ਗੁਰਿਆਈ


ਇਕ ਵਾਰ ਜਦ ਦੋਵੇਂ ਸਾਹਿਬਜ਼ਾਦੇ ਬਾਬਾ ਰਾਮਰਾਇ ਜੀ ਅਤੇ ਬਾਲ ਹਰਿਕ੍ਰਿਸ਼ਨ ਜੀ ਸਮਾਧਿਆਂ ਲਾਈ ਬੈਠੇ ਸਨ ਤਾਂ ਇਕ ਸਿੱਖ ਨੇ ਆ ਕੇ ਬੜੀ ਵਡਿਆਈ ਕੀਤੀ ਕਿ ਦੋਵੇਂ ਸਾਹਿਬਜ਼ਾਦਿਆਂ ਦੀ ਨਾਮ ਸਿਮਰਨ ਵਿਚ ਡੂੰਘੀ ਲਿਵ ਲੱਗੀ ਹੈ।

ਉਹ ਨਾਮ ਦੇ ਰੰਗ ਵਿਚ ਇਸ ਤਰ੍ਹਾਂ ਮਸਤ ਹਨ ਕਿ ਉਨ੍ਹਾਂ ਨੂੰ ਬਾਹਰਲੀ ਲੁਕਾਈ ਦਾ ਕੋਈ ਖ਼ਿਆਲ ਨਹੀਂ।

ਗੁਰੂ ਜੀ ਨੇ ਉਸ ਸਿੱਖ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ, 'ਇਹ ਲਵੋ ਸੂਈ, ਤੁਸੀਂ ਦੋਹਾਂ ਸਾਹਿਬਜ਼ਾਦਿਆਂ ਨੂੰ ਥੋੜੀ ਥੋੜੀ ਚੁਭੋਣੀ ਅਤੇ ਵੇਖਣਾ ਕਿ ਕਿਹੜਾ ਪਹਿਲੋਂ ਸੁਚੇਤ ਹੁੰਦਾ ਹੈ'।

ਪਹਿਲਾਂ ਉਸ ਸੂਈ ਨੂੰ ਬਾਬਾ ਰਾਮਰਾਇ ਜੀ ਦੇ ਚੁਭੋਇਆ। ਬਾਬਾ ਰਾਮਰਾਇ ਜੀ ਤਾਂ ਸੂਈ ਦੇ ਛੂੰਹਦਿਆਂ ਹੀ ਤ੍ਰੱਬਕ ਕੇ ਉੱਠ ਬੈਠੇ ਅਤੇ ਸਿੱਖ ਵੱਲ ਬੜੀਆਂ ਕਹਿਰੀਆਂ ਨਜ਼ਰਾਂ ਨਾਲ ਵੇਖਣ ਲੱਗੇ।

ਫਿਰ ਉਸ ਸਿੱਖ ਨੇ ਸੂਈ ਨੂੰ ਬਾਲਾ ਗੁਰੂ ਹਰਿਕ੍ਰਿਸ਼ਨ ਦੇ ਚੁਭੋਇਆ, ਪਰ ਬਾਲਾ ਗੁਰੂ ਦੀ ਅਵੱਸਥਾ ਵਿਚ ਕੋਈ ਫ਼ਰਕ ਨਾ ਪਿਆ।

ਸਿੱਖ ਨੇ ਸਮਝਿਆ ਸ਼ਾਇਦ ਸੂਈ ਠੀਕ ਤਰ੍ਹਾਂ ਚੁਭੀ ਨਾ ਹੋਵੇ, ਉਸ ਦੁਬਾਰਾ ਸੂਈ ਨੂੰ ਚੁਭੋਇਆ, ਪਰ ਫਿਰ ਵੀ ਬਾਲਾ ਗੁਰੂ ਆਪਣੀ ਸਮਾਧੀ ਵਿਚ ਲਿਵਲੀਨ ਰਹੇ।

ਉਨ੍ਹਾਂ ਦੇ ਸਰੀਰ ਦਾ ਕੋਈ ਅੰਗ ਨਾ ਹਿੱਲਿਆ। ਇਕ ਛੋਟੇ ਬਾਲ ਦੀ ਇਸ ਤਰ੍ਹਾਂ ਦੀ ਨਾਮ ਸਿਮਰਨ ਵਿਚ ਲੱਗੀ ਲਿਵ ਨੂੰ ਵੇਖ ਕੇ ਉਹ ਸਿੱਖ ਬਹੁਤ ਹੈਰਾਨ ਹੋਇਆ।

