ਦਰਬਾਰ ਦੀਆਂ ਰੋਣਕਾਂ


ਕੀਰਤਨ ਦਾ ਭੋਗ ਪੈਣ ਪਿਛੋਂ ਗੁਰੂ ਜੀ ਦਰਬਾਰ ਲਾਉਂਦੇ। ਆਪ ਜੀ ਇਸ ਤਖ਼ਤ ਉੱਤੇ ਬੈਠਦੇ ਸਨ ਉਹ ਬੜਾ ਸੁੰਦਰ ਅਤੇ ਵੇਖਣ ਯੋਗ ਸੀ।

ਦੂਰ ਦੂਰ ਤੋਂ ਆਈਆਂ ਸੰਗਤਾਂ ਦਰਬਾਰ ਵਿਚ ਆ ਜੁੜਦੀਆਂ। ਗੁਰੂ ਜੀ ਸਭ ਦੀਆਂ ਬੇਨਤੀਆਂ ਨੂੰ ਸੁਣਦੇ ਅਤੇ ਬਖ਼ਸ਼ਿਸ਼ਾਂ ਕਰਦੇ। ਕੋਈ ਵੀ ਖਾਲੀ ਨਾ ਜਾਂਦਾ। ਸ਼ਰਧਾਲੂ ਕਈ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਹਾਜ਼ਰ ਹੁੰਦੇ ਸਨ।

ਗੁਰੂ ਜੀ ਨੇ ਇਹ ਹੁਕਮ ਦੇ ਰੱਖਿਆ ਸੀ ਕਿ ਸੁੱਕੀ ਰਸਦ ਨੂੰ ਲੰਗਰ ਵਿਚ ਪਾਇਆ ਜਾਵੇ ਅਤੇ ਬਸਤਰ ਆਦਿ ਗਰੀਬਾਂ ਵਿਚ ਵੰਡ ਦਿੱਤੇ ਜਾਣ। ਕਿਸੇ ਨੂੰ ਵੀ ਕੋਈ ਵਸਤੂ ਆਪਣੇ ਵਾਸਤੇ ਜਾਂ ੳਗਲੇ ਦਿਨ ਵਾਸਤੇ ਰੱਖਣ ਦੀ ਆਗਿਆ ਨਹੀਂ ਸੀ।

ਆਪ ਜੀ ਦੇ ਚਿਹਰੇ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ। ਜਦ ਵੀ ਆਪ ਮੁਸਕਰਾਉਂਦੇ ਸਨ ਤਾਂ ਚਾਰੇ ਪਾਸੇ ਸ਼ਾਂਤੀ ਰਸ ਦਾ ਪਸਾਰਾ ਖਿਲਰ ਜਾਂਦਾ ਸੀ।

ਆਪ ਜੀ ਦੇ ਦਰਬਾਰ ਦੀ ਇਹ ਵੀ ਮਹਿਮਾ ਸੀ ਕਿ ਦਰਬਾਰ ਦੇ ਬਾਹਰ ਹਰ ਸਮੇਂ ਨਗਾਰੇ ਦੀ ਆਵਾਜ਼ ਗੂੰਜਦੀ ਰਹਿੰਦੀ ਸੀ।

ਗੁਰੂ ਜੀ ਦੀ ਮਹਿਮਾ ਨੂੰ ਸੁਣ ਕੇ ਮੁਸਲਮਾਨ ਪੀਰ ਫ਼ਕੀਰ ਵੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੇ ਰਹਿੰਦੇ ਸਨ।

ਇਕ ਰੌਸ਼ਨ ਜ਼ਮੀਰ ਨਾਂ ਦਾ ਮੁਸਲਮਾਨ ਫ਼ਕੀਰ ਆਪ ਦਾ ਬੜਾ ਸ਼ਰਧਾਲੂ ਸੀ ਅਤੇ ਨਿੱਤ ਦਰਸ਼ਨਾਂ ਨੂੰ ਆਇਆ ਕਰਦਾ ਸੀ।

