ਪਾਲਕੀ ਵਿਚ ਬੈਠ ਗਏ ਤੇ ਉਹ ਪਾਲਕੀ ਉੱਡਦੀ ਹੋਈ ਅੰਦਰ ਆ ਗਈ। ਸਭ ਵੇਖ ਕੇ ਬਹੁਤ ਹੈਰਾਨ ਹੋਏ।

ਫਿਰ ਔਰੰਗਜ਼ੇਬ ਨੇ ਪੁੱਛਿਆ ਕਿ ਉਹ ਪਿਛਲੇ ਜਨਮ ਵਿਚ ਕੀ ਸੀ?

ਬਾਬਾ ਰਾਮਰਾਇ ਨੇ ਕਿਸੇ ਝਿਜਕ ਤੋਂ ਬਗੈਰ ਕਹਿ ਦਿੱਤਾ ਕਿ ਔਰੰਗਜ਼ੇਬ ਪਿਛਲੇ ਜਨਮ ਵਿਚ ‘ਬਾਘ' ਸਨ।

ਇਸ ਤੋਂ ਬਾਅਦ ਔਰੰਗਜ਼ੇਬ ਨੇ ਕਿਹਾ ਕਿ ਅਸੀਂ ਬਹਿਸ਼ਤ ਦੇ ਫਲ ਖਾਣਾ ਚਾਹੁੰਦੇ ਹਾਂ ਸਾਡੇ ਵਾਸਤੇ ਬਹਿਸ਼ਤੀ ਫਲ ਲਿਆੳ।

ਬਾਬਾ ਰਾਮਰਾਇ ਜੀ ਨੇ ਉਸੇ ਵੇਲੇ ਇਕ ਫਲਾਂ ਦਾ ਟੋਕਰਾ ਔਰੰਗਜ਼ੇਬ ਦੇ ਸਾਹਮਣੇ ਟਿਕਾ ਦਿੱਤਾ।

ਪਰ ਜਦ ਔਰੰਗਜ਼ੇਬ ਉਹਨਾਂ ਨੂੰ ਖਾਣ ਲੱਗਾ ਤਾਂ ਉਹ ਉਸ ਤੋਂ ਖਾਧੇ ਨਾ ਗਏ। ਕਈ ਅਹਿਲਕਾਰਾਂ ਨੇ ਸਵਾਦ ਚੱਖਣਾ ਚਾਹਿਆ ਪਰ ਜਦ ਉਹ ਮੂੰਹ ਲਾਉਂਦੇ ਸਨ, ਤਾਂ ਲਹਿ ਲਹਿ ਕਰਦਾ ਫਲ ਪੱਥਰ ਬਣ ਜਾਂਦਾ ਸੀ।

ਉਥੇ ਇਕ ਮੌਲਵੀ ਬੈਠਾ ਸੀ। ਉਹ ਉਨ੍ਹਾਂ ਫਲਾਂ ਨੂੰ ਵੇਖ ਕੇ ਨਿੰਦਿਆ ਕਰਨ ਲੱਗਾ ਕਿ ਇਹ ਸਭ ਪਖੰਡ ਹੈ।

ਬਾਬਾ ਰਾਮਰਾਇ ਨੇ ਮੌਲਵੀ ਵੱਲ ਵੇਖ ਕੇ ਇਕ ਹੱਥ ਅਗਾਂਹ ਵਧਾ ਕੇ ਜਦ ਪਿਛਾਂਹ ਖਿਚਿਆ ਤਾਂ ਉਸਦੀ ਜ਼ਬਾਨ ਹੀ ਬਾਹਰ ਆ ਗਈ ਅਤੇ ਉਹ ਕੁਰਲਾਉਂਦਾ ਹੋਇਆ ਬਾਹਰ ਨੂੰ ਭੱਜ ਉਠਿਆ।

ਔਰੰਗਜ਼ੇਬ ਦੇ ਦਰਬਾਰ ਵਿਚ ਇਕ ਸ਼ਾਹੀ ਪਹਿਲਵਾਨ ਜਿਸ ਦਾ ਨਾਂ ਰੁਸਤਮ ਸੀ, ਵੀ ਬੈਠਾ ਹੋਇਆ ਸੀ। ਉਹ ਪਹਿਲਵਾਨ ਕਿਸੇ ਪਾਸੋਂ ਹਾਰਿਆ ਨਹੀਂ ਸੀ।

ਇਕ ਅਹਿਲਕਾਰ ਨੇ ਕਿਹਾ ਕਿ ਇਸ ਪਹਿਲਵਾਨ ਦਾ ਕੋਈ ਜੋੜ ਲਿਆ ਜਿਹੜਾ ਇਸ ਦੀ ਪਿੱਠ ਲਵਾ ਸਕੇ।

ਬਾਬਾ ਰਾਮਰਾਇ ਜੀ ਨੇ ਉਥੇ ਖੜੇ ਸੇਵਕਾਂ ਵਿਚੋਂ ਇਕ ਮਾੜੂਏ ਜਿਹੇ ਸੇਵਕ ਨੂੰ ਆਵਾਜ਼ ਮਾਰੀ ਅਤੇ ਕਿਹਾ ਕਿ ਉਹ ਰੁਸਤਮ ਪਹਿਲਵਾਨ ਨਾਲ ਕੁਸ਼ਤੀ ਕਰੇ।

