ਮਿੱਟੀ ਮੁਸਲਮਾਨ ਕੀ


ਬਾਬਾ ਰਾਮਰਾਇ ਦੀਆਂ ਵਚਿੱਤਰ ਕਰਾਮਾਤਾਂ ਵੇਖ ਕੇ ਔਰੰਗਜ਼ੇਬ ਬਹੁਤ ਪ੍ਰਸੰਨ ਹੋਇਆ। ਉਸ ਨੇ ਬਾਬਾ ਰਾਮਰਾਇ ਜੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਬਹੁਤ ਸੇਵਾ ਕੀਤੀ।

ਜਦ ਬਾਬਾ ਰਾਮਰਾਇ ਦੀ ਏਨੀ ਖੁਸ਼ਾਮਦ ਅਤੇ ਸਿਫ਼ਤ ਹੋਣ ਲੱਗੀ ਤਾਂ ਉਹ ਵੀ ਆਪਣੇ ਆਪ ਨੂੰ ਦੁਨਿਆਂ ਦਾ ਇਕ ਇਲਾਹੀ ਪੀਰ ਪੈਗੰਬਰ ਸਮਝਣ ਲੱਗ ਗਏ।

ਸ਼ਾਹੀ ਠਾਠ ਬਾਠ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਦਾ ਹੁਣ ਦਿੱਲੀ ਨੂੰ ਛੱਡਣ ਦਾ ਦਿਲ ਹੀ ਨਹੀਂ ਸੀ ਕਰ ਰਿਹਾ।

ਉਹ ਜਿੱਥੇ ਵੀ ਜਾਂਦੇ ਸਨ, ਮੁਸਲਮਾਨ ਵੀ ਉਹਨਾਂ ਅੱਗੇ ਹੋ ਹੋ ਕੇ ਸਲਾਮਾਂ ਬੁਲਾਉਂਦੇ ਸਨ, ਸਿਜਦੇ ਕਰਦੇ ਸਨ ਅਤੇ ਹਰ ਪ੍ਰਕਾਰ ਦੀ ਸੇਵਾ ਕਰਕੇ ਪ੍ਰਸੰਨ ਹੁੰਦੇ ਸਨ।

ਉਨ੍ਹਾਂ ਦੀਆਂ ਕਰਾਮਾਤਾਂ ਦੀਆਂ ਖ਼ਬਰਾਂ ਗੁਰੂ ਹਰਿ ਰਾਇ ਜੀ ਪਾਸ ਵੀ ਪੁੱਜ ਰਹੀਆਂ ਸਨ। ਉਨ੍ਹਾਂ ਤਾਂ ਉਸ ਨੂੰ ਕਿਹਾ ਸੀ ਕਿ ਕੋਈ ਕਰਾਮਾਤ ਕਰਕੇ ਨਾ ਵਿਖਾਵੇ ਪਰ ਉਨ੍ਹਾਂ ਤਾਂ ਕਰਾਮਾਤਾਂ ਦੀ ਹੱਦ ਹੀ ਕਰ ਦਿੱਤੀ ਸੀ।

ਪਰ ਉਸ ਸਮੇਂ ਗੁਰੂ ਸਾਹਿਬ ਦੀ ਬਰਦਾਸ਼ਤ ਦੀ ਹੱਦ ਵੀ ਮੁੱਕ ਗਈ ਜਦ ਬਾਬਾ ਰਾਮਰਾਇ ਨੇ ਇਕ ਹੋਰ ਅਨੋਖੀ ਕਰਾਮਾਤ ਕਰ ਵਿਖਾਈ।

ਔਰੰਗਜ਼ੇਬ ਪੰਜਾਬ ਵਿਚ ਸੁਲਤਾਨਪੁਰ ਲੋਧੀ ਪੜ੍ਹਿਆ ਸੀ, ਇਸ ਲਈ ਉਸ ਨੁੰ ਗੁਰੂ ਨਾਨਕ ਦੇਵ ਜੀ ਦੀ ਕਈ ਵਾਕ ਯਾਦ ਸਨ।

ਇਕ ਦਿਨ ਜਦ ਦਰਬਾਰ ਲੱਗਾ ਹੋਇਆ ਸੀ ਤਾਂ ਔਰੰਗਜ਼ੇਬ ਨੇ ਬਾਬਾ ਰਾਮਰਾਇ ਤੋਂ ਪੁੱਛਿਆ ਕਿ ਇਹ ਵਾਕ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਇਸ ਦੇ ਕੀ ਅਰਥ ਹਨ?

