ਜਿਸ ਡਿਠੈ ਸਭਿ ਦੁਖਿ ਜਾਇ


ਗੁਰੂ ਹਰਿਕ੍ਰਿਸ਼ਨ ਜੀ ਦੀ ਮਹਿਮਾ ਸੁਣ ਕੇ ਦੇਸ਼ ਪ੍ਰਦੇਸ਼ ਤੋਂ ਸੰਗਤਾਂ ਹੁਮ ਹੁਮਾ ਕੇ ਆਉਣ ਲੱਗੀਆਂ। ਦੋਵੇਂ ਵੇਲੇ ਕੀਰਤਨ ਹੁੰਦਾ। ਕੀਰਤਨ ਤੋਂ ਬਾਅਦ ਗੁਰੂ ਜੀ ਬਚਨ ਕਰਦੇ।

ਉਨ੍ਹਾਂ ਦੇ ਮੁਖਾਰਬਿੰਦ ਵਿਚੋਂ ਮਿੱਠੇ ਸ਼ਬਦ ਸੁਣ ਕੇ ਸੰਗਤਾਂ ਬਲਿਹਾਰੇ ਜਾਂਦੀਆਂ। ਸਭ ਸੰਗਤਾਂ ਨਿਹਾਲ ਹੋ ਰਹੀਆਂ ਸਨ। ਜਿਸ ਤਰ੍ਹਾਂ ਦੀ ਵੀ ਕੋਈ ਦਾਤ ਮੰਗਦਾ, ਉਸਦੀ ਮੁਰਾਦ ਪੂਰੀ ਕਰਦੇ।

ਉਹ ਰੋਜ਼ ਦਵਾਖਾਨੇ ਵਿਚ ਜਾਂਦੇ ਅਤੇ ਆਪਣੇ ਹੱਥੀਂ ਦਵਾ ਦਿੰਦੇ। ਇਕ ਵਾਰ ਦੀ ਗੱਲ ਹੈ ਕਿ ਆਪ ਪਾਲਕੀ ਵਿੱਚ ਬੈਠੇ ਦਵਾਖਾਨੇ ਜਾ ਰਹੇ ਸਨ ਕਿ ਇਕ ਕੋਹੜਾ ਬ੍ਰਾਹਮਣ ਆਪ ਦੀ ਪਾਲਕੀ ਅੱਗੇ ਲੇਟ ਗਿਆ ਤੇ ਉੱਚੀ ਉੱਚੀ ਚੀਕਣ ਲੱੱਗਾ, 'ਮੈਂ ਬਹੁਤ ਦੁਖੀ ਹਾਂ, ਕ੍ਰਿਪਾ ਕਰਕੇ ਮੇਰਾ ਰੋਗ ਦੂਰ ਕਰੋ'।

ਗੁਰੂ ਜੀ ਨੇ ਉਸੇ ਵੇਲੇ ਪਾਲਕੀ ਧਰਤੀ ਤੇ ਰੱਖਣ ਲਈ ਕਿਹਾ। ਕੋਹੜੇ ਨੂੰ ਵੇਖ ਕੇ ਉਨ੍ਹਾਂ ਨੇ ਉਸ ਨੂੰ ਆਪਣਾ ਇਕ ਰੁਮਾਲ ਦਿੱਤਾ ਅਤੇ ਕੋਹੜੇ ਨੂੰ ਕਿਹਾ ਕਿ ਇਸ ਨੂੰ ਆਪਣੇ ਮੂੰਹ ਉਤੇ ਫੇਰੇ।