ਰੁਸਤਮ ਹਾਲੇ ਪੱਟਾਂ ਨੂੰ ਹੱਥ ਮਾਰਦਾ ਹੀ ਸੀ ਕਿ ਸੁਕੜੂ ਸੇਵਕ ਨੇ ਪਹਿਲਵਾਨ ਨੂੰ ਧਰਤੀ ਉਤੇ ਪਟਕਾਅ ਮਾਰਿਆ ਅਤੇ ਦੋਵੇਂ ਮੋਢੇ ਜ਼ਮੀਨ ਨਾਲ ਲਾ ਦਿੱਤੇ।

ਸਾਰੇ ਅਹਿਲਕਾਰਾਂ ਨੇ ਹੈਰਾਨੀ ਵਿਚ ਆਪਣੀਆਂ ਉਂਗਲਾਂ ਮੂਂਹ ਵਿਚ ਪਾ ਲਈਆਂ।

ਫਿਰ ਔਰੰਗਜ਼ੇਬ ਨੇ ਕਿਹਾ ਅਸੀਂ ਮੱਕੇ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ, ਸਾਨੂੰ ਏਥੇ ਮੱਕੇ ਦੇ ਪ੍ਰਤੱਖ ਦਰਸ਼ਨ ਕਰਾੳ। ਬਾਬਾ ਰਾਮਰਾਇ ਨੇ ਮੱਕੇ ਨੂੰ ਅਸਲ ਰੂਪ ਵਿਚ ਹੀ ਸਾਹਮਣੇ ਲਿਆ ਖੜਾ ਕੀਤਾ। ਐਰੰਗਜ਼ੇਬ ਨੇ ਕਿਉਂਕਿ ਵੇਖਿਆ ਹੋਇਆ ਸੀ, ਅਸਲ ਮੱਕੇ ਨੂੰ ਵੇਖ ਕੇ ਉਹ ਸਿਜਦੇ ਵਿਚ ਝੁਕ ਗਿਆ।

ਫਿਰ ਔਰੰਗਜ਼ੇਬ ਨੇ ਕਿਹਾ ਕਿ ਇਹ ਸੁਣਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਮੱਕਾ ਫੇਰ ਦਿੱਤਾ ਸੀ। ਤੁਸੀਂ ਸਾਨੂੰ ਮੋਤੀ ਮਸਜਿਦ ਹੀ ਫੇਰ ਕੇ ਵਿਖਾੳ।

ਬਾਬਾ ਰਾਮਰਾਇ ਜੀ ਨੇ ਮੋਤੀ ਮਸਜਿਦ ਵੱਲ ਵੇਖਿਆ ਤਾਂ ਉਹ ਘੁੰਮਣ ਲੱਗ ਗਈ। ਇਹ ਕੌਤਕ ਵੇਖ ਕੇ ਸਾਰੇ ਅਹਿਲਕਾਰ, ਸੇਵਕ ਅਤੇ ਬਾਦਸ਼ਾਹ ਬਹੁਤ ਹੈਰਾਨ ਹੋਏ।

ਮਸਜਿਦ ਨੂੰ ਘੁੰਮਦੀ ਵੇਖ ਕੇ ਸਾਰਾ ਦਰਬਾਰ ਹੀ ਘੁੰਮਣ ਲੱਗ ਪਿਆ। ਕਿਸੇ ਵਿਚ ਉੱਠ ਕੇ ਖਲੋਣ ਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਉਹ ਕਹਿ ਸਕੇ ਮਸਜਿਦ ਦਾ ਘੁੰਮਣਾ ਹੁਣ ਬੰਦ ਕਰ ਦਿਉ।

ਬਾਦਸ਼ਾਹ ਔਰੰਗਜ਼ੇਬ ਆਪ ਇਕ ਕਸੂਤੀ ਸਥਿਤੀ ਵਿਚ ਫਸ ਗਿਆ ਸੀ। ਅੰਤ ਉਸ ਨੇ ਹੱਥ ਜੋੜ ਕੇ ਮਸਜਿਦ ਦਾ ਘੁੰਮਣਾ ਬੰਦ ਕਰਨ ਲਈ ਕਿਹਾ।

ਬਾਬਾ ਰਾਮਰਾਇ ਜੀ ਬਾਦਸ਼ਾਹ ਦੀ ਇਹ ਦਸ਼ਾ ਦੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਉਨ੍ਹਾਂ ਮਸਜਿਦ ਦਾ ਘੁੰਮਣਾ ਬੰਦ ਕਰ ਦਿੱਤਾ।

ਫਿਰ ਸਾਰੇ ਦਰਬਾਰ ਵਿਚ ਸਨਾਟਾ ਛਾ ਗਿਆ, ਕਿਸੇ ਵਿਚ ਹਿੰਮਤ ਨਾ ਪਈ ਕਿ ਕੋਈ ਕਰਾਮਾਤ ਵਿਖਾਉਣ ਲਈ ਕਹੇ।

ਬਾਬਾ ਰਾਮਰਾਇ ਜੀ ਦੀਆਂ ਇਹ ਕਰਾਮਾਤਾਂ ਵੇਖ ਕੇ ਸਾਰਾ ਦਰਬਾਰ ਹੀ ਬਾਬਾ ਜੀ ਅੱਗੇ ਬੜੀ ਸ਼ਰਧਾ ਨਾਲ ਸਿਜਦੇ ਵਿਚ ਝੁਕ ਗਿਆ।

ਬਾਬਾ ਰਾਮਰਾਇ ਨੇ ਅਨੇਕਾਂ ਕਰਾਮਾਤਾਂ ਵਿਖਾਈਆਂ। ਬਾਬਾ ਜੀ ਅਤੇ ਉਨ੍ਹਾਂ ਦੇ ਸਾਥੀ ਬਹੁਤ ਪ੍ਰਸੰਨ ਹੋਏ।

Disclaimer Privacy Policy Contact us About us