ਰੋਪੜ ਦੇ ਤਿੰਨ ਪ੍ਰਸਿੱਧ ਫ਼ਕੀਰ ਨੂਰਦੀਨ, ਮੁੰਹਮਦ ਬਖ਼ਸ਼ ਅਤੇ ਮਾਲਾ ਸ਼ੇਖ ਜਦ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਏ ਤਾਂ ਗੁਰੂ ਜੀ ਦੇ ਹੀ ਹੋ ਕੇ ਰਹਿ ਗਏ ਤੇ ਸਦਾ ਲਈ ਕੀਰਤਪੁਰ ਹੀ ਟਿਕ ਗਏ।

ਇਕ ਵਾਰ ਪਿਸ਼ਾਵਰ ਦੇ ਉੱਤਰ ਪੱਛਮੀ ਇਲਾਕੇ ਦੀ ਸੰਗਤ ਇਕ ਜੱਥੇ ਦੇ ਰੂਪ ਵਿਚ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ।

ਇਸ ਸੰਗਤ ਦੇ ਨਾਲ ਇਕ ਪੇਸ਼ਾਵਰ ਚੋਰ ਜਸਵੰਤ ਰਾਇ ਵੀ ਆਇਆ। ਉਸ ਨੂੰ ਸੰਗਤਾਂ ਵਲੋਂ ਪਤਾ ਲਗਾ ਸੀ ਕਿ ਗੁਰੂ ਜੀ ਪਾਸ ਕਿਸੇ ਚੀਜ਼ ਦੀ ਤੋਟ ਨਹੀਂ। ਹਰ ਵੇਲੇ ਖ਼ਜ਼ਾਨੇ ਭਰੇ ਰਹਿੰਦੇ ਹਨ।

ਉਸ ਨੇ ਸੋਚਿਆ ਕਿ ਉਥੇ ਚੋਰੀ ਕਰਨ ਵਾਸਤੇ ਬਹੁਤ ਮਾਲ ਪ੍ਰਾਪਤ ਹੋਵੇਗਾ। ਸੰਗਤਾਂ ਗੁਰੂ ਦਰਬਾਰ ਪੁੱਜ ਕੇ ਗੁਰੂ ਜੀ ਅੱਗੇ ਭੇਟ ਰੱਖ ਕੇ ਮੱਥਾ ਟੇਕਦੀਆਂ ਗਈਆਂ। ਗੁਰੂ ਜੀ ਸਭ ਨੂੰ ਅਸ਼ੀਰਵਾਦ ਦਿੰਦੇ ਗਏ।

ਜਦ ਜਸਵੰਤ ਰਾਇ ਚੋਰ ਮੱਥਾ ਟੇਕਣ ਆਇਆ ਤਾਂ ਗੁਰੂ ਜੀ ਨੇ ਉਸ ਵੱਲ ਬੜੇ ਗਹੁ ਨਾਲ ਵੇਖ ਕੇ ਫ਼ੁਰਮਾਇਆ –

'ਚੋਰ ਕੀ ਹਾਮਾ ਭਰੇ ਨ ਕੋਇ॥ ਚੋਰੁ ਕੀਆ ਚੰਗਾ ਕਿਉ ਹੋਇ॥'

ਜਦ ਚੋਰ ਜਸਵੰਤ ਰਾਇ ਨੇ ਅਸ਼ੀਰਵਾਦ ਦੀ ਥਾਂ ਗੁਰੂ ਜੀ ਦੇ ਇਹ ਬਚਨ ਸੁਣੇ ਤਾਂ ਉਹ ਉੱਚੀ ਉੱਚੀ ਰੋਣ ਲੱਗ ਪਿਆ।

ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਰੋਣ ਦੀ ਲੋੜ ਨਹੀਂ, ਚੋਰੀ ਦੀ ਆਦਤ ਨੂੰ ਛੱਡ ਦੇ। ਚੋਰ ਦੀ ਸਮਾਜ ਵਿਚ ਕੋਈ ਕਦਰ ਨਹੀਂ ਹੁੰਦੀ। ਉਸਨੂੰ ਕੋਈ ਵੀ ਚੰਗਾ ਨਹੀਂ ਸਮਝਦਾ।

ਜਸਵੰਤ ਰਾਇ ਨੇ ਗੁਰੂ ਜੀ ਸਾਹਮਣੇ ਹੱਥ ਜੋੜ ਕੇ ਪ੍ਰਣ ਕੀਤਾ ਕਿ ਉਹ ਫਿਰ ਕਦੀ ਚੋਰੀ ਨਹੀਂ ਕਰੇਗਾ ਅਤੇ ਆਪਣੇ ਹੱਥੀਂ ਕਾਰ ਕਰਕੇ ਖਾਏਗਾ।

ਉਨ੍ਹਾਂ ਦਿਨਾਂ ਵਿਚ ਹੀ ਇਕ ਗੇਂਦਾ ਮਲ ਨਾਂ ਦਾ ਜੁਆਰੀਆ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਉਸ ਨੂੰ ਜੂਆਂ ਖੇਡਣ ਅਤੇ ਸ਼ਰਾਬ ਪੀਣ ਦੀ ਆਦਤ ਸੀ। ਉਸ ਨੇ ਕਈ ਵਾਰ ਯਤਨ ਕੀਤਾ ਕਿ ਇਸ ਬੀਮਾਰੀ ਤੋਂ ਛੁਟਕਾਰਾ ਪਾ ਸਕੇ ਪਰ ਉਹ ਇਸ ਤੋਂ ਛੁਟਕਾਰਾ ਨਹੀਂ ਸੀ ਪਾ ਸਕਿਆ।

ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਹਰ ਵਿਅਕਤੀ ਦੀ ਮਨੋਕਾਮਨਾ ਪੂਰੀ ਕਰਦੇ ਹਨ। ਉਸ ਨੇ ਵੀ ਗੁਰੂ ਜੀ ਦੇ ਚਰਨਾਂ ਉਤੇ ਮੱਥਾ ਟੇਕਿਆ ਅਤੇ ਸਿਰ ਉੱਤੇ ਮਿਹਰ ਦਾ ਹੱਥ ਰੱਖਣ ਦੀ ਬੇਨਤੀ ਕੀਤੀ।

ਗੁਰੂ ਜੀ ਉਸ ਦੇ ਦਿਲ ਦੀ ਗੱਲ ਨੂੰ ਜਾਣ ਗਏ ਸਨ। ਗੁਰੂ ਜੀ ਨੇ ਉਸ ਨੂੰ ਆਪਣੀ ਮਿਹਰ ਭਰੀ ਨਜ਼ਰ ਨਾਲ ਵੇਖਦੇ ਹੋਏ ਕਿਹਾ,

'ਸਿਰ ਨਿਵਾਉਣ ਨਾਲ ਕੀ ਹੁੰਦਾ ਹੈ ਜੇ ਤੇਰੇ ਦਿਲ ਵਿਚ ਮੈਲ ਭਰੀ ਪਈ ਹੈ। ਜੁਆ ਅਤੇ ਸ਼ਰਾਬ ਜੇਹਿਆਂ ਭੈੜਿਆਂ ਇਲਤਾਂ ਨੁੰ ਛੱਡ ਦੇਵੋ ਅਤੇ ਪ੍ਰਭੂ ਦੇ ਨਾਮ ਦਾ ਸਿਮਰਨ ਕਰੋ, ਫਿਰ ਉਹ ਪ੍ਰਭੂ ਤੁਹਾਡੇ ਤੇ ਹਰ ਪ੍ਰਕਾਰ ਦੀ ਮਿਹਰ ਕਰੇਗਾ'।

Disclaimer Privacy Policy Contact us About us