ਜਦ ਕੋਹੜੇ ਨੇ ਰੁਮਾਲ ਆਪਣੇ ਮੂੰਹ ਉਤੇ ਫੇਰਿਆ ਤਾਂ ਮੂੰਹ ਕਾਫੀ ਹਦ ਤਕ ਠੀਕ ਹੋ ਗਿਆ ਅਤੇ ਉਸਦੀ ਪੀੜ ਵੀ ਜਾਂਦੀ ਰਹੀ। ਗੁਰੂ ਜੀ ਦਾ ਇਹ ਚਮਤਕਾਰ ਵੇਖ ਕਈ ਪ੍ਰਕਾਰ ਦੇ ਬੀਮਾਰ ਆਪਣਾ ਦੁੱਖ ਲੈ ਕੇ ਆਉਣ ਲਗੇ।

ਗੁਰੂ ਜੀ ਸਭ ਉਤੇ ਮਿਹਰ ਕਰਦੇ ਅਤੇ ਸਭ ਰੋਗੀ ਅਰੋਗ ਹੋ ਕੇ ਘਰ ਜਾਂਦੇ। ਇਸ ਤਰ੍ਹਾਂ ਗੁਰੂ ਜੀ ਦੀ ਮਹਿਮਾ ਸੁਣ ਕੇ ਕੀਰਤਪੁਰ ਰੌਣਕਾਂ ਹੋਰ ਵੀ ਵਧ ਗਈਆਂ।

ਜਦ ਬਾਬਾ ਰਾਮਰਾਇ ਨੂੰ ਇਹ ਪਤਾ ਲੱਗਾ ਕਿ ਗੁਰੂ ਪ੍ਰੇਮੀਆਂ ਦੀ ਗਿਣਤੀ ਅਗੇ ਨਾਲੋਂ ਵੀ ਵੱਧ ਗਈ ਹੈ ਤਾਂ ਉਹ ਬਹੁਤ ਘਬਰਾਇਆ।

ਉਸ ਅਪਣੇ ਕੁਝ ਮਸੰਦਾਂ ਨੂੰ ਲਾਲਚ ਦੇ ਕੇ ਦੂਰ ਦੂਰ ਦੇ ਇਲਾਕਿਆਂ ਵਿਚ ਭੇਜਿਆ। ਉਹ ਮਸੰਦ ਪ੍ਰਚਾਰ ਕਰਨ ਲਗੇ ਕਿ ਸਭ ਸ਼ਕਤੀਆਂ ਦੇ ਮਾਲਕ ਤਾਂ ਰਾਮਰਾਇ ਹਨ, ਇਸ ਲਈ ਸਭ ਨੂੰ ਰਾਮਰਾਇ ਪਾਸ ਹੀ ਜਾਣਾ ਚਾਹੀਦਾ ਹੈ। ਉਨ੍ਹਾਂ ਲੋਕਾ ਨੂੰ ਲਾਲਚ ਵੀ ਦਿੱਤਾ ਅਤੇ ਕਈ ਪ੍ਰਕਾਰ ਦੇ ਤੋਹਫ਼ੇ ਵੀ ਭੇਂਟ ਕੀਤੇ। ਪਰ ਮਸੰਦਾਂ ਨੂੰ ਕਿਸੇ ਮੂੰਹ ਨਾ ਲਾਇਆ।

ਜੇ ਭੇਲੇਖਾ ਪਾ ਕੇ ਉਨ੍ਹਾਂ ਕੁਝ ਕਾਰ ਭੇਟਾ ਇਕੱਠੀ ਕਰ ਵੀ ਲਈ, ਪਰ ਜਦ ਸਿੱਖਾਂ ਨੂੰ ਪਤਾ ਲੱਗਾ ਕਿ ਇਹ ਮਸੰਦ ਬਾਬਾ ਰਾਮਰਾਇ ਦੇ ਹਨ ਤਾਂ ਉਨ੍ਹਾਂ ਕਾਰ ਭੇਟਾ ਵੀ ਖੋਹ ਲਈ ਅਤੇ ਮਸੰਦਾਂ ਨੂੰ ਫਿਟਕਾਰਿਆ ਵੀ।

Disclaimer Privacy Policy Contact us About us