ਔਰੰਗਜ਼ੇਬ ਨੇ ਉਸ ਸ਼ਬਦ ਨੂੰ ਇਸ ਤਰ੍ਹਾਂ ਕਿਹਾ-

'ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿੑਆਰ॥
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥'

ਬਾਬਾ ਰਾਮਰਾਇ ਬਾਦਸ਼ਾਹ ਦੇ ਪ੍ਰਭਾਵ ਹੇਠ ਏਨਾ ਆ ਚੁਕਿਆ ਸੀ ਕਿ ਉਸ ਇਸ ਵਾਕ ਦੇ ਅਰਥ ਕਰਨ ਦੀ ਬਜਾਏ, ਵਾਕ ਹੀ ਬਦਲ ਦਿੱਤਾ।

ਉਹ ਕਹਿਣ ਲੱਗਾ, 'ਅਸੀਂ ਤਾਂ ਇਹ ਬਾਣੀ ਇਸ ਤਰ੍ਹਾਂ ਨਹੀਂ ਪੜ੍ਹਦੇ, ਅਸੀਂ ਤਾਂ ਪੜ੍ਹਦੇ ਹਾਂ,

'ਮਿਟੀ ਬੇਇਮਾਨ ਕੀ'

ਗੁਰੂ ਨਾਨਕ ਦੇਵ ਜੀ ਦੇ ਵਾਕ ਨੂੰ ਬਦਲਣ ਨਾਲ ਔਰੰਗਜ਼ੇਬ ਦੀ ਤਸੱਲੀ ਹੋ ਗਈ।

ਜਦ ਗੁਰੂ ਹਰਿ ਰਾਇ ਸਾਹਿਬ ਨੂੰ ਇਹ ਖ਼ਬਰ ਪੁੱਜੀ ਤਾਂ ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰਕੇ ਕਿਹਾ,

'ਗੁਰੂ ਨਾਨਕ ਦੇਵ ਜੀ ਦੇ ਵਾਕ ਅਟੱਲ ਹਨ, ਇਨ੍ਹਾਂ ਨੂੰ ਕੋਈ ਬਦਲ ਨਹੀਂ ਸਕਦਾ। ਰਾਮਰਾਇ ਨੇ ਇਹ ਬਹੁਤ ਮਾੜਾ ਕੰਮ ਕੀਤਾ ਹੈ। ਉਹ ਹੁਣ ਇਸ ਯੋਗ ਨਹੀਂ ਰਿਹਾ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲ ਸਕੇ। ਉਹ ਸ਼ਾਹੀ ਠਾਠ ਬਾਠ ਅਧੀਨ ਏਨਾ ਡਿੱਗ ਚੁੱਕਾ ਹੈ ਕਿ ਉਸ ਦਾ ਮਨ ਦੁਰਬਲ ਹੋ ਗਿਆ ਹੈ। ਉਹ ਇਕ ਕਾਇਰ ਤੇ ਡਰਪੋਕ ਬਣ ਗਿਆ ਹੈ। ਉਸ ਨੂੰ ਸਾਡਾ ਹੁਣ ਇਹੋ ਆਦੇਸ਼ ਕਰ ਦੇਵੋ ਕਿ ਉਹ ਹੁਣ ਸਾਡੇ ਮੱਥੇ ਨਾ ਲੱਗੇ। ਜਿਧਰ ਉਸਦਾ ਮੂੰਹ ਹੋਵੇ ਉਧਰ ਹੀ ਚਲਿਆ ਜਾਵੇ। ਤੁਰਕਾਂ ਦੀ ਮਾਇਆ ਨੇ ਉਸਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ'।

