ਰਾਮਰਾਇ ਦੀ ਦਰਖਾਸਤ


ਜਦੋਂ ਰਾਮ ਰਾਇ ਸਿੱਖਾਂ ਨੂੰ ਭੁਚਲਾਉਣ ਤੇ ਗੁਰਤਾ ਦੀ ਝੂਠੀ ਦੁਕਾਨ ਚਲਾਉਣ ਵਿਚ ਸਫਲ ਨਾ ਹੋਇਆ ਤਾਂ ਉਹ ਨੱਸਿਆ ਨੱਸਿਆ ਦਿੱਲੀ ਪਹੁੰਚਿਆ ਤੇ ਬਾਦਸ਼ਾਹ ਔਰੰਗਜ਼ੇਬ ਅੱਗੇ ਜਾ ਫਰਿਆਦ ਕੀਤੀ।

ਉਹ ਸੋਚਦਾ ਸੀ ਕਿ ਔਰੰਗਜ਼ੇਬ ਮੇਰੇ ਤੇ ਮਿਹਰਬਾਨ ਹੈ ਕਿਉਂਕਿ ਮੈਂ ਅਪਣੀ ਚਾਤਰੀ ਨਾਲ ਉਸ ਨੂੰ ਖ਼ੁਸ਼ ਕੀਤਾ ਹੋਇਆ ਹੈ। ਉਹ ਜ਼ਰੂਰ ਮੇਰੀ ਮਦਦ ਕਰੇਗਾ।

ਉਸ ਨੇ ਬਾਦਸ਼ਾਹ ਵਲ ਦਰਖ਼ਾਸਤ ਲਿਖੀ ਕਿ ਮੈਂ ਗੁਰੂ ਹਰਿ ਰਾਇ ਸਾਹਿਬ ਦਾ ਜੇਠਾ ਪੁੱਤਰ ਹਾਂ। ਬਾਪ ਤੋਂ ਬਾਅਦ ਗੁਰ ਗੱਦੀ ਤੇ ਮੇਰਾ ਹੱਕ ਬਣਦਾ ਹੈ, ਉਹ ਮੈਨੂੰ ਦਿੱਤੀ ਜਾਣੀ ਚਾਹੀਦੀ ਸੀ।

ਪਰ ਮੇਰੀ ਹੱਕ ਤਲਫ਼ੀ ਕਰਕੇ ਮੇਰੇ ਛੋਟੇ ਭਰਾ ਨੂੰ ਜਿਹੜਾ ਅਜੇ ਪੂਰੀ ਤਰ੍ਹਾਂ ਨਾਬਾਲਗ਼ ਹੈ, ਗੁਰੂ ਥਾਪ ਦਿੱਤਾ ਗਿਆ ਹੈ। ਮੇਰਾ ਕਸੂਰ ਸਿਰਫ਼ ਇਹੋ ਹੈ ਕਿ ਮੈਂ ਆਪ ਦਾ ਤਾਬੇਦਾਰ ਤੇ ਵਫ਼ਾਦਾਰ ਹਾਂ।

ਮੇਰੇ ਪਿਤਾ ਜੀ ਆਪ ਦੇ ਖ਼ਿਲਾਫ ਸਨ। ਉਨ੍ਹਾਂ ਨੇ ਸਹੁੰ ਖਾਧੀ ਹੋਈ ਸੀ ਕਿ ਆਪ ਦੇ ਮੱਥੇ ਨਹੀਂ ਲੱਗਣਾ। ਇਸ ਕਰਕੇ ਆਪ ਦੇ ਬੁਲਾਉਣ ਤੇ ਉਹ ਆਪ ਨਹੀਂ ਆਏ ਤੇ ਆਪਣੀ ਥਾਂ ਮੈਨੂੰ ਦਿੱਲੀ ਭੇਜ ਦਿੱਤਾ।

ਹੁਣ ਜੋਤੀ ਜੋਤ ਸਮਾਉਣ ਸਮੇਂ ਉਹ ਮੇਰੇ ਛੋਟੇ ਭਰਾ ਨੂੰ ਵੀ ਇਹੀ ਹੁਕਮ ਦੇ ਗਏ ਹਨ ਕਿ ਉਹ ਆਪ ਦਾ ਮੂੰਹ ਨਾ ਵੇਖੇ ਤੇ ਕਿਸੇ ਪ੍ਰਕਾਰ ਦਾ ਆਪ ਨਾਲ ਸਹਿਯੋਗ ਨਾ ਕਰੇ।

ਮੇਰੀ ਦਰਖ਼ਾਸਤ ਹੈ ਕਿ ਮੇਰੇ ਛੋਟੇ ਭਰਾ ਨੂੰ ਆਪਣੇ ਹਜ਼ੂਰ ਬੁਲਾ ਕੇ ਮਜਬੂਰ ਕੀਤਾ ਜਾਏ ਕਿ ਉਹ ਮੇਰਾ ਹੱਕ ਮੇਰੇ ਹਵਾਲੇ ਕਰੇ ਤੇ ਗੁਰ ਗੱਦੀ ਤੋਂ ਹਟ ਜਾਏ।

Disclaimer Privacy Policy Contact us About us