ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਸਦਣਾ


ਇਧਰ ਰਾਮ ਰਾਇ ਆਪਣੀ ਕੁਟਿਲ ਚਾਲ ਚਲ ਰਿਹਾ ਸੀ। ਉਸ ਨੂੰ ਪਤਾ ਸੀ ਕਿ ਉਸ ਦੇ ਪਿਤਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਔਰੰਗਜ਼ੇਬ ਦੇ ਮੱਥੇ ਨਾ ਲਗਣ ਦਾ ਨਿਰਣਾ ਲਿਆ ਹੋਇਆ ਸੀ ਤੇ ਹੁਣ ਜੋਤੀ ਜੋਤ ਸਮਾਉਣ ਸਮੇਂ ਗੁਰੂ ਹਰਿਕ੍ਰਿਸ਼ਨ ਨੂੰ ਵੀ ਇਸੇ ਨਿਰਣੇ ਅਨੁਸਾਰ ਚਲਣ ਦਾ ਆਦੇਸ਼ ਦੇ ਗਏ ਹਨ।

ਰਾਮ ਰਾਇ ਦੀ ਚਾਲ ਇਹ ਸੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਦਸ਼ਾਹ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਦਿੱਲੀ ਨਾ ਆਏ ਤਾ ਮੈਨੂੰ ਬਾਦਸ਼ਾਹ ਨੂੰ ਭੜਕਾਉਣ ਦਾ ਮੌਕਾ ਮਿਲ ਜਾਏਗਾ ਕਿ ਗੁਰੂ ਆਪ ਤੋਂ ਬਾਗ਼ੀ ਹੋ ਗਿਆ ਹੈ।

ਉਸ ਨੂੰ ਜ਼ੋਰੀ ਫੜ ਮੰਗਵਾਇਆ ਜਾਏ ਤੇ ਹਕੂਮਤ ਦੇ ਬਾਗ਼ੀਆਂ ਵਾਲਾ ਸਲੂਕ ਕੀਤਾ ਜਾਵੇ ਤੇ ਜੇਕਰ ਗੁਰੂ ਸ਼ਾਹੀ ਹੁਕਮ ਤੋਂ ਡਰਦਾ ਦਿੱਲੀ ਆ ਕੇ ਔਰੰਗਜ਼ੇਬ ਨੂੰ ਮਿਲਿਆ।

ਤਾਂ ਮੈ ਸਿੱਖਾਂ ਵਿਚ ਇਹ ਪਰਚਾਰ ਕਰਾਵਾਂਗਾ ਕਿ ਉਸ ਨੁ ਗੁਰੂ ਪਿਤਾ ਦੀ ਆਗਿਆ ਭੰਗ ਕੀਤੀ ਹੈ।

ਇਸ ਨਾਲ ਸਿੱਖਾਂ ਵਿਚ ਉਸ ਦਾ ਸਤਿਕਾਰ ਘਟ ਜਾਵੇਗਾ ਤੇ ਮੇਰਾ ਦਾਅ ਲਗ ਜਾਵੇਗਾ। ਇਹ ਵੀ ਹੋ ਸਕਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਗ੍ਰਿਫ਼ਤਾਰੀ ਦੇ ਡਰੋਂ ਕੀਰਤਪੁਰ ਛੱਡ ਕੇ ਨੱਸ ਜਾਵੇ। ਤਦ ਮੈਂ ਕੀਰਤਪੁਰ ਉੱਤੇ ਕਬਜ਼ਾ ਕਰ ਲਵਾਂਗਾ ਤੇ ਗੁਰ ਗੱਦੀ ਸਾਂਭ ਲਵਾਂਗਾ।

ਪਰ ਔਰੰਗਜ਼ੇਬ ਗੁਰੂ ਹਰਿ ਰਾਇ ਜੀ ਦੇ ਪ੍ਰਣ ਤੋਂ ਜਾਣੂੰ ਸੀ ਤੇ ਉਸ ਨੂੰ ਇਹ ਵੀ ਪਤਾ ਸੀ ਕਿ ਉਹ ਆਪਣੇ ਜਾਨਸ਼ੀਨ ਗੁਰੂ ਹਰਿਕ੍ਰਿਸ਼ਨ ਜੀ ਨੂੰ ਵੀ ਇਹੀ ਆਗਿਆ ਕਰ ਗਏ ਹਨ।