ਗੁਰੂ ਹਰਿ ਰਾਇ ਸਾਹਿਬ ਜੀ ਇਹ ਸਭ ਕੁਝ ਵੇਖ ਰਹੇ ਸਨ। ਇਸ ਤੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਬਾਬਾ ਰਾਮਰਾਇ ਕੇਵਲ ਅੱਖਾਂ ਮੀਟ ਕੇ ਬੈਠੇ ਸਨ ਅਤੇ ਬਾਹਰਲੇ ਵਾਤਾਵਰਣ ਤੋਂ ਉਹ ਬਿਲਕੁਲ ਸੁਚੇਤ ਸਨ।

ਇਕ ਵਾਰ ਫਿਰ ਅਜਿਹੀ ਇਕ ਪਰਖ ਹੋਈ। ਇਕ ਵਾਰ ਇਕ ਸਿੱਖ ਗੁਰੂ ਹਰਿ ਰਾਇ ਜੀ ਪਾਸ ਆਇਆ ਅਤੇ ਪੁਛਿਆ, 'ਮਹਾਰਾਜ! ਤੁਹਾਨੂੰ ਆਪਣੇ ਦੋਵਾਂ ਪੁੱਤਰਾਂ ਵਿਚੋਂ ਕਿਹੜਾ ਪੁੱਤਰ ਜ਼ਿਆਦਾ ਪਿਆਰਾ ਹੈ?'

ਗੁਰੂ ਜੀ ਨੇ ਉੱਤਰ ਦਿੱਤਾ, 'ਮਾਤਾ ਪਿਤਾ ਨੂੰ ਸਭ ਬੱਚੇ ਪਿਆਰੇ ਹੁੰਦੇ ਹਨ। ਮੇਰੇ ਵਾਸਤੇ ਤਾਂ ਮੇਰੇ ਸਾਰੇ ਸਿੱਖ ਹੀ ਮੇਰੇ ਬੱਚੇ ਹਨ ਅਤੇ ਮੈਨੂੰ ਬਹੁਤ ਪਿਆਰੇ ਹਨ, ਪਰ ਜੇ ਤੁਸੀਂ ਇਹਨਾਂ ਪੁੱਤਰਾਂ ਬਾਰੇ ਹੀ ਪਤਾ ਕਰਨਾ ਹੈ ਤਾਂ ਉਹ ਮੈਂ ਨਹੀਂ ਕਹਿ ਸਕਦਾ। ਮੈਂ ਤੁਹਾਨੂੰ ਇਕ ਢੰਗ ਦੱਸ ਸਕਦਾ ਹਾਂ।

ਮੈਂ ਤੁਹਾਨੂੰ ਇਹ ਸੂਈ ਦਿੰਦਾ ਹਾਂ। ਇਸ ਵੇਲੇ ਦੋਵੇਂ ਪੁੱਤਰ ਪੰਘੂੜਿਆਂ ਵਿਚ ਬੈਠੇ ਪਾਠ ਕਰ ਰਹੇ ਹਨ। ਤੁਸੀਂ ਦੋਹਾਂ ਸਾਹਿਬਜ਼ਾਦਿਆਂ ਦਾ ਪਹਿਲਾਂ ਪਾਠ ਸੁਣਨਾ, ਫਿਰ ਇਹ ਸੂਈ ਉਨ੍ਹਾਂ ਦੇ ਪੰਘੂੜੇ ਦੇ ਪਾਵੇ ਵਿਚ ਖੋਭ ਦੇਣੀ, ਜਿਸ ਦੇ ਪਾਵੇ ਵਿਚ ਇਹ ਸੂਈ ਖੁਭ ਜਾਵੇ ਉਹ ਸਮਝੋ ਮੈਨੂੰ ਜ਼ਿਆਦਾ ਪਿਆਰਾ ਹੈ'।

ਉਹ ਸਿੱਖ ਗੁਰੂ ਜੀ ਨੂੰ ਸਤਿਬਚਨ ਕਹਿ ਕੇ ਪਹਿਲਾਂ ਬਾਬਾ ਰਾਮਰਾਇ ਦੇ ਪੰਘੂੜੇ ਪਾਸ ਪੁੱਜਾ ਅਤੇ ਕੁਝ ਦੇਰ ਪਾਠ ਸੁਣਦਾ ਰਿਹਾ। ਬਾਬਾ ਰਾਮਰਾਇ ਜੀ ਪੋਥੀ ਪੰਘੂੜੇ ਉੱਤੇ ਰੱਖ ਕੇ ਪਾਠ ਕਰ ਰਹੇ ਸਨ ।

ਕੁਝ ਸਮਾਂ ਪਾਠ ਸੁਣਨ ਤੋਂ ਬਾਅਦ ਉਸ ਸਿੱਖ ਨੇ ਸੂਈ ਬਾਬਾ ਰਾਮਰਾਇ ਦੇ ਪੰਘੂੜੇ ਦੇ ਇਕ ਪਾਵੇ ਵਿਚ ਖੋਭੀ, ਪਰ ਲੱਕੜ ਦਾ ਪਾਵਾ ਏਨਾ ਸਖਤ ਸੀ ਕਿ ਸੂਈ ਇਕ ਤਿਣਕਾ ਭਰ ਵੀ ਨਾ ਖੁੱਭ ਸਕੀ। ਉਸ ਨੇ ਦੁਬਾਰਾ ਵੀ ਯਤਨ ਕੀਤਾ, ਪਰ ਸੁੱਕੀ ਲੱਕੜ ਵਿਚ ਸੂਈ ਕਿਵੇਂ ਖੁੱਭ ਸਕਦੀ ਸੀ?

