ਰਾਮਰਾਇ ਦੀ ਦਰਖਾਸਤ ਰੱਦ


ਰਾਮ ਰਾਇ ਦੀ ਦਰਖਾਸਤ ਨੂੰ ਪੜ੍ਹ ਕੇ ਔਰੰਗਜ਼ੇਬ ਦਿਲ ਵਿਚ ਬੜਾ ਖ਼ੁਸ਼ ਹੋਇਆ ਕਿ ਹੁਣ ਗੁਰੂ ਘਰ ਮੇਰੀ ਮੁੱਠ ਵਿਚ ਆ ਜਾਵੇਗਾ।

ਪਰ ਉਸ ਨੇ ਰਾਮ ਰਾਇ ਨੂੰ ਹੋਰ ਪੱਕਾ ਕਰਨ ਲਈ ਉਤੋਂ ਉਸ ਨੂੰ ਸਲਾਹ ਦਿੱਤੀ ਕਿ ਉਹ ਗੱਦੀ ਦੇ ਝਗੜੇ ਵਿਚ ਨਾ ਪਵੇ।

ਉਸ ਕੋਲ ਹਕੂਮਤ ਦੀ ਬਖ਼ਸ਼ੀ ਹੋਈ ਜਾਗੀਰ ਹੈ, ਉਹ ਸੁੱਖ ਨਾਲ ਜ਼ਿੰਦਗੀ ਬਿਤਾਏ ਤੇ ਛੋਟੇ ਭਰਾ ਨਾਲ ਵਾਦ ਨਾ ਵਧਾਏ।

ਪਰ ਜਿਹਾ ਕਿ ਉਮੀਦ ਸੀ, ਰਾਮ ਰਾਇ ਨਾ ਮੰਨਿਆ, ਉਹ ਆਪਣੀ ਜ਼ਿੱਦ ਤੇ ਅੜਿਆ ਰਿਹਾ।

ਔਰੰਗਜ਼ੇਬ ਲੂਮੜ ਵਾਂਗ ਚਾਲਾਕ ਤੇ ਚਾਲਬਾਜ਼ ਸੀ। ਉਹ ਤਾਂ ਆਪ ਹੀ ਇਹ ਚਾਹੁੰਦਾ ਸੀ ਕਿ ਗੁਰ ਗੱਦੀ ਉੱਤੇ ਕੋਈ ਅਜਿਹਾ ਬੰਦਾ ਕਾਬਜ਼ ਹੋਵੇ ਜਿਹੜਾ ਮੇਰਾ ਵਫ਼ਾਦਾਰ ਹੋਵੇ ਤੇ ਮੇਰੇ ਇਸ਼ਾਰੇ ਉੱਤੇ ਚਲੇ।

ਉਹ ਜਾਣਦਾ ਸੀ ਕਿ ਸਿੱਖ ਗੁਰੂਆਂ ਦਾ ਆਪਣੇ ਸਿੱਖਾਂ ਦਾ ਘੇਰਾ ਬੜਾ ਚੁੜੇਰਾ ਹੋਇਆ ਹੈ। ਸਿੱਖਾਂ ਤੋਂ ਅਲਾਵਾ ਲੱਖਾ ਹਿੰਦੂ ਤੇ ਮੁਸਲਮਾਨ ਵੀ ਗੁਰੂ ਘਰ ਵਲ ਸ਼ਰਧਾ ਰਖਦੇ ਹਨ।

ਗੁਰੂਆਂ ਦੇ ਪ੍ਰਚਾਰ ਸਦਕਾ ਪੰਜਾਬ ਵਿਚ ਇਸਲਾਮ ਦਾ ਫੈਲਾਅ ਰੁਕ ਗਿਆ ਹੈ। ਹੁਣ ਜਦ ਕਿ ਗੁਰ ਗਦੀ ਉਪਰ ਇਕ ਅੰਞਾਣ ਬਾਲਕ ਬੈਠਾ ਹੈ ਤੇ ਬਾਲਗ ਦਾਵੇਦਾਰ ਹਕੂਮਤ ਦਾ ਤਾਬੇਦਾਰ ਹੈ ਤਾਂ ਮੌਕੇ ਦਾ ਫ਼ਾਇਦਾ ਉਠਾ ਕੇ ਗੁਰੂ ਘਰ ਨੂੰ ਕਮਜ਼ੋਰ ਕਰਨਾ ਚਾਹੀਦਾ ਹੈ ਜਿਸ ਨਾਲ ਲੋਕਾਂ ਵਿਚ ਇਸ ਦਾ ਅਸਰ ਪ੍ਰਭਾਵ ਘਟ ਜਾਵੇ।

ਜਦੋਂ ਪ੍ਰੇਰਨਾ ਦਾ ਸੋਮਾ ਸੁੱਕ ਜਾਏਗਾ ਤਾਂ ਸਿੱਖ ਮਾਯੂਸ ਹੋ ਕੇ ਇਸਲਾਮ ਵਿਚ ਆ ਜਾਣਗੇ। ਹਿੰਦੂ ਤਾਂ ਅਗੇ ਹੀ ਮੁਰਦਾ ਹੋਏ ਹਨ। ਸਿੱਖ ਗੁਰੂਆਂ ਦੇ ਆਸਰੇ ਹੀ ਉਹ ਹੁਣ ਤੀਕ ਆਪਣੇ ਢਕਿਆਨੂਸੀ ਮਜ਼ਹਬ ਨਾਲ ਚਿਪਕੇ ਹੋਏ ਹਨ।

ਜਦੋਂ ਇਹ ਆਸਰਾ ਖ਼ਤਮ ਹੋ ਜਾਏਗਾ ਤਾਂ ਉਹ ਸਭ ਦੇ ਸਭ ਦੀਨ ਇਸਲਾਮ ਕਬੂਲ ਕਰ ਲੈਣਗੇ ਤੇ ਮੇਰਾ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਝੰਡੇ ਹੇਠ ਲਿਆਉਣ ਦਾ ਸੁਪਨਾ ਪੂਰਾ ਹੋ ਜਾਏਗਾ।

ਐਸੀ ਸੋਚ ਸੋਚ ਕੇ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਬੁਲਾ ਭੇਜਣ ਦਾ ਫ਼ੈਸਲਾ ਕਰ ਲਿਆ।

Disclaimer Privacy Policy Contact us About us