ਇਸ ਲਈ ਗੁਰੂ ਹਰਿਕ੍ਰਿਸ਼ਨ ਜੀ ਮੇਰੇ ਹੁਕਮ ਤੇ ਦਿੱਲੀ ਨਹੀਂ ਆਉਣ ਲਗੇ ਤੇ ਜ਼ੋਰ ਜਬਰ ਕਰਨ ਨਾਲ ਸਿੱਖਾਂ ਵਿਚ ਵਿਅਰਥ ਹੀ ਗੁੱਸਾ ਤੇ ਜੋਸ਼ ਪੈਦਾ ਹੋਵੇਗਾ।

ਇਸ ਲਈ ਗੁਰੂ ਜੀ ਨੰ ਬੁਲਾਉਣ ਵਾਸਤੇ ਕੋਈ ਦੂਜਾ ਢੰਗ ਵਰਤਣਾ ਚਾਹੀਦਾ ਹੈ ਜਿਸ ਨਾਲ ਬਿਨਾਂ ਭੜਕਾਹਟ ਪੈਦਾ ਹੋਏ ਕੰਮ ਨਿਕਲ ਆਵੇ।

ਅਜਿਹਾ ਸੋਚ ਕੇ ਔਰੰਗਜ਼ੇਬ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਬੁਲਾਇਆ ਤੇ ਉਸ ਨੂੰ ਸਾਰੀ ਗੱਲ ਸਮਝਾ ਕੇ ਕਿਹਾ ਕਿ ਤੁਸੀਂ ਆਪਣੇ ਵਲੋਂ ਗੁਰੂ ਹਰਿਕ੍ਰਿਸ਼ਨ ਨੂੰ ਆਪਣੇ ਘਰ ਆਉਣ ਦਾ ਸੱਦਾ ਦਿਉ।

ਰਾਜਾ ਜੈ ਸਿੰਘ ਹਕੂਮਤ ਦਾ ਵਫ਼ਾਦਾਰ ਪਦਵੀਦਾਰ ਸੀ। ਔਰੰਗਜ਼ੇਬ ਹਿੰਦੂਆਂ ਦੇ ਮਾਮਲੇ ਵਿਚ ਸਦਾ ਉਸ ਤੋਂ ਕੰਮ ਲਿਆ ਕਰਦਾ ਸੀ। ਉਸ ਨੇ ਆਪਣੇ ਵਲੋਂ ਗੁਰੂ ਜੀ ਨੂੰ ਦਰਸ਼ਨ ਦੇਣ ਦੀ ਬੇਨਤੀ ਲਿਖ ਭੇਜੀ।

ਇਸ ਦੇ ਨਾਲ ਹੀ ਦਿੱਲੀ ਦੇ ਸਿੱਖਾਂ ਨੇ ਵੀ ਗੁਰੂ ਜੀ ਵਲ ਬੇਨਤੀ ਪੱਤਰ ਲਿਖ ਭੇਜਿਆ ਕਿ ਗੁਰੂ ਘਰ ਦਾ ਦੋਸ਼ੀ ਰਾਮ ਰਾਇ ਬਾਦਸ਼ਾਹ ਨਾਲ ਮਿਲ ਕੇ ਕਈ ਪ੍ਰਕਾਰ ਦੀਆਂ ਸਾਜ਼ਸ਼ਾਂ ਕਰ ਰਿਹਾ ਹੈ। ਇਨ੍ਹਾਂ ਨੂੰ ਅਸਫਲ ਕਰਨ ਲਈ ਆਪ ਇਕ ਵਾਰ ਜ਼ਰੂਰ ਦਿੱਲੀ ਆਉ।

Disclaimer Privacy Policy Contact us About us