ਫਿਰ ਉਹ ਸਿੱਖ ਬਾਲਾ ਗੁਰੂ ਹਰਿਕ੍ਰਿਸ਼ਨ ਜੀ ਦੇ ਪੰਘੂੜੇ ਪਾਸ ਪੁੱਜਿਆ ਅਤੇ ਪਾਠ ਸੁਣਨ ਲੱਗਾ, ਪਾਠ ਏਨੀ ਮਿੱਠੀ ਸੁਰ ਵਿਚ ਪੜ੍ਹਿਆ ਜਾ ਰਿਹਾ ਸੀ ਕਿ ਸਿੱਖ ਕੀਲਿਆ ਹੀ ਗਿਆ ਅਤੇ ਕਾਫ਼ੀ ਸਮਾਂ ਪਾਠ ਹੀ ਸੁਣਦਾ ਰਿਹਾ।

ਫਿਰ ਉਸਨੂੰ ਗੁਰੂ ਸਾਹਿਬ ਦਾ ਆਦੇਸ਼ ਯਾਦ ਆਇਆ ਤਾਂ ਉਸ ਸੂਈ ਨੂੰ ਬਾਲਾ ਗੁਰੂ ਦੇ ਪਾਵੇ ਵਿਚ ਖੁਭੋਇਆ।

ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਪਾਵੇ ਦੀ ਲੱਕੜ ਬਿਲਕੁਲ ਹਰੀ ਲੱਕੜ ਵਾਂਗ ਹੋ ਗਈ ਸੀ ਅਤੇ ਸੂਈ ਉਸ ਵਿਚ ਇਸ ਤਰ੍ਹਾਂ ਖੁੱਭ ਗਈ ਜਿਵੇਂ ਮੋਮ ਹੋਵੇ।

ਉਸ ਨੇ ਫਿਰ ਹੱਥ ਲਾ ਕੇ ਵੇਖਿਆ, ਉਸ ਨੂੰ ਇੰਝ ਲੱਗਾ ਜਿਵੇਂ ਪਾਵੇ ਦੀ ਲੱਕੜ ਕਿਸੇ ਨਵੇਂ ਉੱਗੇ ਪੌਦੇ ਦੀ ਹੁੰਦੀ ਹੈ। ਉਹ ਫਿਰ ਗੁਰੂ ਹਰਿ ਰਾਇ ਜੀ ਪਾਸ ਆਇਆ ਤੇ ਉਨ੍ਹਾਂ ਨੂੰ ਸਾਰੀ ਵਾਰਤਾ ਸੁਣਾਈ।

ਗੁਰੂ ਜੀ ਉਸਦੀ ਗੱਲ ਸੁਣ ਕੇ ਬੜੇ ਖੁਸ਼ ਹੋਏ ਅਤੇ ਕਿਹਾ, 'ਬਾਣੀ ਨੂੰ ਜਿਹੜਾ ਸੱਚੇ ਇਲੋਂ ਪੜ੍ਹਦਾ ਹੈ ਤਾਂ ਸੁੱਕੇ ਬੂਟੇ ਵੀ ਹਰੇ ਹੋ ਜਾਂਦੇ ਹਨ। ਬਾਲਾ ਹਰਿਕ੍ਰਿਸ਼ਨ ਇਸ ਬਾਣੀ ਨੂੰ ਪ੍ਰਭੂ ਨਾਲ ਇਕਮਿੱਕ ਹੋ ਕੇ ਪੜ੍ਹ ਰਿਹਾ ਹੈ।

ਇਸ ਲਈ ਉਸਦੇ ਪੰਘੂੜੇ ਦੀ ਸੁੱਕੀ ਲੱਕੜ ਵੀ ਹਰੀ ਹੋ ਗਈ ਹੈ। ਪਰ ਸਾਹਿਬਜ਼ਾਦਾ ਰਾਮ ਰਾਇ ਇਕ ਨੇਮ ਪੂਰਾ ਕਰ ਰਿਹਾ ਹੈ, ਇਸ ਲਈ ਉਸ ਦੀ ਬਾਣੀ ਦਾ ਸੁੱਕੀ ਲੱਕੜ ਉਤੇ ਕੋਈ ਪ੍ਰਭਾਵ ਨਹੀਂ ਪਿਆਂ। ਹੁਣ ਮੈਂ ਸਮਝਦਾ ਹਾਂ ਕਿ ਤੁਹਾਨੂੰ ਸਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ'।

