ਮੱਕਾ ਫੇਰਨਾ


ਚੌਥੀ ਉਦਾਸੀ ਜੋਂ ਪੰਜ ਸਾਲ ਤਕ ਚਲੀ, ਗੁਰੂ ਨਾਨਕ ਦੇਵ ਜੀ ਪੱਛਮੀ ਏਸ਼ੀਆਂ ਦੇ ਇਸਲਾਮੀ ਕੇੰਦਰ ਮੱਕਾ ਸ਼ਰੀਫ ਤਕ ਗਏ। ਮੱਕਾ ਸ਼ਰੀਫ ਦੀ ਯਾਤਰਾ ਨੂੰ ਹੱਜ ਕਿਹਾ ਜਾਂਦਾ ਹੈ ਅਤੇ ਯਾਤਰੀ ਹਾਜੀ ਅਖਵਾਉਂਦੇ ਹਨ। ਮੱਕਾ ਸ਼ਰੀਫ ਵਿਚ ਕਿਸੇ ਗ਼ੈਰ ਮੁਸਲਿਮ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ, ਇਸ ਲਈ ਗੁਰੂ ਜੀ ਨੇ ਮੁਸਲਮਾਨ ਹਾਜੀਆਂ ਵਾਲਾ ਪਹਿਰਾਵਾ ਧਾਰਨ ਕਰ ਲਿਆ। ਆਪ ਨੇ ਨੀਲੇ ਵਸਤਰ ਪਹਿਨ ਲਏ।

ਕਰਤਾਰਪੁਰ ਤੋਂ ਭਾਈ ਮਰਦਾਨਾ ਨਾਲ ਰਵਾਨਾ ਹੋ ਕੇ ਆਪ ਤਲਵੰਡੀ ਪੁਜੇ। ਸਿੰਧ ਤੋਂ ਆਪ ਹਾਜੀਆਂ ਦੀ ਇਕ ਜਮਾਤ ਨਾਲ ਰਲ ਕੇ ਮੱਕੇ ਜਾ ਪੁਜੇ। ਗੁਰੂ ਜੀ ਬਹੁਤ ਥੱਕ ਚੁਕੇ ਸਨ। ਕਾਅਬਾ ਰੱਬ ਦਾ ਘਰ ਮੰਨਿਆ ਜਾਂਦਾ ਸੀ ਤੇ ਉਸ ਵਲ ਪੈਰ ਕਰ ਕੇ ਲੇਟਣਾ ਵੱਡੀ ਬੇਅਦਬੀ ਸਮਝੀ ਜਾਂਦੀ ਸੀ।

ਜਦੋਂ ਲੋਕਾਂ ਨੇ ਇਕ ਅਨੋਖੇ ਪਹਿਰਾਵੇ ਵਾਲੇ ਫ਼ਕੀਰ ਨੂੰ ਰੱਬ ਦੇ ਘਰ ਵਲ ਪੈਰ ਪਸਾਰ ਕੇ ਸੁੱਤਾ ਵੇਖਿਆ ਤਾਂ ਉਹ ਗੁੱਸੇ ਨਾਲ ਲਾਲੋ ਲਾਲ ਹੋ ਉੱਠੇ। ਉਹਨਾਂ ਨੇ ਗੁਰੂ ਜੀ ਨੁੰ ਚਾਰੇ ਪਾਸਿਉਂ ਘੇਰ ਲਿਆ ਤੇ ਲੱਗੇ ਰੌਲਾ ਪਾਉਣ। ਸ਼ੋਰ ਸ਼ਰਾਬਾ ਸੁਣ ਕੇ ਕਾਅਬੇ ਦਾ ਵੱਡਾ ਕਾਜ਼ੀ ਵੀ ਉਥੇ ਪਹੁੰਚ ਗਿਆ।

ਉਸ ਨੇ ਗੁਰੂ ਜੀ ਦਬਕਾਇਆ, 'ੳ ਕਾਫ਼ਰਾ! ਕਾਅਬੇ ਵਲ ਪੈਰ ਕਿਉਂ ਕੀਤੇ ਨੀ?' ਗੁਰੂ ਜੀ ਨੇ ਸਹਿਜੇ ਜਿਹੇ ਨੈਣ ਖੋਲ੍ਹੇ ਤੇ ਕਿਹਾ, 'ਕਾਜ਼ੀ ਜੀ! ਰੱਬ ਤਾਂ ਹਰ ਪਾਸੇ ਵਸਿਆ ਹੋਇਆ ਹੈ। ਜੇ ਤੁਸੀਂ ਕਾਅਬੇ ਵਲ ਪੈਰ ਕਰਨ ਤੇ ਨਾਰਾਜ਼ ਹੋ ਤਾਂ ਜਿਸ ਪਾਸੇ ਰੱਬ ਦਾ ਘਰ ਨਹੀਂ, ਸਾਡੇ ਪੈਰ ਉਸੇ ਪਾਸੇ ਕਰ ਦਿਉ।'