ਗੁਰੁ ਹਰਿ ਰਾਇ ਸਾਹਿਬ ਜੀ ਨੇ ਇਹ ਅਨੁਭਵ ਕਰ ਲਿਆ ਸੀ ਕਿ ਇਕ ਕਾਇਰ ਅਤੇ ਖ਼ੁਸ਼ਾਮਦੀ ਬੰਦਾ ਸਿੱਖਾਂ ਦੀ ਅਗਵਾਈ ਨਹੀਂ ਕਰ ਸਕਦਾ।

ਗੁਰੂ ਸਾਹਿਬ ਗੁਰਬਾਣੀ ਦਾ ਬਹੁਤ ਆਦਰ ਸਤਿਕਾਰ ਕਰਦੇ ਸਨ ਅਤੇ ਗੁਰਬਾਣੀ ਦੇ ਨਿਰਾਦਰ ਕਰਨ ਵਾਲੇ ਨੂੰ ਉਹ ਕਦੇ ਵੀ ਮੁਆਫ਼ ਨਹੀਂ ਸਨ ਕਰ ਸਕਦੇ।

ਉਨ੍ਹਾਂ ਨੇ ਸਾਰੇ ਸਿੱਖਾਂ ਨੂੰ ਵੀ ਹੁਕਮਨਾਮੇ ਜਾਰੀ ਕਰ ਦਿੱਤੇ ਕਿ ਕੋਈ ਵੀ ਸਿੱਖ ਰਾਮਰਾਇ ਨੂੰ ਮੂੰਹ ਨਾ ਲਾਵੇ, ਜਿਹੜਾ ਵੀ ਸਿੱਖ ਉਸ ਨੂੰ ਨਿਵਾਜੇਗਾ ਉਹ ਸਾਡਾ ਸਿੱਖ ਨਹੀਂ ਰਹੇਗਾ।

ਬਾਬਾ ਰਾਮਰਾਇ ਮਹਾਨਤਾ ਨੂੰ ਘਟਾਉਣ ਵਾਸਤੇ ਅਤੇ ਸਿੱਖਾਂ ਨੂੰ ਨਵੀਂ ਸੇਧ ਦੇਣ ਵਾਸਤੇ ਗੁਰੂ ਜੀ ਨੇ ਕੀਰਤਪੁਰ ਵਿਚ ਆਪਣੇ ਸਭ ਮਸੰਦਾਂ ਅਤੇ ਗੁਰੂ ਘਰ ਦੇ ਸਾਰੇ ਪ੍ਰੇਮੀ ਸਿੱਖਾਂ ਦਾ ਇਕ ਵਿਸ਼ੇਸ਼ ਇਕੱਠ ਬੁਲਾਇਆ।

ਇਸ ਇਕੱਠ ਵਿਚ ਉਨ੍ਹਾਂ ਸਾਰੇ ਮਸੰਦਾਂ ਅਤੇ ਸਿੱਖਾਂ ਪਾਸੋਂ ਇਹ ਪ੍ਰਣ ਲਿਆ ਕਿ ਕੋਈ ਵੀ ਗੁਰਸਿੱਖ ਬਾਬਾ ਰਾਮਰਾਇ ਨੂੰ ਮੂੰਹ ਨਾ ਲਾਵੇ, ਆਪਣੇ ਘਰ ਪਨਾਹ ਨਾ ਦੇਵੇ, ਅਤੇ ਨਾ ਹੀ ਕੋਈ ਕਾਰ ਭੇਟ ਪੇਸ਼ ਕਰੇ।

ਸਾਰੇ ਸਿੱਖਾਂ ਨੇ ਖੜੇ ਹੋ ਕੇ ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਵਚਨ ਦਿੱਤਾ ਅਤੇ ਕਿਸੇ ਸਿੱਖ ਨੇ ਵੀ ਵਿਰੋਧ ਨਾ ਕੀਤਾ।

ਜਦ ਬਾਬਾ ਰਾਮਰਾਇ ਨੂੰ ਗੁਰੂ ਜੀ ਦੇ ਉਹਨਾਂ ਹੁਕਮਾਂ ਦਾ ਪਤਾ ਲੱਗਾ ਤਾਂ ਉਹ ਬਹੁਤ ਪਛਤਾਇਆ।

Disclaimer Privacy Policy Contact us About us