ਇਨ੍ਹਾਂ ਦੋ ਪ੍ਰੀਖਿਆਵਾਂ ਤੋਂ ਬਾਅਦ ਜਦ ਬਾਬਾ ਰਾਮਰਾਇ ਨੇ ਦਿੱੱਲੀ ਵਿਚ ਜਾ ਕੇ ਔਰੰਗਜ਼ੇਬ ਨੂੰ ਖ਼ੁਸ਼ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਹੀ ਬਦਲ ਦਿੱਤਾ ਤਾਂ ਉਨ੍ਹਾਂ ਬਾਲਾ (ਗੁਰੂ) ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਦੇਣ ਦਾ ਨਿਸ਼ਚਾ ਕਰ ਲਿਆ।

ਉਨ੍ਹਾਂ ਦੂਰ ਨੇੜੇ ਸਭ ਥਾਂ ਆਪਣੇ ਹੁਕਮਨਾਮੇ ਭੇਜ ਦਿੱਤੇ ਕਿ ਸਿੱਖ ਸੰਗਤਾਂ ਸਾਰੇ ਕੰਮ ਕਾਜ ਛੱਡ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਕੀਰਤਪੁਰ ਪੁੱਜਣ।

ਕੀਰਤਪੁਰ ਵਿਚ ਬੜਾ ਵੱਡਾ ਇਕੱਠ ਹੋਇਆ। ਸਭ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਹਰਿ ਰਾਇ ਜੀ ਸਾਹਿਬਜ਼ਾਦਾ ਸ੍ਰੀ ਹਰਿਕ੍ਰਿਸ਼ਨ ਨੂੰ ਗੁਰਗੱਦੀ ਸੌਂਪਣ ਲੱਗੇ ਹਨ।

ਜਦ ਬਾਬਾ ਰਾਮਰਾਇ ਨੂੰ ਪਤਾ ਲੱਗਾ ਤਾਂ ਉਸ ਕਾਫੀ ਹੱਥ ਪੈਰ ਮਾਰੇ। ਉਹ ਬਾਬਾ ਧੀਰ ਮਲ ਨੂੰ ਜਾ ਕੇ ਮਿਲਿਆ, ਪਰ ਗੁਰੂ ਹਰਿ ਰਾਇ ਜੀ ਉੱਤੇ ਇਸ ਦਾ ਕੋਈ ਪ੍ਰਭਾਵ ਨਾ ਪਿਆ।

ਇਕ ਵੱਡੇ ਇਕੱਠ ਵਿਚ ਜਦ ਆਸਾ ਦੀ ਵਾਰ ਦੇ ਕੀਰਤਨ ਦਾ ਭੋਗ ਪਿਆ ਤਾਂ ਆਪ ਸਿੰਘਾਸਨ ਤੋਂ ਉਠੇ ਅਤੇ ਬਾਲਾ ਸ੍ਰੀ ਹਰਿਕ੍ਰਿਸ਼ਨ ਨੂੰ ਆਪਣੇ ਤਖ਼ਤ ਉਤੇ ਬਿਠਾ ਦਿੱਤਾ।

ਫਿਰ ਉਨ੍ਹਾਂ ਸੰਗਤ ਨੂੰ ਕਿਹਾ, 'ਅੱਜ ਸਾਡੇ ਥਾਂ ਸ੍ਰੀ ਹਰਿਕ੍ਰਿਸ਼ਨ ਜੀ ਗੁਰੂ ਹਨ। ਅੱਜ ਤੋਂ ਇਨ੍ਹਾਂ ਪਾਸ ਹੀ ਮੁਕਤੀ ਦੀ ਕੁੰਜੀ ਹੈ'।

ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਗੁਰ ਗੱਦੀ ਦੇਣ ਦੀ ਮਰਯਾਦਾ ਪੂਰੀ ਕੀਤੀ।

ਫਿਰ ਗੁਰੁ ਹਰਿ ਰਾਇ ਜੀ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਮੱਥਾ ਟੇਕਿਆ ਅਤੇ ਫਿਰ ਸਾਰੀ ਸੰਗਤ ਚਰਨੀਂ ਆ ਲੱਗੀ। ਫਿਰ ਉਨ੍ਹਾਂ ਤਖ਼ਤ ਦੀਆਂ ਤਿੰਨ ਪ੍ਰਕਰਮਾਂ ਕੀਤੀਆਂ।

Disclaimer Privacy Policy Contact us About us