ਕਾਜ਼ੀ ਨੇ ਗੁਰੂ ਜੀ ਦੇ ਪੈਰ ਘਸੀਟ ਕੇ ਕਾਅਬੇ ਦੇ ਦੂਜੇ ਪਾਸੇ ਕਰ ਦਿੱਤੇ ਪਰ ਜਿਵੇਂ ਹੀ ਉਸ ਨੇ ਸਿਰ ਚੁਕਿਆ ਤਾਂ ਕੀ ਵੇਖਦਾ ਹੈ ਕਿ ਜਿਸ ਪਾਸੇ ਉਸ ਨੇ ਗੁਰੂ ਜੀ ਦੇ ਪੈਰ ਕੀਤੇ ਹਨ, ਕਾਅਬਾ ਉਸੇ ਪਾਸੇ ਖੜਾ ਹੈ। ਕਾਜ਼ੀ ਨੇ ਮੁੜ ਪੈਰ ਫੜੇ ਤੇ ਉਹਨਾਂ ਨੂੰ ਹੋਰ ਪਾਸੇ ਘੂਮਾਇਆ ਪਰ ਉਸ ਨੂੰ ਤੇ ਬਾਕੀ ਸਭਨਾਂ ਹਾਜਿਆਂ ਨੂੰ ਕਾਅਬਾ ਉਸੇ ਪਾਸੇ ਵਿਖਾਈ ਦੇਣ ਲੱਗਾ। ਸਾਰੇ ਲੋਕ ਹੱਕੇ ਬੱਕੇ ਹੋ ਕੇ ਇਕ ਦੂਜੇ ਦਾ ਮੂੰਹ ਤੱਕਣ ਲੱਗੇ।

ਤਦ ਗੁਰੁ ਜੀ ਨੇ ਕਾਜ਼ੀ ਨੂੰ ਕਿਹਾ, 'ਹੁਣ ਤਾਂ ਤੂਹਾਨੂੰ ਸਾਬਤ ਹੋ ਗਿਆ ਹੈ ਨਾ ਕਿ ਰੱਬ ਦਾ ਘਰ ਹਰ ਪਾਸੇ ਹੈ। ਮੁਕੱਦਮ ਕੁਰਾਨ ਵਿਚ ਵੀ ਲਿਖਿਆ ਹੈ ਕਿ ਅੱਲਾ ਪੂਰਬ ਵਿਚ ਵੀ ਹੈ ਤੇ ਪੱਛਮ ਵਿਚ ਵੀ ਹੈ। ਇਨਸਾਨ ਜਿਸ ਪਾਸੇ ਵਲ ਮੂੰਹ ਕਰੇ ਉਧਰ ਹੀ ਅੱਲਾ ਦਾ ਮੂੰਹ ਹੈ। ਤੁਸਾਂ ਹਜ਼ਰਤ ਮੁਹੰਮਦ ਸਾਹਿਬ ਦੇ ਬਚਨ ਭੁਲਾ ਦਿੱਤੇ ਹਨ। ਸੋਚ ਲਉ ਕਿ ਕਾਫ਼ਰ ਤੁਸੀਂ ਹੋਏ ਕਿ ਮੈਂ?'

ਇਹ ਕੌਤਕ ਦੇਖ ਕੇ ਸਭ ਦੇ ਕਪਾਟ ਖੁਲ੍ਹ ਗਏ। ਉਨਾਂ ਦੇ ਦਿਲ ਵਿਚ ਇਹ ਭਰਮ ਨਿਕਲ ਗਿਆ ਕਿ ਖ਼ੁਦਾ ਕੇਵਲ ਇਕ ਖ਼ਾਸ ਦਿਸ਼ਾ ਵਲ ਹੀ ਹੈ। ਭਾਈ ਗੁਰਦਾਸ ਜੀ ਨੇ ਇਸ ਘਟਨਾ ਨੂੰ ਇਸ ਤਰ੍ਹਾਂ ਬਿਆਨਿਆ ਹੈ :
ਟੰਗੋ ਪਕੜਿ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ।
ਜਾ ਬਾਬਾ ਸੁਤਾ ਰਾਤਿ ਨੋ ਵਲਿ ਮਹਰਾਬੇ ਪਾਇ ਪਸਾਰੀ।
ਹੋਇ ਹੈਰਾਨੁ ਕਰੇਨਿ ਜੁਹਾਰੀ॥੩੨॥ (ਵਾਰ ੧)

Disclaimer Privacy Policy Contact us About us